ਪਾਕਿਸਤਾਨ ਦੇ ਸਿੰਧ ਸੂਬੇ ‘ਚ ਧਾਰਾ 144 ਲਾਗੂ

ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕਈ ਅੱਤਵਾਦੀ ਹਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਸੂਬਾਈ ਸਰਕਾਰ ਨੇ ਮੰਗਲਵਾਰ ਨੂੰ ਪੂਰੇ ਸੂਬੇ ਵਿਚ ਧਾਰਾ 144 ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਿੰਧ ਸਰਕਾਰ ਦਾ ਇਹ ਕਦਮ ਕਰਾਚੀ ਵਿੱਚ ਲੜੀਵਾਰ ਬੰਬ ਧਮਾਕਿਆਂ ਅਤੇ ਮਹਾਂਨਗਰ ਦੇ ਦੱਖਣੀ ਜ਼ਿਲ੍ਹੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਸਿੰਧ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਚੇਤਾਵਨੀ ਦੇ ਮੱਦੇਨਜ਼ਰ ਆਇਆ ਹੈ।
ਗ੍ਰਹਿ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੰਧ ਦੇ ਗ੍ਰਹਿ ਵਿਭਾਗ ਨੇ ਜ਼ਿਲ੍ਹਾ ਦੱਖਣੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਡਰੋਨ ਕੈਮਰਿਆਂ ਅਤੇ ਮਨੁੱਖ ਰਹਿਤ ਏਰੀਅਲ ਵਹੀਕਲਜ਼ (ਯੂ.ਏ.ਵੀ.) ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਡਰੋਂ ਕਿ ਅੱਤਵਾਦੀ ਡਰੋਨਾਂ ਰਾਹੀਂ ਸ਼ਹਿਰ ਦੀਆਂ ਮਹੱਤਵਪੂਰਨ ਇਮਾਰਤਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਪੂਰੇ ਸਿੰਧ ‘ਚ ਇਕੱਠ, ਜਲੂਸ ਅਤੇ ਮੀਟਿੰਗਾਂ ‘ਤੇ ਪਾਬੰਦੀ ਰਹੇਗੀ।
26 ਅਪ੍ਰੈਲ ਨੂੰ ਕਰਾਚੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਬਲੋਚੀ ਮਹਿਲਾ ਵੱਲੋਂ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ ਤਿੰਨ ਚੀਨੀ ਨਾਗਰਿਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਕਰਾਚੀ ਦੇ ਸਦਰ ਇਲਾਕੇ ‘ਚ 13 ਮਈ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ। ਇਸ ਦੌਰਾਨ 16 ਮਈ ਨੂੰ ਕਰਾਚੀ ਦੇ ਖਰਦਰ ਦੇ ਭੀੜ-ਭੜੱਕੇ ਵਾਲੇ ਬੋਲਟਨ ਮਾਰਕੀਟ ਵਿੱਚ ਹੋਏ ਧਮਾਕੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਤਿੰਨ ਪੁਲਸ ਅਧਿਕਾਰੀਆਂ ਸਮੇਤ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।