ਭਾਰਤ ’ਚ ਇਸ ਮਾਨਸੂਨ ਵਧੇਰੇ ਮੀਂਹ ਪੈਣ ਦੀ ਸੰਭਾਵਨਾ: IMD

ਨਵੀਂ ਦਿੱਲੀ- ਭਾਰਤ ਵਿਚ ਇਸ ਮਾਨਸੂਨ ’ਚ ਪਹਿਲਾਂ ਕੀਤੀ ਗਈ ਭਵਿੱਖਬਾਣੀ ਨਾਲੋਂ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁਜਯ ਮਹਾਪਾਤਰਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ”ਮਾਨਸੂਨ ਦੇ ਇਸ ਮੌਸਮ ਵਿਚ ਔਸਤ ਮੀਂਹ ਲੰਬੇ ਸਮੇਂ ਦੀ ਔਸਤ ਦਾ 103 ਫੀਸਦੀ ਰਹਿਣ ਦੀ ਸੰਭਾਵਨਾ ਹੈ।’’ IMD ਨੇ ਅਪ੍ਰੈਲ ’ਚ ਕਿਹਾ ਸੀ ਕਿ ਦੇਸ਼ ’ਚ ਆਮ ਵਾਂਗ ਮੀਂਹ ਪਵੇਗਾ, ਜੋ ਲੰਬੇ ਸਮੇਂ ਦੇ ਔਸਤ ਦਾ 99 ਫੀਸਦੀ ਹੋਵੇਗਾ।
ਮੌਜੂਦਾ ਮਾਨਸੂਨ ਸੀਜ਼ਨ ਲਈ ਅਪਡੇਟ ਕੀਤੀ ਲੰਬੀ ਮਿਆਦ ਦੀ ਭਵਿੱਖਬਾਣੀ ਨੂੰ ਜਾਰੀ ਕਰਦੇ ਹੋਏ ਮਹਾਪਾਤਰਾ ਨੇ ਕਿਹਾ, “ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਚੰਗਾ ਮੀਂਹ ਪਵੇਗਾ। ਉਨ੍ਹਾਂ ਕਿਹਾ ਕਿ ਮੱਧ ਅਤੇ ਪ੍ਰਾਇਦੀਪ ਭਾਰਤ ’ਚ ਮੀਂਹ ਦੇ ਲੰਬੇ ਸਮੇਂ ਦੇ ਔਸਤ ਦਾ 106 ਫ਼ੀਸਦੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਜਦੋਂ ਕਿ ਉੱਤਰ-ਪੂਰਬੀ ਖੇਤਰ ਵਿਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। IMD ਨੇ 29 ਮਈ ਨੂੰ ਐਲਾਨ ਕੀਤਾ ਸੀ ਕਿ ਦੱਖਣ-ਪੱਛਮੀ ਮਾਨਸੂਨ ਆਪਣੇ ਆਮ ਨਿਰਧਾਰਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਨੂੰ ਐਤਵਾਰ ਨੂੰ ਕੇਰਲ ਪਹੁੰਚ ਗਿਆ ਸੀ।