ਨਹੀਂ ਭੁੱਲਦਾ ਰੇਡੀਓ ਸ਼ਿਮਲਾ

ਡਾ ਦੇਵਿੰਦਰ ਮਹਿੰਦਰੂ

ਅੱਜ ਦੇ ਦਿਨ ਸ਼ੁਰੂ ਹੋਏ ਸਨ ਆਕਾਸ਼ਵਾਣੀ ਸ਼ਿਮਲਾ ਦੇ ਪ੍ਰਸਾਰਣ। ਬਚਪਨ ਤੋਂ ਹੀ ਸ਼ੌਕ ਸੀ ਰੇਡੀਓ ਲਗਾ ਕੇ ਪੜ੍ਹਨ ਦਾ। ਜਲੰਧਰ ਅਤੇ ਸ਼ਿਮਲਾ ਦੀ ਫ਼ਰੀਕਿਊਐਂਸੀ ਨਾਲ ਨਾਲ ਹੀ ਸੀ। ਭਜਨ ਮੈਨੂੰ ਸ਼ਿਮਲਾ ਵਾਲੇ ਜ਼ਿਆਦਾ ਰਸੀਲੇ ਲੱਗਦੇ, ਡਰਾਮੇ ਜਲੰਧਰ ਅਤੇ ਉਰਦੂ ਦੇ ਜ਼ਿਆਦਾ ਖਿੱਚਾਂ ਪਾਉਂਦੇ ਸਨ।

ਧਰਤ ਕੀ ਡਿੱਬੀਆ

ਕਾਸ਼ ਕਾ ਢਕਨਾ

ਵਿੱਚ ਭਰ ਬਾਗ਼ ਲਗਾਈ ਦੇਣਾ

ਇਸੀ ਪ੍ਰਸ਼ਨ ਕਾ ਉੱਤਰ ਜੇ ਦੇਣਾ

ਪਿੱਛੇ ’ਤੇ ਤੂੰਬਾ ਖੜਕਾਈ ਦੇਣਾ।

ਰੇਡੀਓ ਸ਼ਿਮਲਾ ਦੀ ਖ਼ਾਸੀਅਤ ਹਨ ਇੱਥੋਂ ਦੀਆਂ ਬਾਰਾਂ ਬੋਲੀਆਂ ’ਚ ਪ੍ਰਸਾਰਿਤ ਹੁੰਦੇ ਡਾਇਲੈਕਟ ਪ੍ਰੋਗਰਾਮ। ਹਿਮਾਚਲ ਦੀ ਖ਼ੁਸ਼ਬੂ ਡੁਲ ਡੁਲ ਪੈਂਦੀ ਹੈ ਇਨ੍ਹਾਂ ਪ੍ਰੋਗਰਾਮਾਂ ’ਚੋਂ। ਨੈਸ਼ਨਲ ਪ੍ਰੋਗਰਾਮਾਂ ’ਚ ਕੁਝ ਰੇਡੀਓ ਫ਼ੀਚਰ ਮੰਗੇ ਸਨ ਦਿੱਲੀ ਵਾਲਿਆਂ ਨੇ ਦੋ ਹਜ਼ਾਰ ਬਾਰਾਂ ’ਚ। ਮੈਨੂੰ ਲੱਗਿਆ ਕਿਉਂ ਨਾ ਹਿਮਾਚਲ ਦੀਆਂ ਡਾਇਲੈਕਟਸ ਅਤੇ ਬਣਾਏ ਜਾਣ ਫ਼ੀਚਰ। ਨੈਸ਼ਨਲ ਪ੍ਰੋਗਰਾਮਾਂ ’ਚ ਇਨ੍ਹਾਂ ਦਾ ਪ੍ਰਸਾਰਣ ਹੋਇਆ, ਮਤਲਬ ਪੂਰੇ ਭਾਰਤ ’ਚ ਸਾਰੇ ਕੈਪੀਟਲ ਸਟੇਸ਼ਨਾਂ ਤੋਂ ਇਨ੍ਹਾਂ ਦਾ ਪ੍ਰਸਾਰਣ ਇੱਕੋ ਵਕਤ ’ਤੇ ਹੋਇਆ। ਇਹ ਇੱਕ ਅਨੂਠਾ ਪ੍ਰਯੋਗ ਸੀ ਅਕਾਸ਼ਵਾਣੀ ਦਾ।

ਦਸੰਬਰ ਅਤੇ ਜਨਵਰੀ-ਫ਼ਰਵਰੀ ਦੇ ਮਹੀਨਿਆਂ ’ਚ ਜਦੋਂ ਇੰਨੀ ਠੰਡ ਪੈਂਦੀ ਹੈ ਅਤੇ ਬਰਫ਼ ਪੈਣ ਤੋਂ ਬਾਅਦ ਗੱਡੀਆਂ ਦੀ ਮੂਵਮੇਂਟ ਵੀ ਲਗਭਗ ਬੰਦ ਹੋ ਜਾਂਦੀ ਹੈ, ਦਫ਼ਤਰ ਆਉਣਾ ਜਾਣਾ ਸੌਖਾ ਨਹੀਂ ਹੁੰਦਾ, ਖ਼ਾਸਕਰ ਸ਼ਿਫ਼ਟ ਡਿਊਟੀ ਸਟਾਫ਼ ਲਈ, ਪਰ ਪ੍ਰਸਾਰਣ ਬਿਨਾਂ ਕਿਸੇ ਰੁਕਾਵਟ ਤੋਂ ਹੁੰਦੇ ਰਹਿੰਦੇ ਹਨ। ਉਹਦੇ ਲਈ ਚਾਹੇ ਦਫ਼ਤਰ ’ਚ ਹੀ ਕਿਓਂ ਨਾ ਰਹਿਣਾ ਪਵੇ ਕਿੰਨੇ ਕਿੰਨੇ ਦਿਨ।

ਬਰਫ਼ ਨਾਲ ਜੁੜੀ ਇੱਕ ਘਟਨਾ ਯਾਦ ਆ ਗਈ ਹੈ। ਵੀਹ ਪੱਚੀ ਸਾਲ ਪਹਿਲਾਂ ਦੀ ਗੱਲ। ਓਦੋਂ ਤਾਂ ਬਰਫ਼ ਪੈਂਦੀ ਵੀ ਬਹੁਤ ਸੀ। ਉਸ ਸਾਲ ਦਸੰਬਰ ਅੱਧੇ ਤੋਂ ਜ਼ਿਆਦਾ ਨਿਕਲ ਗਿਆ, ਬਰਫ਼ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ। ਵਨਿਤਾ ਮੰਡਲ ਐਤਵਾਰ ਅਤੇ ਵੀਰਵਾਰ ਪ੍ਰਸਾਰਿਤ ਹੁੰਦਾ ਸੀ। ਐਤਵਾਰ ਵਾਲਾ ਪ੍ਰੋਗਰਾਮ ਪਹਿਲਾਂ ਹੀ ਰਿਕਾਰਡ ਕਰ ਕੇ ਦੇ ਜਾਈਦਾ ਸੀ। ਕਲਾ ਜੀ ਪੇਸ਼ ਕਰਦੇ ਸਨ ਉਸ ਨੂੰ। ਉਨ੍ਹਾਂ ਉਹਦੇ ’ਚ ਬੋਲ ਦਿੱਤਾ ਕਿ ਇਸ ਵਾਰ ਤਾਂ ਪਤਾ ਨਹੀਂ ਕੀ ਹੋ ਗਿਆ ਕੁਦਰਤੀ ਪ੍ਰਕੋਪ ਸਮਝ ਲਵੋ ਕਿ ਬਰਫ਼ ਦਾ ਨਾਂ ਨਿਸ਼ਾਨ ਨਹੀਂ ਹੈ ਅਜੇ ਤਕ। ਸ਼ਨੀਵਾਰ ਰਾਤ ਨੂੰ ਹੀ ਜੋ ਸਨੋਫ਼ਾਲ ਸ਼ੁਰੂ ਹੋਈ, ਰਾਤ ਦੀ ਸ਼ਿਫ਼ਟ ਨੂੰ ਉੱਥੇ ਹੀ ਰਹਿਣਾ ਪਿਆ ਸਵੇਰ ਦੀ ਡਿਊਟੀ ਕਰਨ ਲਈ।

ਹੁਣ ਮੈਨੂੰ ਚਿੰਤਾ ਸ਼ੁਰੂ ਹੋਈ ਰਿਕਾਰਡਿਡ ਵਨਿਤਾ ਮੰਡਲ ਦੀ। ਪਹਿਲਾਂ ਤਾਂ ਫ਼ੋਨ ਕਰ ਕੇ ਟੇਪ ਹਟਾਉਣ ਲਈ ਕਿਹਾ। ਫ਼ੇਰ ਡਿਊਟੀ ਅਫ਼ਸਰ ਨੂੰ ਕਿਹਾ ਕਿ ਲਾਈਵ ਪ੍ਰੋਗਰਾਮ ਕਰਵਾ ਲਿਆ ਜਾਵੇ। ਡਿਊਟੀ ਅਫ਼ਸਰ ਨੇ ਦੱਸਿਆ, “ਕਲਾ ਜੀ ਦੋਬਾਰਾ ਰਿਕਾਰਡਿੰਗ ਕਰਨ ਲੱਗੇ ਨੇ।” ਮੈਂ ਪੁੱਛਿਆ, “ਪਰ ਉਹ ਆਏ ਕਿਸ ਤਰ੍ਹਾਂ ਰਸਤੇ ਤਾਂ ਬੰਦ ਹਨ?” “ਕਲਾ ਜੀ ਦਾ ਘਰ ਬਾਰਾਂ ਕਿਲੋਮੀਟਰ ਦੂਰ ਸੀ ਅਤੇ ਉਹ ਪੈਦਲ ਹੀ ਆ ਗਏ,” ਡਿਊਟੀ ਅਫ਼ਸਰ ਨੇ ਜਵਾਬ ਦਿੱਤਾ। ਸਰਦੀਆਂ ’ਚ ਰਿਕਾਰਡਿੰਗਜ਼ ਘੱਟ ਹੀ ਕਰਦੇ ਸਾਂ। ਅਕਤੂਬਰ ਨਵੰਬਰ ’ਚ ਹੀ ਇਹ ਕੰਮ ਨਿਪਟਾ ਲਿਆ ਜਾਂਦਾ ਸੀ, ਗਰਮੀਆਂ ’ਚ ਚੰਗੀਆਂ ਰੌਣਕਾਂ ਲੱਗਦੀਆਂ ਸਨ। ਵੱਖ ਵੱਖ ਤਰ੍ਹਾਂ ਦੇ ਆਯੋਜਨ ਗੇਟੀ, ਬੱਚਤ ਭਵਨ, ਕਾਲੀ ਬਾੜੀ ਹਾਲ, ਯੂਨੀਵਰਸਿਟੀ ਔਡੀਟੋਰੀਅਮ ਵਗੈਰਾ ਥਾਵਾਂ ’ਤੇ ਰੱਖੇ ਜਾਂਦੇ ਹਨ। ਦਿੱਲੀ ਮਹਾਂਨਿਦੇਸ਼ਾਲਯ ਵਲੋਂ ਵੀ ਪ੍ਰੋਗਰਾਮ ਸੁਹਾਵਣੇ ਮੌਸਮ ’ਚ ਸ਼ਿਮਲਾ ’ਚ ਆਯੋਜਿਤ ਕੀਤੇ ਜਾਂਦੇ।

ਨਵੰਬਰ 11 ਤੋਂ14 ਲਈ ਮੇਲੇ ਨੂੰ ਕਵਰ ਕੀਤਾ ਜਾਂਦਾ ਹੈ ਜਿਹੜਾ ਕਿ ਰਾਮਪੁਰ ’ਚ ਲੱਗਦਾ ਹੈ। ਲੋਕ ਖ਼ਰੀਦਾਰੀ ਕਰਦੇ ਜਿਸ ’ਚ ਹਿਮਾਚਲ ਦੇ ਸ਼ਾਲ, ਨਿਉਜ਼ੇ, ਡਰਾਈ ਫ਼ਰੂਟ, ਰਾਜਮਾਂਹ ਮੁੱਖ ਤੌਰ ’ਤੇ ਖਰੀਦੇ ਜਾਂਦੇ ਸਨ। ਦੂਰ ਦੂਰ ਤੋਂ ਲੋਕ ਇਸ ’ਚ ਸ਼ਾਮਿਲ ਹੋਣ ਲਈ ਆਉਂਦੇ ਸਨ ਅਤੇ ਹੁਣ ਵੀ ਆਉਂਦੇ ਹਨ। ਅੱਜ ਦੇ ਦਿਨ 2005 ’ਚ ਕਾਲੀ ਵਾੜੀ ਹਾਲ ’ਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਪੰਜਾਹ ਸਾਲ ਸੰਪੰਨ ਹੋਏ ਸਨ ਆਕਾਸ਼ਵਾਣੀ ਸ਼ਿਮਲਾ ਦੇ ਪ੍ਰਸਾਰਣ ਦੇ। ਉਸੇ ਸਾਲ FM ਸ਼ਿਮਲਾ ਸ਼ੁਰੂ ਹੋਇਆ ਸੀ। ਇਹ ਆਯੋਜਨ ਯੂਨੀਵਰਸਿਟੀ ਔਡੀਟੋਰੀਅਮ ’ਚ ਕੀਤਾ ਗਿਆ। ਕੇਂਦਰੀ ਮੰਤਰੀ ਆਏ ਸਨ ਅਤੇ ਸਾਡੇ ਦਿੱਲੀ ਦਫ਼ਤਰ ਦੇ ਵੱਡੇ ਵੱਡੇ ਅਫ਼ਸਰ ਵੀ। ਭਾਰਤ ਦੀ ਡਾਇਰੈਕਟਰ ਜਨਰਲ ਮੈਡਮ ਨੌਰੀਨ ਨਕਵੀ ਨੂੰ ਮੈਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੈਣ ਗਈ ਸਾਂ। ਰਾਹ ’ਚ ਮੈਡਮ ਨੇ ਪੁੱਛਿਆ ਗੱਲਾਂ ਗੱਲਾਂ ’ਚ ਕਿ ਵਹੀਲ ਚੇਅਰ ਮੰਗਵਾ ਲਈ ਏ ਮਿਨਿਸਟਰ ਸਾਹਿਬ ਲਈ? ਉਹ ਚੱਲ ਨਹੀਂ ਸਕਦੇ ਸਨ, ਮੈਨੂੰ ਇਸ ਗੱਲ ਦਾ ਧਿਆਨ ਨਹੀਂ ਸੀ। ਖੈਰ, ਕਿਵੇਂ ਨਾ ਕਿਵੇਂ ਵ੍ਹੀਲ ਚੇਅਰ ਆ ਗਈ। ਥੋੜ੍ਹੀਆਂ ਜਿਹੀਆਂ ਹੀ ਪੌੜੀਆਂ ਸਨ, ਯੂਨੀਵਰਸਿਟੀ ਔਡੀਟੋਰੀਅਮ ਤਕ ਪਹੁੰਚਣ ਲਈ। ਵ੍ਹੀਲ ਚੇਅਰ ਨੂੰ ਇੱਕ ਪਾਸੇ ਕਰਨ ਦਾ ਇਸ਼ਾਰਾ ਕਰਦਿਆਂ ਪ੍ਰਸਾਰਨ ਮੰਤਰੀ ਰੈਡੀ ਸਾਹਿਬ ਆਪਣੇ ਆਪ ਹੀ ਪੌੜੀਆਂ ਚੜ੍ਹ ਕੇ ਆਪਣੇ ਸਥਾਨ ਤਕ ਪਹੁੰਚ ਗਏ ਅਤੇ ਦਰਸ਼ਕਾਂ ਵਲੋਂ ਤਾੜੀਆਂ ਵੱਜੀਆਂ। ਮੰਤਰੀ ਜੀ ਸ਼ਰੀਫ਼ ਅਤੇ ਸਾਊ ਸੁਭਾਓ ਦੇ ਸਨ। FM ਸ਼ਿਮਲਾ ਬਹੁਤ ਸੁਣਿਆ ਜਾਣ ਵਾਲਾ ਸਟੇਸ਼ਨ ਹੈ।

ਜਿੱਥੇ ਆਕਾਸ਼ਵਾਣੀ ਸ਼ਿਮਲਆ ਆਪਣੇ ਬੋਲੀਆਂ ਦੇ ਲੋਕ ਗੀਤਾਂ ਤੇ ਭਜਨਾਂ ਨੂੰ ਸੰਭਾਲ ਕੇ ਰੱਖ ਰਿਹਾ ਹੈ, ਹਿਮਾਚਲ ਦੀ ਸੰਸਕ੍ਰਿਤੀ, ਸੱਭਿਆਚਾਰ ਦੀ ਦੇਖ ਰੇਖ ਕਰ ਰਿਹੈ, FM ਸ਼ਿਮਲਾ ਹਿਮਾਚਲ ਦੀਆਂ ਬਾਊਂਡਰੀਆਂ ਟੱਪ ਕੇ ਪੰਜਾਬ ਦੇ ਨੌਜਵਾਨਾਂ ਦਾ ਮਨੋਰੰਜਨ ਵੀ ਕਰ ਰਿਹਾ ਹੈ। ਮੈਂ ਆਪਣੇ ਆਪ ਨੂੰ ਚੰਗੇ ਭਾਗਾਂ ਵਾਲੀ ਸਮਝਦੀ ਹਾਂ ਕਿ ਐਨੇ ਸਾਲ ਏਥੇ ਬਿਤਾਏ। ਸ਼ਿਮਲਾ ਦਿਲ ਦਿਮਾਗ਼ ’ਚ ਵੱਸਿਆ ਰੱਸਿਆ ਰਹੇਗਾ। ਅੱਜਕੱਲ੍ਹ ਇਹ ਕਾਲਮ ਵੀ ਸ਼ਿਮਲੇ ਬੈਠੀ ਲਿਖ ਰਹੀ ਹਾਂ।