ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਨੇ NIA ਕੋਰਟ ਦਾ ਕੀਤਾ ਰੁਖ਼

ਨਵੀਂ ਦਿੱਲੀ : ਮਸ਼ਹੂਰ ਗਾਇਕ ਸਿੱਧੂੁ ਮੂਸੇਵਾਲਾ ਦੇ ਦਰਦਨਾਕ ਕਤਲ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਨੇ ਐੱਨ. ਆੲੀ. ਏੇ. ਕੋਰਟ ਦਾ ਰੁਖ਼ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਸ ਵੱਲੋਂ ਐਨਕਾਊਂਟਰ ਕੀਤੇ ਜਾਣ ਦੇ ਡਰੋਂ ਐੱਨ. ਆੲੀ. ਏ. ਕੋਰਟ ’ਚ ਪਟੀਸ਼ਨ ਪਾਈ ਹੈ।
ਲਾਰੈਂਸ ਬਿਸ਼ਨੋਈ ਨੇ ਅੱਜ ਐੱਨ. ਆਈ. ਏ. ਕੋਰਟ ਵਿਚ ਪੇਸ਼ੀ ਦੌਰਾਨ ਇਕ ਪਟੀਸ਼ਨ ਪਾਈ, ਜਿਸ ’ਚ ਉਸ ਨੇ ਕਿਹਾ ਕਿ ਜੇ ਪੰਜਾਬ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਨਹੀਂ ਤਾਂ ਉਸ ਦਾ ਐਨਕਾਊਂਟਰ ਵੀ ਹੋ ਸਕਦਾ ਹੈ। ਐੱਨ. ਆਈ. ਏ. ਕੋਰਟ ਨੇ ਬਿਸ਼ਨੋਈ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕੋਰਟ ਨੇ ਕਿਹਾ ਹੈ ਕਿ ਅਮਨ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ, ਇਸ ਲਈ ਇਸ ਪਟੀਸ਼ਨ ’ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ। ਗੋਲ਼ੀਆਂ ਲੱਗਣ ਕਾਰਣ ਸਿੱਧੂ ਮੂਸੇਵਾਲ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਤੁਰੰਤ ਮਾਨਸਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੌਂਦ ਫਾਇਰ ਕੀਤੇ ਸਨ, ਜਿਸ ’ਚ ਸਿੱਧੂ ਦੇ ਲੱਗਭਗ 20 ਗੋਲ਼ੀਆਂ ਲੱਗੀਆਂ।