ਰਾਜਨਾਥ ਨੇ ਵੀਅਤਨਾਮ ਦੇ ਏਅਰ ਫੋਰਸ ਟ੍ਰੇਨਿੰਗ ਸੰਸਥਾਨ ਨੂੰ ਦਿੱਤਾ 10 ਲੱਖ ਡਾਲਰ ਦਾ ਤੋਹਫ਼ਾ

ਨਵੀਂ ਦਿੱਲੀ– ਵੀਅਤਨਾਮ ਨੂੰ ਭਾਰਤ ਹਰ ਮਦਦ ਪਹੁੰਚਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਆਪਣੇ 3 ਦਿਨਾ ਦੌਰੇ ਦੇ ਆਖਰੀ ਦਿਨ ਸ਼ੁੱਕਰਵਾਰ ਵੀਅਤਨਾਮ ਨੂੰ ਤੋਹਫ਼ਾ ਦਿੱਤਾ। ਉਨ੍ਹਾਂ ਨੇ ਭਾਸ਼ਾ ਅਤੇ ਸੂਚਨਾ ਤਕਨੀਕੀ (ਆਈ. ਟੀ.)ਪ੍ਰਯੋਗਸ਼ਾਲਾ ਸੰਸਥਾਨ ਲਈ ਵੀਅਤਨਾਮੀ ਏਅਰ ਫੋਰਸ ਟ੍ਰੇਨਿੰਗ ਸੰਸਥਾਨ ਨੂੰ 10 ਲੱਖ ਡਾਲਰ ਦਾ ਤੋਹਫ਼ਾ ਦਿੱਤਾ। ਦੱਸ ਦੇਈਏ ਕਿ ਰੱਖਿਆ ਮੰਤਰੀ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ 12 ਹਾਈ ਸਪੀਡ ਕੋਸਟ ਗਾਰਡ ਕਿਸ਼ਤੀਆਂ ਸੌਂਪ ਕੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ। ਚੀਨ ਅਤੇ ਵੀਅਤਨਾਮ ਦੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਿੰਘ ਦਾ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਰੱਖਿਆ ਮੰਤਰੀ ਨੇ ਨਹਾ ਟ੍ਰਾਂਗ ਸਥਿਤ ਦੂਰਸੰਚਾਰ ਯੂਨੀਵਰਸਿਟੀ ਦਾ ਵੀ ਦੌਰਾਨ ਕੀਤਾ, ਜਿਥੇ ਭਾਰਤ ਤੋਂ 50 ਲੱਖ ਡਾਲਰ ਦੇ ਫੰਡ ਨਾਲ ਫੌਜੀ ਸਾਫਟਵੇਅਰ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ। ਰਾਜਨਾਥ ਨੇ ਟਵੀਟ ਕੀਤਾ,‘ਨਹਾ ਟ੍ਰਾਂਗ ’ਚ ਏਅਰ ਫੋਰਸ ਅਧਿਕਾਰੀ ਟ੍ਰੇਨਿੰਗ ਸਕੂਲ ’ਚ ਭਾਸ਼ਾ ਅਤੇ ਆਈ. ਟੀ. ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ 10 ਲੱਖ ਡਾਲਰ ਦਾ ਚੈੱਕ ਤੋਹਫੇ ਦੇ ਤੌਰ ’ਤੇ ਸੌਂਪਿਆ। ਮੈਨੂੰ ਯਕੀਨ ਹੈ ਕਿ ਪ੍ਰਯੋਗਸ਼ਾਲਾ ਵੀਅਤਨਾਮ ਦੇ ਏਅਰ ਫੋਰਸ ਕਰਮਚਾਰੀਆਂ ਦੇ ਭਾਸ਼ਾ ਅਤੇ ਆਈ.ਟੀ. ਕੌਸ਼ਲ ਨੂੰ ਵਧਾਉਣ ’ਚ ਵਿਸ਼ੇਸ਼ ਯੋਗਦਾਨ ਦੇਵੇਗੀ।