ਸ਼ੇਰਪੁਰ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੋਣ ਜਾ ਰਹੀ ਚੋਣ ਸਬੰਧੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਇਹ ਚੋਣ 23 ਜੂਨ ਨੂੰ ਹੋਵੇਗੀ ਜਿਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਲੋਕ ਸਭਾ ਚੋਣ ਲੜਨ ਲਈ ਸਿਆਸੀ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ । ਪ੍ਰੰਤੂ ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿਚ ਹਾਸ਼ੀਏ ’ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ (ਬ) ਲਈ ਸਥਿਤੀ ਕਸੂਤੀ ਬਣੀ ਹੋਈ ਹੈ, ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਸਭਾ ਹਲਕਾ ਸੰਗਰੂਰ ਅੰਦਰ ਪੈਂਦੇ 10 ਵਿਧਾਨ ਸਭਾ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਅਤੇ ਕਈ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 10 ਵਿਧਾਨ ਹਲਕਿਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਸਬੰਧੀ ਫੀਡਬੈਕ ਲਈ ਗਈ ਸੀ ਅਤੇ ਜ਼ਿਆਦਾਤਰ ਆਗੂਆਂ ਨੇ ਕਿਸੇ ਪੰਥਕ ਉਮੀਦਵਾਰ ਨੂੰ ਉਤਾਰਣ ’ਤੇ ਜ਼ੋਰ ਦਿੱਤਾ। ਸੂਤਰਾਂ ਅਨੁਸਾਰ ਕਈ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਦੀ ਹਾਮੀ ਵੀ ਭਰੀ ਪ੍ਰੰਤੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦੇ ਹੱਕ ਵਿਚ ਨਹੀਂ ਹਨ, ਜਿਸ ਕਰਕੇ ਪਾਰਟੀ ਵੱਲੋਂ ਜਾਂ ਤਾਂ ਕਿਸੇ ਪੰਥਕ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ ਜਾਂ ਫਿਰ ਪਾਰਟੀ ਦੇ ਕਿਸੇ ਵੱਡੇ ਆਗੂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਨੂੰ ਡਰ ਹੈ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਤੋਂ ਵੱਧ ਵੋਟਾਂ ਨਾ ਲੈ ਜਾਣ।