ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ‘ਚ ਦੋ ਸਥਾਨਕ ਅੱਤਵਾਦੀ ਮਾਰੇ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਖੇਤਰ ਦੇ ਰਾਜਪੋਰਾ ‘ਚ ਸੁਰੱਖਿਆ ਦਸਤਿਆਂ ਨੇ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਅਧਿਕਾਰੀ ਮੁਤਾਬਕ ਮੁਕਾਬਲੇ ‘ਚ ਦੋ ਸਥਾਨਕ ਅੱਤਵਾਦੀ ਮਾਰੇ ਗਏ।
ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਏਕੇ ਰਾਈਫਲਾਂ ਅਤੇ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ ਹੈ। ਕਸ਼ਮੀਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਇਕ ਸਰਕਾਰੀ ਕਰਮਚਾਰੀ ਸਮੇਤ ਆਮ ਨਾਗਰਿਕਾਂ ਦੇ ਕਤਲ ’ਚ ਸ਼ਾਮਲ ਸਨ। ਉਨ੍ਹਾਂ ਨੇ ਟਵੀਟ ਕੀਤਾ, ”ਮਾਰੇ ਗਏ ਅੱਤਵਾਦੀਆਂ ਦੀ ਪਛਾਣ ਤਰਾਲ ਦੇ ਸ਼ਾਹਿਦ ਰਾਥਰ ਅਤੇ ਸ਼ੋਪੀਆਂ ਦੇ ਉਮਰ ਯੂਸਫ ਵਜੋਂ ਹੋਈ ਹੈ। ਹੋਰ ਅੱਤਵਾਦੀ ਅਪਰਾਧਾਂ ਤੋਂ ਇਲਾਵਾ ਸ਼ਾਹਿਦ ਅਰੀਪਾਲ ਦੀ ਇਕ ਔਰਤ ਸ਼ਕੀਲਾ ਅਤੇ ਲੂਰਗਾਮ ਤਰਾਲ ਦੇ ਇਕ ਸਰਕਾਰੀ ਕਰਮਚਾਰੀ ਜਾਵਿਦ ਅਹਿਮਦ ਦੇ ਕਤਲ ਵਿਚ ਸ਼ਾਮਲ ਸੀ।