ਪਾਕਿ ’ਚ ਹਿੰਦੂ ਪੂਜਾ ਸਥਾਨਾਂ ’ਤੇ ਲਗਾਤਾਰ ਹਮਲੇ ਚਿੰਤਾਜਨਕ

ਗੁਰਦਾਸਪੁਰ (ਅਜੀਤ ਵੀਕਲੀ): ਪਾਕਿਸਤਾਨ ਹਿੰਦੂ ਕੌਂਸਲ ਨੇ ਪਾਕਿ ’ਚ ਘੱਟ ਗਿਣਤੀ ਹਿੰਦੂਆਂ ਦੇ ਧਾਰਮਿਕ ਸਥਾਨਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ’ਤੇ ਨਿੰਦਾ ਹੋਣ ਦੇ ਬਾਵਜੂਦ ਕੱਟੜਪੰਥੀਆਂ ਨੂੰ ਸ਼ਹਿ ਦੇਣ ਦਾ ਆਪਣਾ ਰਵੱਈਆਂ ਬਦਲਣ ਨੂੰ ਤਿਆਰ ਨਹੀਂ ਕਿਉਂਕਿ ਕਰਾਚੀ ’ਚ ਹਾਲ ਹੀ ’ਚ ਹਿੰਦੂ ਮੰਦਰ ’ਚ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ’ਚ ਤੋੜਭੰਨ ਦੀ ਚਿੰਤਾਜਨਕ ਅਤੇ ਗੰਭੀਰ ਘਟਨਾ ਇਸ ਦੀ ਵੱਲ ਸਾਫ਼ ਸੰਕੇਤ ਕਰ ਰਹੀ ਹੈ।

ਸੂਤਰਾਂ ਅਨੁਸਾਰ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ.ਰਮੇਸ ਬੰਕਵਾਨੀ ਅਤੇ ਪ੍ਰਧਾਨ ਚੇਲਾ ਰਾਮ ਨੇ ਕਿਹਾ ਕਿ ਪਾਕਿਸਤਾਨ ਦੇ ਲੰਮੇ ਸਮੇਂ ਤੋਂ ਜਾਣਬੂਝ ਕੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਇਆ ਜਾਦਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੰਦਰ ’ਤੇ ਹਮਲਿਆਂ ਦੇ ਪੁਰਾਣੇ ਮਾਮਲਿਆਂ ’ਚ ਹਮਲਾਵਰਾਂ ਦਾ ਸੁਰਾਗ਼ ਅੱਜ ਤਕ ਨਹੀਂ ਲੱਗ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਬੇਸ਼ੱਕ ਪਾਕਿ ਪੁਲੀਸ ਅਪਰਾਧ ਦੇ ਹੋਰ ਮਾਮਲਿਆਂ ’ਚ ਚੌਕਸ ਦਿਖਾਈ ਦਿੰਦੀ ਹੈ, ਪਰ ਜਦੋਂ ਹਿੰਦੂ ਧਰਮ ਅਸਥਾਨਾਂ ਦੀ ਗੱਲ ਆਉਂਦੀ ਹੈ ਤਾਂ ਪੁਲੀਸ ਨੂੰ ਸੱਪ ਸੁੰਘਦਾ ਹੈ। ਜਦੋਂ ਕੋਈ ਕੇਸ ਦਰਜ ਨਹੀਂ ਹੁੰਦਾ ਤਾਂ ਕਿਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸ ਨੂੰ ਸਜ਼ਾਂ ਦਿੱਤੀ ਜਾਵੇ?

ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਾਕਿ ’ਚ ਹਿੰਦੂ ਮੰਦਰਾਂ ’ਤੇ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਂ ਦੇਣ ਦੀ ਪ੍ਰਤੀਸ਼ਤਤਾ ਲਗਭਗ ਜ਼ੀਰੋ ਹੈ। ਉਨ੍ਹਾਂ ਕਿਹਾ ਕਿ ਪਾਕਿ ’ਚ ਨਿਸ਼ਚਿਤ ਤੌਰ ’ਤੇ ਗਿਣਨ ਲਈ ਇੱਕ ਉਦਾਹਰਣ ਹੈ। ਜਦੋਂ ਇਸ ਸਾਲ ਮਈ ’ਚ ਉੱਥੋਂ ਦੀ ਇੱਕ ਅਤਿਵਾਦ ਵਿਰੋਧੀ ਅਦਾਲਤ ਨੇ ਰਹੀਮ ਯਾਰ ਖ਼ਾਨ ਜ਼ਿਲ੍ਹੇ ’ਚ ਗਣੇਸ਼ ਮੰਦਰ ’ਤੇ ਹੋਏ ਹਮਲੇ ’ਚ 22 ਦੋਸ਼ੀਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸੇ ਮਾਮਲੇ ’ਚ ਪਾਕਿਸਤਾਨ ਸੁਪਰੀਮ ਕੋਰਟ ਦੇ ਤਤਕਾਲੀ ਚੀਫ਼ ਜਸਟਿਸ ਗ਼ੁਲਜਾਰ ਅਹਿਮਦ ਦੀ ਪ੍ਰਤੀਕਿਰਿਆ ਵੀ ਹਿੰਦੂਆਂ ਦੇ ਜ਼ਖ਼ਮਾਂ ਉੱਤੇ ਮੱਲਮ ਲਾਉਣ ਵਾਲੀ ਸੀ।

ਉਨ੍ਹਾਂ ਕਿਹਾ ਕਿ ਇਹ ਘਟਨਾ ਪਾਕਿਸਤਾਨ ਲਈ ਸ਼ਰਮ ਵਾਲੀ ਗੱਲ ਹੈ, ਅਤੇ ਉਹ ਮਹਿਸੂਸ ਕਰ ਸਕਦਾ ਹੈ ਕਿ ਹਿੰਦੂ ਭਾਈਚਾਰੇ ਨੂੰ ਕਿੰਨੀ ਠੇਸ ਪਹੁੰਚੀ ਹੋਵੇਗੀ। ਓਦੋਂ ਪਾਕਿਸਤਾਨ ਦੀ ਸੰਸਦ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਇਸ ਤੋਂ ਇਲਾਵਾ ਪਾਕਿਸਤਾਨ ’ਚ ਅਜਿਹਾ ਕੁੱਝ ਨਹੀਂ ਹੋਇਆ ਜਿਸ ਨਾਲ ਹਿੰਦੂ ਭਾਈਚਾਰਾ ਇਨਸਾਫ਼ ਹੁੰਦਾ ਕਹਿ ਸਕੇ। ਸਾਲ 1990 ਤੋਂ ਹੁਣ ਤਕ 95 ਫ਼ੀਸਦੀ ਤੋਂ ਵੱਧ ਹਿੰਦੂ ਮੰਦਰਾਂ ’ਤੇ ਹਮਲੇ ਹੋਏ ਹਨ ਅਤੇ ਕਈ ਮੰਦਰਾਂ ਨੂੰ ਸਾੜ ਦਿੱਤਾ ਗਿਆ ਹੈ।

ਇਨ੍ਹਾਂ ਹਿੰਦੂ ਆਗੂਆਂ ਨੇ ਦੱਸਿਆ ਕਿ ਪਾਕਿਸਤਾਨ ਹਿੰਦੂ ਕੌਂਸਲ ਵਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਿਕ ਪਾਕਿਸਤਾਨ ਦੇ 428 ਮੰਦਰਾਂ ’ਚੋਂ 400 ਤੋਂ ਵੱਧ ਮੰਦਰਾਂ ਵੱਲ ਪਾਕਿਸਤਾਨ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਸਮੇਂ-ਸਮੇਂ ’ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਸਾਡੀ ਹਮਦਰਦੀ ਹਾਸਿਲ ਕਰਨ ਲਈ 400 ਮੰਦਰਾਂ ਦੀ ਮੁਰੰਮਤ ਦਾ ਪ੍ਰਚਾਰ ਜ਼ਰੂਰ ਕੀਤਾ ਹੈ ਜਦਕਿ ਅੱਜ ਤਕ ਅਜਿਹਾ ਕੁੱਝ ਨਹੀਂ ਕੀਤਾ ਗਿਆ। ਦੋ ਸਾਲ ਪਹਿਲਾਂ ਪਾਕਿਸਤਾਨੀ ਸਰਕਾਰ ਨੇ ਕ੍ਰਿਸ਼ਨ ਨੂੰ ਸ਼ਾਨਦਾਰ ਦਿੱਖ ਦੇਣ ਦੇ ਐਲਾਨ ਨਾਲ ਇਸਲਾਮਾਬਾਦ ਤੋਂ ਬਾਹਰ ਕੱਢ ਲਿਆ ਸੀ, ਇਸ ਲਈ ਹੁਣ ਹਿੰਦੂ ਉੱਥੇ ਇਹ ਮੰਦਰ ਬਣਾ ਰਹੇ ਹਨ। ਇਸਲਾਮਾਬਾਦ ’ਚ ਹੀ ਹਿੰਦੂਆਂ ਨੂੰ 16ਵੀਂ ਸਦੀ ਦੇ ਰਾਮ ਮੰਦਰ ’ਚ ਪੂਜਾ ਕਰਨ ਦੀ ਲੰਬੇ ਸਮੇਂ ਦੀ ਮੰਗ ਦੇ ਬਾਵਜੂਦ ਇਜਾਜਤ ਨਹੀਂ ਦਿੱਤੀ ਜਾ ਰਹੀ।

ਡਾ.ਰਮੇਸ ਬਾਂਕਵਾਨੀ ਨੇ ਕਿਹਾ ਕਿ ਹੁਣ ਸਥਿਤੀ ਅਜਿਹੀ ਹੈ ਕਿ ਕੱਟੜਪੰਥੀ ਸਾਨੂੰ ਮੂੰਹ ਬੰਦ ਰੱਖਣ ਦੀਆਂ ਧਮਕੀਆਂ ਵੀ ਦੇ ਰਹੇ ਹਨ। ਪਿਛਲੇ ਦਿਨੀਂ ਕਰਾਚੀ ਦੇ ਕੋਰੰਗੀ ’ਚ ਮੰਦਰ ’ਚ ਮੂਰਤੀ ਤੋੜਨ ਦੇ ਮਾਮਲੇ ’ਚ ਪੁਲੀਸ ਨੇ ਅੱਜ ਤਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਜ਼ਿਆਦਾਤਰ ਮੰਦਰਾਂ ਨੂੰ ਢਾਹੁਣ ਤੋਂ ਬਾਅਦ ਸਰਕਾਰ ਨੇ ਮੁਰੰਮਤ ਦਾ ਐਲਾਨ ਕੀਤਾ ਸੀ, ਉਹ ਕੰਮ ਵੀ ਨਹੀਂ ਹੋ ਰਿਹਾ।