ਡਾ. ਦੇਵਿੰਦਰ ਮਹਿੰਦਰੂ
ਆਕਾਸ਼ਵਾਣੀ ਜਲੰਧਰ ਜੁਆਇਨ ਕਰਨ ਤੋਂ ਪਹਿਲਾਂ ਦੂਰਦਰਸ਼ਨ ਸ੍ਰੀਨਗਰ ਤੋਂ ਨੌਕਰੀ ਸ਼ੁਰੂ ਕੀਤੀ ਸੀ ਅਤੇ ਇੱਕ ਸਾਲ ਦੇ ਅੰਦਰ ਅੰਦਰ ਹੀ ਪੰਜਾਬ ਵਾਪਿਸ ਆ ਗਈ ਸਾਂ। ਪੰਜਾਬ ‘ਚ ਓਦੋਂ ਸਿਰਫ਼ ARI (ਆਲ ਇੰਡੀਆ ਰੇਡੀਓ) ਜਲੰਧਰ ਹੀ ਸੀ। 1975 ‘ਚ ਕਸ਼ਮੀਰ ਅਤੇ 1976 ‘ਚ ਜਲੰਧਰ ਆਈ। ਦੋ ਜੂਨ ਨੂੰ ਕਸ਼ਮੀਰ ਦਾ ਦੂਰਦਰਸ਼ਨ ਜੁਆਇਨ ਕੀਤਾ। ਹੁਣ ਜੂਨ ਮਹੀਨਾ ਚੱਲ ਰਿਹਾ ਹੈ। ਹੁਣ ਸੰਤਾਲੀ ਸਾਲ ਬਾਦ ਇਸੇ ਮਹੀਨੇ ‘ਚ ਸ਼ਿਮਲਾ ਬੈਠੀ ਹਾਂ ਬੇਟੀ ਕੋਲ। ਸੋ, ਮਤਲਬ ਇਹ ਹੋਇਆ ਕਿ ਹਿਮਾਚਲ, ਪੰਜਾਬ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਰਾਜਾਂ ਤੋਂ ਪਹਿਲਾਂ J&K (ਜੰਮੂ ਐਂਡ ਕਸ਼ਮੀਰ) ਨੂੰ ਆਪਣਾ ਪਹਿਲਾ ਦੂਰਦਰਸ਼ਨ ਕੇਂਦਰ ਮਿਲ ਚੁੱਕਿਆ ਸੀ। ਜੇਕਰ ਮੈਂ ਉੱਥੋਂ ਦੇ ਮਾਹੌਲ ਬਾਰੇ ਗੱਲ ਕਰਾਂ ਤਾਂ ਤੁਸੀਂ ਯਕੀਨ ਹੀ ਨਹੀਂ ਕਰੋਗੇ। ਬਹਾਰਾਂ ਹੀ ਬਹਾਰਾਂ ਸਨ ਉਥੇ। ਹਰ ਪਾਸੇ ਟੈਲੈਂਟ ਸੀ, ਕਲਾ ਸੀ। ਕੁਦਰਤ ਸੀ॥ ਕਦੇ ਕਿਸੇ ਨਾਟਕ ਦੀ ਸ਼ੂਟਿੰਗ ਹੋ ਰਹੀ ਹੁੰਦੀ ਸੀ, ਕਦੇ ਕਿਸੇ ਗਾਣੇ ਦੀ। ਰੇਡੀਓ ਕਸ਼ਮੀਰ ਦੀ ਬਿਲਡਿੰਗ ਬਿਲਕੁਲ ਨਾਲ ਸੀ। ਇੱਕ ਤਾਰ ਹੀ ਸੀ ਵਿਚਕਾਰ ਸਿਰਫ਼। ਦੂਰਦਰਸ਼ਨ ਵਾਲੇ ਉਸ ਤਾਰ ਦੇ ਇਸ ਪਾਸੇ ਅਤੇ ਰੇਡੀਓ ਵਾਲੇ ਉਸ ਪਾਸੇ ਖੜ੍ਹੇ ਹੋ ਕੇ ਸਾਰਾ ਸਾਰਾ ਦਿਨ ਚਾਹ ਪੀਂਦੇ ਅਤੇ ਗੱਲਾਂ ਮਾਰਦੇ, ਹੱਸਦੇ ਤੇ ਹਸਾਂਦੇ।
ਰੇਡੀਓ ਦੀ ਕੈਨਟੀਨ ਦੀ ਚਾਹ ਜ਼ਿਆਦਾ ਵਧੀਆ ਅਤੇ ਕਰਾਰੀ ਮੰਨੀ ਜਾਂਦੀ ਸੀ। ਉਸ ਤਰ੍ਹਾਂ ਭਾਵੇਂ ਦੂਰਦਰਸ਼ਨ ਦੀ ਆਪਣੀ ਕੈਨਟੀਨ ਵੀ ਸੀ। ਮੰਨੀ ਜਾਂਦੀ, ਮਤਲਬ ਮੈਂ ਉਸ ਤਾਰ ਦੇ ਇਸ ਪਾਸੇ ਖੜ੍ਹੇ ਹੋ ਕੇ ਚਾਹ ਪੀਣ ਦੀ ਕਦੇ ਹਿੰਮਤ ਨਹੀਂ ਸੀ ਕੀਤੀ। ਇੰਨੇ ਵੱਡੇ ਵੱਡੇ ਪ੍ਰੋਡਿਊਸਰ, ਡਾਇਰੈਕਟਰ ਅਤੇ ਇੰਨੇ ਨਾਮੀ ਕਲਾਕਾਰ ਉੱਥੇ ਖੜ੍ਹੇ ਗੱਲਾਂ ਮਾਰ ਰਹੇ ਹੁੰਦੇ ਸਨ ਅਤੇ ਮੈਂ ਬਾਹਰੋਂ ਆਈ ਇੱਕ ਛੀਂਟਕੀ ਜਿਹੀ ਕੁੜੀ, ਜੀਹਨੇ ਇੱਕ ਛੋਟੀ ਜਿਹੀ ਪੋਸਟ ਉੱਤੇ ਜੁਆਇਨ ਕੀਤਾ ਸੀ . . . ਇੱਕ ਲਾਇਬਰੇਰੀਅਨ ਦੇ ਤ੍ਰੌ ‘ਤੇ। ਉਨ੍ਹਾਂ ਹਸਤੀਆਂ ਕੋਲ ਜਾ ਕੇ ਖੜ੍ਹੀ ਵੀ ਕਿਸ ਤਰ੍ਹਾਂ ਹੋ ਸਕਦੀ ਸੀ ਮੈਂ? ਨਵਾਂ ਨਵਾਂ ਹੀ ਖੁਲ੍ਹਿਆ ਸੀ ਦੂਰਦਰਸ਼ਨ। ਰੇਡੀਓ ਕਸ਼ਮੀਰ ਤਾਂ ਪੰਜਾਬ ‘ਚ ਰਹਿੰਦੇ ਬਚਪਨ ਤੋਂ ਹੀ ਸੁਣਦੇ ਆ ਰਹੇ ਸਾਂ। ਵਾਦੀ ਦੀ ਆਵਾਜ਼ ਮੇਰੇ ਪਿਤਾ ਦਾ ਮਨਪਸੰਦ ਪ੍ਰੋਗਰਾਮ ਸੀ। ਨਿੱਕੀ ਅਤੇ ਮੁਨਸ਼ੀ ਜੀ ਦੀ ਨੋਕ-ਝੋਂਕ ਅੱਜ ਵੀ ਕੰਨਾਂ ‘ਚ ਗੂੰਜਦੀ ਹੈ। ਇੰਨਾ ਵਧੀਆ ਪ੍ਰੋਗਰਾਮ ਘੱਟ ਹੀ ਸਟੇਸ਼ਨਾਂ ਤੋਂ ਪ੍ਰਸਾਰਤ ਹੋਇਆ ਹੋਵੇਗਾ। ਪਾਕਿਸਤਾਨ ਨਾਲ ਲੜਾਈ ਦੇ ਦਿਨਾਂ ‘ਚ ਇਹਦੀ ਲੋਕਪ੍ਰਿਅਤਾ ਹੋਰ ਵੱਧ ਜਾਂਦੀ ਸੀ। ਰੇਡੀਓ ਸ੍ਰੀਨਗਰ ਪਾਕਿਸਤਾਨ ‘ਚ ਹਿੰਦੁਸਤਾਨ ਨਾਲੋਂ ਜ਼ਿਆਦਾ ਸੁਣਿਆ ਜਾਂਦਾ ਸੀ। ਸਾਰੀ ਕਾਊਂਟਰ ਪਬਲੀਸਿਟੀ ਲਾਹੌਰ ਰੇਡੀਓ ਦੀ ਇੱਥੋਂ ਹੁੰਦੀ ਸੀ। ਇਸੇ ਉਦੇਸ਼ ਨਾਲ ਸ਼ੁਰੂ ਕੀਤਾ ਜਲੰਧਰ ਰੇਡੀਓ ਦਾ ਦੇਸ਼ ਪੰਜਾਬ ਪ੍ਰੋਗਰਾਮ ਤਾਂ ਬਹੁਤ ਬਾਦ ‘ਚ ਸ਼ੁਰੂ ਹੋਇਆ।
ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਦੇਖਣ ਦੀ ਇੱਛਾ ਸੀ। ਚਲੀ ਗਈ ਇੱਕ ਦਿਨ ਰੇਡੀਓ ਸਟੇਸ਼ਨ। ਕਲਾਕਾਰ ਤਾਂ ਦੋਵੇਂ ਨਹੀਂ ਮਿਲੇ। ਉਨ੍ਹਾਂ ਦੀ ਡਿਊਟੀ ਕਿਸੇ ਹੋਰ ਟਾਈਮ ‘ਤੇ ਹੋਵੇਗੀ। ਹਾਂ, ਇੱਕ ਥਾਂ ‘ਤੇ ਪੰਜਾਬੀ ਪ੍ਰੋਗਰਾਮ ਦਾ ਬੋਰਡ ਦਿਖ ਗਿਆ ਮੈਨੂੰ। ਕਮਰੇ ‘ਚ ਵੜੀ। ਕੋਈ ਮਿਸਟਰ ਸ਼ਰਮਾ ਬੈਠੇ ਸਨ। ਦੱਸਿਆ ਕਿ ਕਹਾਣੀ ਲਿਖਦੀ ਹਾਂ। ਕਹਿੰਦੇ ਕਿ ਲੈ ਆਇਓ ਕਿਸੇ ਦਿਨ ਕਹਾਣੀ। ਅਗਲੇ ਹੀ ਦਿਨ ਆਪਣੇ ਦਫ਼ਤਰ ਜਾਣ ਤੋਂ ਪਹਿਲਾਂ ਇੱਕ ਕਹਾਣੀ ਉਨ੍ਹਾਂ ਨੂੰ ਪੜ੍ਹਨ ਨੂੰ ਦੇ ਆਈ। ਉਨ੍ਹਾਂ ਅਗਲੇ ਹਫ਼ਤੇ ਈ ਬੁਲਾ ਲਿਆ। ਬਹੁਤ ਖ਼ੁਸ਼ ਸਾਂ ਮੈਂ। ਰੇਡੀਓ ਕਸ਼ਮੀਰ ਤੋਂ ਮੇਰੀ ਕਹਾਣੀ ਪ੍ਰਸਾਰਿਤ ਹੋਵੇਗੀ ਅਗਲੇ ਹਫ਼ਤੇ ਇਹ ਸੋਚਦੀ ਹੋਈ ਪਹੁੰਚੀ ਕਿ ਅੱਜ ਰੇਡੀਓ ਦਾ ਸਟੂਡੀਓ ਵੀ ਰੱਜ ਰੱਜ ਦੇਖਾਂਗੀ। ਸ਼ਰਮਾ ਜੀ ਪੂਰੇ ਰੋਹਬ ਨਾਲ ਬੋਲੇ ”ਕਾਫ਼ੀ ਕੁੱਝ ਕੱਟਣਾ ਪੈਣੈ। ਇਹ ਗੱਲਾਂ ਅਸੀਂ ਪ੍ਰਸਾਰਿਤ ਨਹੀਂ ਕਰਦੇ।”
”ਤੁਸੀਂ ਪੜ੍ਹ ਤਾਂ ਲਿਆ ਈ ਹੋਣੈ ਇਹ ਸੱਚੀ ਘਟਨਾ ‘ਤੇ ਆਧਾਰਿਤ ਏ। ਇਸ ਤਰ੍ਹਾਂ ਦੀ ਕੋਈ ਗੱਲ ਤਾਂ ਮੈਂ ਨਹੀਂ ਲਿਖੀ ਜਿਹੜੀ ਪ੍ਰਸਾਰਿਤ ਨਾ ਹੋ ਸਕੇ। ਮੇਰੀਆਂ ਕਹਾਣੀਆਂ ਜਲੰਧਰ ਰੇਡੀਓ ਤੋਂ ਪ੍ਰਸਾਰਿਤ ਹੋਈਆਂ ਨੇ, ਪਰ ਉਹ ਯੁਵਵਾਣੀ ‘ਚ ਸਿਰਫ਼ ਕਹਾਣੀ ਦੀ ਸਕ੍ਰਿਪਟ ਲੈਂਦੇ ਨੇ। ਬੁਲਾਉਂਦੇ ਨਹੀਂ ਰਿਕਾਰਡਿੰਗ ਲਈ ਸਰ, ”ਮੈਂ ਆਖਿਆ।
ਸ਼ਰਮਾ ਜੀ ਨੇ ਅਫ਼ਸਰੀ ਅੰਦਾਜ਼ ‘ਚ ਕਿਹਾ, ”ਤੁਹਾਨੂੰ ਕੱਟ ਵੱਢ ਤਾਂ ਕਰਨੀ ਹੀ ਪਵੇਗੀ।” ਮੈਂ ਕੁਰਸੀ ਤੋਂ ਉੱਠ ਕੇ ਖੜ੍ਹੀ ਹੋ ਗਈ ਅਤੇ ਆਪਣਾ ਹੱਥ ਕਹਾਣੀ ਵਾਪਿਸ ਲੈਣ ਲਈ ਵਧਾਇਆ। ਸ਼ਰਮਾ ਜੀ ਮੇਰੇ ਵੱਲ ਨੀਝ ਨਾਲ ਦੇਖ ਰਹੇ ਸਨ।
ਮੈਂ ਓਦੋਂ ਤੱਕ ਹੱਥ ਪਿੱਛੇ ਨਹੀਂ ਹਟਾਇਆ ਜਦੋਂ ਤਕ ਮੇਰੀ ਕਹਾਣੀ ਉੱਨ੍ਹਾਂ ਨੇ ਮੈਨੂੰ ਵਾਪਿਸ ਨਹੀਂ ਕਰ ਦਿੱਤੀ। ਮੈਂ ਮੁੜੀ ਅਤੇ ਬਾਹਰ ਆ ਗਈ। ਸੱਚ ਕਹਿ ਰਹੀ ਹਾਂ, ਮੈਨੂੰ ਜਿੱਤਣ ਦਾ ਅਹਿਸਾਸ ਹੋਇਆ।
ਬਾਅਦ ‘ਚ ਮੇਰੀ ਬਦਲੀ ਜਲੰਧਰ ਰੇਡੀਓ ਸਟੇਸ਼ਨ ਦੀ ਹੋਈ। ਕੁੱਝ ਸਾਲਾਂ ਬਾਦ UPSC ਤੋਂ ਸਿਲੈਕਟ ਹੋ ਕੇ ਜਲੰਧਰ ਰੇਡੀਓ ‘ਚ ਜਸਵੰਤ ਦੀਦ ਦੇ ਦੂਰਦਰਸ਼ਨ ਚਲੇ ਜਾਣ ਤੋਂ ਬਾਅਦ ਪੰਜਾਬੀ ਪ੍ਰੋਗਰਾਮਾਂ ਦੀ ਇੰਚਾਰਜ ਬਣੀ ਮੈਂ। ਇਨ੍ਹਾਂ ਹੀ ਦਿਨਾਂ ‘ਚ ਸ਼ਰਮਾ ਜੀ ਦੀ ਬਦਲੀ ਜਲੰਧਰ ਦੀ ਹੋ ਗਈ। ਉਨ੍ਹਾਂ ਨੂੰ ਉਰਦੂ ਪ੍ਰੋਗਰਾਮਾਂ ਦੀ ਜ਼ਿਮੇਵਾਰੀ ਮਿਲੀ। ਮੈਨੂੰ ਨਹੀਂ ਪਤਾ ਉਨ੍ਹਾਂ ਨੂੰ ਕਹਾਣੀ ਵਾਲੀ ਗੱਲ ਯਾਦ ਸੀ ਕਿ ਨਹੀਂ। ਉਨ੍ਹਾਂ ਦਿਨਾਂ ‘ਚ ਸ੍ਰੀਨਗਰ ‘ਚ ਸ਼ੈਲਿੰਦਰ ਸ਼ੰਕਰ ਡਾਇਰੈਕਟਰ ਹੁੰਦੇ ਸਨ ਅਤੇ ਕੇ. ਕੇ. ਨੈਯਰ ਸਾਹਿਬ ਸਹਾਇਕ ਡਾਇਰੈਕਟਰ ਸਨ। ਉਨ੍ਹਾਂ ਤੋਂ ਅੱਛੀ ਉਰਦੂ ਮੈਂ ਅੱਜ ਤਕ ਨਹੀਂ ਸੁਣੀ।
ਇੱਕ ਸਾਲ ਦੇ ਅੰਦਰ-ਅੰਦਰ ਮੇਰੀ ਬਦਲੀ ਜਲੰਧਰ ਰੇਡੀਓ ‘ਚ ਕਰਵਾ ਦਿੱਤੀ ਗਈ। ਮਹਿੰਦਰੂ ਸਾਹਿਬ ਦੇ ਪਿਤਾ (ਮੇਰੇ ਸਹੁਰਾ ਸਾਹਿਬ) ਉੱਥੇ ਐਕਾਊਂਟ ਅਫ਼ਸਰ ਸਨ ਅਤੇ ਮੇਰੀ ਬਦਲੀ ਲਈ ਉਨ੍ਹਾਂ ਦਾ ਦਿੱਲੀ ਦਫ਼ਤਰ ‘ਚ ਇੱਕ ਫ਼ੋਨ ਕਰਨਾ ਹੀ ਕਾਫ਼ੀ ਸੀ ਅਤੇ ਵਿਦਾਇਗੀ ਵੇਲੇ ਸ਼ੰਕਰ ਸਾਹਿਬ ਦੀ ਕਹੀ ਗੱਲ ਅੱਜ ਵੀ ਮੇਰੇ ਮੂੰਹ ‘ਤੇ ਮੁਸਕਰਾਹਟ ਲੈ ਆਉਂਦੀ ਹੈ: Never wanted you to go from here because I always wanted some smiling faces around me!”
ਸ਼ੁਕਰੀਆ ਸਰ! ਯਾਦਾਂ ਦਾ ਭੰਡਾਰ ਭਰਪੂਰ ਹੈ। ਸਾਂਝੀਆਂ ਹੁੰਦੀਆਂ ਰਹਿਣਗੀਆਂ।