ਵਿਜੇ ਸਿੰਗਲਾ ਦੀ ਪਿਛਲੇ ਤਿੰਨ ਮਹੀਨਿਆਂ ਦੀ ਕਾਲ ਡਿਟੇਲ ਖੰਘਾਲਣ ਵਿੱਚ ਜੁਟੀ ਪੁਲਿਸ

ਚੰਡੀਗੜ੍ਹ- ਪੰਜਾਬ ਦੇ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਗਏ ਮਾਨਸਾ ਤੋਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਵਿਜੇ ਸਿੰਗਲਾ ਦੇ ਘਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਜੇ ਸਿੰਗਲਾ ਅਤੇ ਉਸਦੇ ਲਗਭਗ 13 ਕਰੀਬੀਆਂ ਦੀ ਪਿਛਲੇ 2 ਜਾਂ 3 ਮਹੀਨਿਆਂ ਦੀ ਕਾਲ ਡਿਟੇਲ ਵੀ ਪੁਲਿਸ ਵੱਲੋਂ ਪ੍ਰਾਪਤ ਕੀਤੀ ਜਾਣੀ ਹੈ। ਇਹਨਾਂ ਵਿੱਚ ਵਿਜੇ ਸਿੰਗਲਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬ ਸਿਵਲ ਸਕੱਤਰੇਤ ਵਿਖੇ ਤੈਨਾਤ ਉਹਨਾਂ ਦੇ ਸਟਾਫ ਦੇ ਕਈ ਕਰੀਬੀ ਮੈਂਬਰ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਭ੍ਰਿਸ਼ਟਚਾਰ ਦੇ ਦੋਸ਼ਾਂ ਵਿੱਚ ਘਿਰੇ ਵਿਜੇ ਸਿੰਗਲਾ ਦੇ ਸਿਹਤ ਮੰਤਰੀ ਰਹਿੰਦਿਆਂ ਪਾਸ ਕੀਤੇ ਗਏ ਟੈਂਡਰਾਂ ਦੀ ਪੜਤਾਲ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸਿੰਗਲਾ ਅਤੇ ਉਹਨਾਂ ਦੇ ਭਾਣਜੇ ਪ੍ਰਦੀਪ ਜੋ ਕਿ ਸਿੰਗਲਾ ਦਾ ਓਐਸਡੀ ਵੀ ਸੀ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਪੁਲਿਸ ਨੇ ਇੱਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।