ਸ਼੍ਰੀਨਗਰ – ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ 7 ਕਿਲੋਗ੍ਰਾਮ ਹੈਰੋਇਨ ਅਤੇ 2 ਆਧੁਨਿਕ ਵਿਸਫ਼ੋਟਕ ਉਪਕਰਣ (ਆਈ.ਈ.ਡੀ.) ਬਰਾਮਦ ਕੀਤੇ ਗਏ ਹਨ। ਕੁਪਵਾੜਾ ਦੇ ਸੀਨੀਅਰ ਪੁਲਸ ਸੁਪਰਡੈਂਟ ਯੁਗਲ ਮਨਹਾਸ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਨਸ਼ੀਲੇ ਪਦਾਰਥਾਂ ਅਤੇ ਆਈ.ਈ.ਡੀ. ਦੀ ਬਰਾਮਦਗੀ ਨੂੰ ਇਕ ਵੱਡੀ ਸਫ਼ਲਤਾ ਕਰਾਰ ਦਿੱਤਾ ਹੈ। ਸੰਯੁਕਤ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਕੁਪਵਾੜਾ ਦੇ ਸਾਧਨਾ ਟੌਪ ‘ਚ ਨਿਯਮਿਤ ਜਾਂਚ ਦੌਰਾਨ ਇਕ ਵਾਹਨ ਤੋਂ ਨਸ਼ੀਲਾ ਪਦਾਰਥ ਅਤੇ ਆਈ.ਈ.ਡੀ. ਬਰਾਮਦ ਕੀਤਾ।
ਮਨਹਾਸ ਨੇ ਕਿਹਾ,”ਵਾਹਨ ਦੀ ਤਲਾਸ਼ੀ ਦੌਰਾਨ, ਇਮਤਿਆਜ਼ ਅਹਿਮਦ, ਗੁਲਾਮ ਨਬੀ ਅਤੇ ਸ਼ਮਸ ਬੇਗਮ ਦੇ ਕਬਜ਼ੇ ਤੋਂ ਲਗਭਗ 7 ਕਿਲੋਗ੍ਰਾਮ ਭਾਰੀ ਹੈਰੋਇਨ ਵਰਗੇ ਪਦਾਰਥ ਦੇ 7 ਪੈਕੇਟ ਅਤੇ 2 ਆਈ.ਈ.ਡੀ. ਬਰਾਮਦ ਕੀਤੇ ਗਏ। ਸਾਰੇ ਤੰਗਧਾਰ ਦੇ ਚਿੱਤਰਕੋਟ ਦੇ ਵਾਸੀ ਸਨ।” ਉਨ੍ਹਾਂ ਕਿਹਾ,”ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਤਿੰਨੋਂ ਨਸ਼ੀਲੇ ਪਦਾਰਥਾਂ ਅਤੇ ਆਈ.ਈ.ਡੀ. ਨੂੰ ਕਸ਼ਮੀਰ ਘਾਟੀ ਦੇ ਹੋਰ ਹਿੱਸਿਆਂ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਲਈ ਲਿਜਾ ਰਹੇ ਸਨ।” ਪੁਲਸ ਨੇ ਦੱਸਿਆ ਕਿ ਥਾਣਾ ਕਰਨਾਹ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।