ਐਲੋਪੈਥਿਕ ਦਵਾਈਆਂ ਦੇ ਕੱਟੜ ਤੋਂ ਕੱਟੜ ਹਮਾਇਤੀ ਵੀ ਉਸ ਇਲਾਜ ਪ੍ਰਕਿਰਿਆ ‘ਚ ਮੌਜੂਦ ਮਨੋਵਿਗਿਆਨਕ ਕਾਰਕਾਂ ਦੀ ਹੋਂਦ ਖ਼ਿਲਾਫ਼ ਬਹਿਸ ਨਹੀਂ ਕਰਨਗੇ। ਸਭ ਇਸ ਗੱਲ ਨੂੰ ਮੰਨਦੇ ਹਨ ਕਿ ਖ਼ੁਸ਼ੀ ਵਾਲੀ ਮਨੋਦਸ਼ਾ ਸਵਸਥ ਹੋਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ। ਪਰ, ਆਖ਼ਿਰ ਕਿਸ ਹੱਦ ਤਕ? ਥੋੜ੍ਹਾ ਬਹੁਤ? ਜਾਂ, ਜਿਵੇਂ ਐਲੋਪੈਥੀ ਦੇ ਕੁਝ ਪੂਰਕ ਜਾਂ ਮੁਕਾਬਲੇਬਾਜ਼ ਉਪਚਾਰ ਪ੍ਰਣਾਲੀਆਂ ਦੇ ਪ੍ਰਚਾਰਕ ਵੈਦ ਜਾਂ ਹਕੀਮ ਦਾਅਵਾ ਕਰਦੇ ਹਨ, ਬਹੁਤ ਜ਼ਿਆਦਾ? ਵੈਸੇ ਇਸ ਨਾਲ ਫ਼ਰਕ ਕੀ ਪੈਂਦੈ? ਜੇਕਰ ਕੋਈ ਸ਼ੈਅ ਗ਼ਲਤ ਹੈ, ਅਤੇ ਉਸ ਨੂੰ ਠੀਕ ਕਰਨ ਲਈ ਤੁਸੀਂ ਕੋਈ ਛੋਟੀ-ਮੋਟੀ ਚੀਜ਼ ਵੀ ਕਰ ਸਕਦੇ ਹੋਵੋ ਤਾਂ ਤੁਸੀਂ ਉਹ ਕਿਓਂ ਨਹੀਂ ਕਰੋਗੇ? ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਵੀ, ਤੁਸੀਂ ਇਸ ਵਕਤ ਕੁਝ ਕਰ ਸਕਦੇ ਹੋ। ਉਹ ਵੱਡਾ ਹੋਵੇ ਜਾਂ ਫ਼ਿਰ ਛੋਟਾ, ਉਸ ਨੂੰ ਕਰੋ ਜ਼ਰੂਰ।

ਤੁਹਾਨੂੰ ਕੋਈ ਚੀਜ਼ ਇੰਨੀ ਬੁਰੀ ਤਰ੍ਹਾਂ ਚਾਹੀਦੀ ਹੈ ਕਿ ਤੁਸੀਂ ਉਸ ਦਾ ਸਵਾਦ ਆਪਣੇ ਮੂੰਹ ‘ਚ ਮਹਿਸੂਸ ਕਰ ਸਕਦੇ ਹੋ। ਇਸ ਵਿੱਚ ਕੋਈ ਬੁਰਾਈ ਨਹੀਂ, ਪਰ ਕਿਸੇ ਸੁਪਨੇ ਦੇ ਬਹੁਤ ਜ਼ਿਆਦਾ ਮੁਥਾਜ ਬਣ ਜਾਣਾ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ। ਜੇ ਉਹ ਇੱਕ ਸਹੀ ਅਤੇ ਜਾਇਜ਼ ਇੱਛਾ ਹੈ ਤਾਂ ਉਸ ਨੂੰ ਹਾਸਿਲ ਕਰਨ ਦਾ ਮੌਕਾ ਕੁਦਰਤਨ ਬਣ ਜਾਵੇਗਾ। ਸ਼ਾਇਦ ਤੁਹਾਨੂੰ ਕੋਸ਼ਿਸ਼ ਕਰਨ ਅਤੇ ਧਿਆਨ ਦੇਣ ਦੀ ਲੋੜ ਪਵੇਗੀ, ਪਰ ਇੱਕ ਛੋਟੇ ਜਿਹੇ ਮੌਕੇ ਦਾ ਫ਼ਾਇਦਾ ਉਠਾੳਣ ਅਤੇ ਬਿਨਾ ਸਾਧਨਾਂ ਦੇ ਇੱਕ ਮੌਕਾ ਪੈਦਾ ਕਰਨ ‘ਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਤੁਸੀਂ ਜਿਵੇਂ ਮਰਜ਼ੀ ਚਾਹੋ ਧੱਕੋ ਜਾਂ ਖਿੱਚੋ, ਚਮਤਕਾਰ ਵਰਤਾਉਣਾ ਤੁਹਾਡੇ ਵੱਸ ਦਾ ਰੋਗ ਨਹੀਂ। ਪਰ ਜੇਕਰ ਤੁਸੀਂ ਸ਼ਾਂਤ ਅਤੇ ਸਪੱਸ਼ਟ ਰਹਿ ਸਕੋ, ਤੁਸੀਂ ਆਹਿਸਤਾ-ਆਹਿਸਤਾ ਉਸ ਸਥਿਤੀ ‘ਚ ਪਹੁੰਚ ਜਾਓਗੇ ਜਿੱਥੋਂ ਤੁਹਾਨੂੰ ਵਧੇਰੇ ਦਿਲਫ਼ਰੇਬ ਮੌਕੇ ਉਪਲਬਧ ਹੋਣਗੇ।

ਤੁਸੀਂ ਕੁਝ ਜਿੱਤਦੇ ਹੋ, ਤੁਸੀਂ ਕੁਝ ਹਾਰਦੇ ਹੋ, ਅਤੇ ਕੁਝ ‘ਤੇ ਤੁਸੀਂ ਕੇਵਲ ਇੱਕ ਸਰਸਰੀ ਜਿਹੀ ਨਜ਼ਰ ਮਾਰਦੇ ਹੋ ਅਤੇ ਤੁਹਾਨੂੰ ਅਹਿਸਾਸ ਹੋ ਜਾਂਦੈ, ਇੱਕ ਪਲ ‘ਚ ਹੀ, ਕਿ ਸਫ਼ਲਤਾ ਬਨਾਮ ਅਸਫ਼ਲਤਾ ਦਾ ਇਹ ਸਾਰਾ ਖ਼ਿਆਲ ਹੀ ਬਚਕਾਨਾ ਅਤੇ ਬੇਮਤਲਬ ਹੈ। ਇਸ ਵਕਤ ਤੁਹਾਨੂੰ ਅੰਕਾਂ ਜਾਂ ਇਨਾਮਾਂ ਨੂੰ ਪ੍ਰਾਪਤ ਕਰਨ ਦੀ ਕੋਈ ਹੋੜ ਨਹੀਂ। ਤੁਸੀਂ ਇੱਕ ਸ਼ਕਤੀਸ਼ਾਲੀ ਤਜਰਬੇ ਪ੍ਰਤੀ ਡੂੰਘੀ ਪ੍ਰਤੀਕਿਰਿਆ ਦੇ ਰਹੇ ਹੋ। ਇੱਕ ਤਰ੍ਹਾਂ ਇਹ ਵਰਤਾਰਾ ਨਿਮਰਤਾ ਨਾਲ ਭਰਨ ਵਾਲਾ ਹੈ, ਅਤੇ ਦੂਜੀ ਤਰ੍ਹਾਂ ਇਹ ਪ੍ਰੇਰਿਤ ਕਰਦੈ। ਜੀਵਨ ਇੱਕ ਹੋਰ ਅੱਖਾਂ-ਖੋਲ੍ਹਣ ਵਾਲੀ ਪ੍ਰਕਿਰਿਆ ਲਿਆ ਰਿਹੈ। ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਮੌਜੂਦ ਕਿਸੇ ਮਸਲੇ ‘ਚ ਕੋਈ ਵੀ ਪ੍ਰਗਤੀ ਕਰਨ ਦੀ ਉਮੀਦ ਬੇਸ਼ੱਕ ਤਿਆਗ ਦਿੱਤੀ ਹੋਵੇਗੀ ਪਰ ਹੁਣ ਆਉਣ ਵਾਲੈ ਉਸ ਦਾ ਸਹੀ ਅਤੇ ਪੁਖ਼ਤਾ ਹਲ। ਜਦੋਂ ਉਹ ਆਵੇ, ਉਸ ਨੂੰ ਬੋਚ ਲਿਆ ਜੇ।

ਅੰਗ੍ਰੇਜ਼ੀ ਦਾ ਇੱਕ ਗੀਤ ਹੈ, Life is just a bowl of cherries, ਭਾਵ ਇਹ ਜੀਵਨ ਤਾਂ ਕੇਵਲ ਚੈਰੀਆਂ ਨਾਲ ਭੱਰਿਆ ਹੋਇਆ ਇੱਕ ਕਟੋਰਾ ਹੈ। ਵਾਹ ਜੀ ਵਾਹ, ਚੈਰੀਆਂ ਨਾਲ ਹੈਂ? ਜਦੋਂ ਜੌਰਜ ਅਤੇ ਆਇਰਾ ਗਰਸ਼ਵਿਨ ਭਰਾ ਇਸ ਗੀਤ ‘ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਵੇਲਿਆਂ ‘ਚ ਇਹ ਸੰਸਾਰ ਰਹਿਣ ਲਈ ਇੱਕ ਆਸਾਨ ਸਥਾਨ ਹੁੰਦਾ ਸੀ। ਅੱਜਕੱਲ੍ਹ ਦੇ ਵਧੇਰੇ ਗੁੰਝਲਦਾਰ ਸਮਿਆਂ ‘ਚ, ਸਾਨੂੰ ਇਹ ਗੀਤ ਦੋਬਾਰਾ ਲਿਖਣਾ ਪੈਣੈ ਤਾਂ ਕਿ ਅਸੀਂ ਇਸ ਵਿੱਚ ਚੈਰੀਆਂ ਦੇ ਨਾਲ-ਨਾਲ ਵੱਖੋ-ਵੱਖਰੀਆਂ ਬੈਰੀਆਂ ਵੀ ਸ਼ਾਮਿਲ ਕਰ ਸਕਦੇ। ਸਾਡੀ ਨਵੀਂ, ਸਿਹਤ ਪੱਖੋਂ ਜਾਗਰੂਕ 21ਵੀਂ ਸਦੀ, ‘ਚ ਸਵਾਦ ਜਿੰਨਾ ਤਿੱਖਾ ਹੋਵੇ, ਤੁਹਾਡੇ ਲਈ ਸ਼ਾਇਦ ਓਨਾ ਹੀ ਵਧੀਆ ਜ਼ਾਇਕਾ। ਵੈਸੇ ਵੀ, ਤੁਹਾਨੂੰ ਇਹ ਕਿਸ ਨੇ ਕਿਹੈ ਕਿ ਜ਼ਿੰਦਗੀ ਹਮੇਸ਼ਾ ਮਿੱਠੀ ਹੋਣੀ ਚਾਹੀਦੀ ਸੀ? ਤੁਹਾਡਾ ਭਾਵਨਾਤਮਕ ਜੀਵਨ ਤੁਹਾਨੂੰ ਜਿਵੇਂ ਦਾ ਮਰਜ਼ੀ ਪਿਆ ਜਾਪੇ, ਇਹ ਬੋਰਿੰਗ ਨਹੀਂ ਹੋਣ ਵਾਲਾ … ਨਾ ਹੀ ਇਹ ਭੈੜਾ ਹੋਣ ਵਾਲੈ। ਹਾਂ, ਖੱਟਮਿੱਠਾ ਹੋ ਸਕਦੈ।

ਜਦੋਂ ਤਕ ਭਾਵਨਾਤਮਕ ਦਰਦ ਦੇ ਸ੍ਰੋਤ ਨਾਲ ਸਾਡਾ ਸਾਹਮਣਾ ਨਹੀਂ ਹੁੰਦਾ, ਅਸੀਂ ਉਸ ਨੂੰ ਦੱਬ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਦੇ ਹਾਂ ਕਿਉਂਕਿ ਉਨ੍ਹਾਂ ਨਾਲ ਨਜਿੱਠਣਾ ਸਾਨੂੰ ਬਹੁਤ ਅਣਸੁਖਾਵਾਂ ਲੱਗਦੈ। ਜੇ ਅਸੀਂ ਥੋੜ੍ਹੇ ਚਲਾਕ ਹੋਈਏ, ਅਸੀਂ ਉਨ੍ਹਾਂ ਨੂੰ ਇਸ ਹੱਦ ਤਕ ਦੱਬ ਕੇ ਰੱਖ ਸਕਦੇ ਹਾਂ ਕਿ ਉਹ ਜ਼ਹਿਰੀਲੇ ਪਦਾਰਥ ਨਾਲ ਭਰਿਆ ਇੱਕ ਛੱਪੜ ਬਣ ਜਾਣ। ਉਸ ਛੱਪੜ ‘ਚੋਂ ਓਨਾ ਚਿਰ ਕੋਈ ਬਦਬੂ ਨਹੀਂ ਆਵੇਗੀ ਜਦੋਂ ਤਕ ਉਸ ਦੀ ਉੱਪਰਲੀ ਸਤਹ ਨੂੰ ਨਾ ਛੇੜਿਆ ਜਾਵੇ, ਪਰ ਫ਼ਿਰ … ਮੈਂ ਕੇਵਲ ਇੰਨਾ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾਂ ਕਿ ਇਸ ਵਕਤ ਤੁਹਾਡਾ ਇੱਕ ਹਿੱਸਾ ਬਹੁਤ ਸੰਵੇਦਨਸ਼ੀਲ ਮਹਿਸੂਸ ਕਰ ਰਿਹਾ ਹੈ। ਕਿਸੇ ਨਾਕਾਰਾਤਮਕ ਅਹਿਸਾਸ ਨੂੰ ਪੱਠੇ ਨਾ ਪਾਓ। ਆ ਪਿਆ ਜੇ ਇੱਕ ਮੌਕਾ ਇਹ ਦੇਖਣ ਦਾ ਕਿ ਕਿਹੜੀ ਚੀਜ਼ ਉਸ ਨੂੰ ਪੈਦਾ ਕਰ ਰਹੀ ਸੀ, ਅਤੇ ਉਸ ਤੋਂ ਵੱਡੇ ਬਣ ਕੇ, ਉਸ ਤੋਂ ਉੱਪਰ ਉੱਠ ਕੇ ਦਿਖਾਉਣ ਦਾ।