ਹਿਮਾਚਲ ‘ਚ ਬੋਲੇ ਕੇਜਰੀਵਾਲ- ਆਪਣੇ ਬੱਚਿਆਂ ਦਾ ਉੱਜਵਲ ਭਵਿੱਖ ਚਾਹੁੰਦੇ ਹਨ ਤਾਂ ‘ਆਪ’ ਨੂੰ ਇਕ ਮੌਕਾ ਦਿਓ

ਸ਼ਿਮਲਾ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਬੱਚਿਆਂ ਦਾ ਉੱਜਵਲ ਭਵਿੱਖ ਚਾਹੁੰਦੇ ਹਨ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਨੂੰ ਇਕ ਮੌਕਾ ਦੇਣ। ਹਮੀਰਪੁਰ ਜ਼ਿਲ੍ਹੇ ‘ਚ ਇਕ ਟਾਊਨਹਾਲ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ‘ਆਪ’ ਸਰਕਾਰ ਨੇ ਸਿੱਖਿਆ ਪ੍ਰਣਾਲੀ ‘ਚ ਸਕਾਰਾਤਮਕ ਤਬਦੀਲੀ ਕਰ ਕੇ 1,100 ਤੋਂ ਵੱਧ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ 16 ਲੱਖ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਹੈ।
ਕੇਜਰੀਵਾਲ ਨੇ ਕਿਹਾ,”ਜੇਕਰ ਤੁਸੀਂ ਚਾਹੁੰਦੇ ਹੋ ਕਿ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ 8.5 ਲੱਖ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਹੋਵੇ ਤਾਂ ‘ਆਪ’ ਨੂੰ ਇਕ ਮੌਕਾ ਦਿਓ।” ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕੁੱਲ ਬਜਟ ਦਾ 25 ਫੀਸਦੀ ਸਿੱਖਿਆ ਲਈ ਅਲਾਟ ਕਰ ਕੇ ਪਿਛਲੇ 7 ਸਾਲਾਂ ‘ਚ ਸਰਕਾਰੀ ਸਕੂਲਾਂ ‘ਤੇ 80 ਤੋਂ 85 ਕਰੋੜ ਰੁਪਏ ਖਰਚ ਕੀਤੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਾਪ ਅਤੇ ਕਾਂਗਰਸ ਦੇ ਨੇਤਾਵਾਂ ‘ਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਨਾਮ ‘ਤੇ ਵੋਟ ਮੰਗਣ ਲਈ ਕਹੋ। ਕੇਜਰੀਵਾਲ ਨੇ ਕਿਹਾ ਕਿ ਉਹ ਇੱਥੇ ਸਿੱਖਿਆ ਅਤੇ ਸਿਹਤ ਦੇ ਨਾਮ ‘ਤੇ ਵੋਟ ਮੰਗਣ ਆਏ ਹਨ।