ਸਿੱਧੂ ਮੂਸੇਵਾਲਾ ਕਤਲ ਮਾਮਲਾ; ਕਾਂਗਰਸ ਨੇ CM ਕੇਜਰੀਵਾਲ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ– ਮਸ਼ਹੂਰ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਸਮੇਤ ਪੂਰੇ ਦੇਸ਼ ’ਚ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਨੇ ਸਿੱਧੂ ਦੇ ਕਤਲ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿੱਧੂ ਦੇ ਕਤਲ ਮਗਰੋਂ ਸੋਮਵਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਸਨ, ਜਿਸ ’ਤੇ ਲਿਖਿਆ ਸੀ ‘ਪੰਜਾਬ ’ਚ ਵਧਿਆ ਅਪਰਾਧ ਦਾ ਗਰਾਫ, ਕੇਜਰੀਵਾਲ ਜਵਾਬ ਦਿਓ।’ ‘ਕਾਤਲ ਕੇਜਰੀਵਾਲ ਜਵਾਬ ਦਿਓ, ਦੇ ਨਾਅਰੇ ਲਾਏ। ਇਸ ਧਰਨਾ ਪ੍ਰਦਰਸ਼ਨ ’ਚ ਦਿੱਲੀ ਕਾਂਗਰਸ ਪ੍ਰਦੇਸ਼ ਪ੍ਰਧਾਨ ਅਨਿਲ ਚੌਧਰੀ ਨਾਲ ਵੱਡੀ ਗਿਣਤੀ ’ਚ ਪਾਰਟੀ ਵਰਕਰ ਮੌਜੂਦ ਰਹੇ। ਕੇਜਰੀਵਾਲ ਦੇ ਘਰ ਦੇ ਬਾਹਰ ਵਰਕਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਉਸ ਦੀ ਸੁਰੱਖਿਆ ਹਟਾਏ ਜਾਣ ਦਾ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆਏ।
ਦੱਸ ਦੇਈਏ ਕਿ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਐਤਵਾਰ 29 ਮਈ ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਅਣਪਛਾਤੇ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ ਮੂਸੇਵਾਲਾ ਸਮੇਤ 424 ਵੀ. ਆਈ. ਪੀ. ਦੀ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ ਵਾਪਰੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਪਾ ਕੇ ਲਈ।