ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI

ਨਵੀਂ ਦਿੱਲੀ: ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਕੁਤੁਬ ਮੀਨਾਰ ਕੰਪਲੈਕਸ ਵਿਚ ਹਿੰਦੂ ਅਤੇ ਜੈਨ ਮੰਦਰਾਂ ਦੀ ਬਹਾਲੀ ਅਤੇ ਪੂਜਾ ਦੀ ਇਜਾਜ਼ਤ ਦਿੱਤੇ ਜਾਣ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ। ASI ਨੇ ਕਿਹਾ ਹੈ ਕਿ ਪੁਰਾਤੱਤਵ ਮਹੱਤਵ ਵਾਲੇ ਸਥਾਨ ਨੂੰ ਮੌਲਿਕ ਅਧਿਕਾਰ ਦੇ ਨਾਂ ‘ਤੇ ਸੁਰੱਖਿਅਤ ਕੀਤਾ ਗਿਆ ਹੈ ਅਤੇ ਇੱਥੇ ਕੋਈ ਉਲੰਘਣਾ ਨਹੀਂ ਹੋ ਸਕਦੀ। ਦਿੱਲੀ ਦੀ ਸਾਕੇਤ ਅਦਾਲਤ ’ਚ ਹਿੰਦੂ ਪੱਖ ਵੱਲੋਂ ਦਾਇਰ ਇਕ ਅਰਜ਼ੀ ਦੇ ਜਵਾਬ ’ਚ ASI ਨੇ ਕਿਹਾ ਹੈ ਕਿ ਸੁਰੱਖਿਅਤ ਜਗ੍ਹਾ ਦੀ ਪਛਾਣ ਨਹੀਂ ਬਦਲੀ ਜਾ ਸਕਦੀ। ASI ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਕੁਤੁਬ ਮੀਨਾਰ ਇਕ ਸਮਾਰਕ ਹੈ ਅਤੇ ਇੱਥੇ ਕਿਸੇ ਵੀ ਧਰਮ ਨੂੰ ਪੂਜਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ASI ਨੇ ਹਲਫ਼ਨਾਮੇ ’ਚ ਕਿਹਾ ਹੈ ਕਿ ਅੰਤਰਿਮ ਅਰਜ਼ੀ ਦੇ ਪੈਰਾ ਦੋ ਵਿਚ ਕਿਹਾ ਗਿਆ ਹੈ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਤੁਬ ਮੀਨਾਰ ਕੰਪਲੈਕਸ ’ਚ ਬਹੁਤ ਸਾਰੀਆਂ ਮੂਰਤੀਆਂ ਹਨ ਪਰ ਇਸ ਕੇਂਦਰੀ ਤੌਰ ‘ਤੇ ਸੁਰੱਖਿਅਤ ਸਮਾਰਕ ’ਚ ਪੂਜਾ ਕਰਨ ਦੇ ਬਚਾਓ ਪੱਖ ਜਾਂ ਕਿਸੇ ਹੋਰ ਵਿਅਕਤੀ ਵਲੋਂ ਦਾਅਵੇ ਨੂੰ ਸਵੀਕਾਰਨਾ ਪੁਰਾਤਨ ਸਮਾਰਕ, ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ ਐਕਟ, 1958 ਦੀਆਂ ਵਿਵਸਥਾਵਾਂ ਦੇ ਵਿਰੁੱਧ ਹੋਵੇਗਾ।
ਕੇਂਦਰ ਸਰਕਾਰ ਦੀ ਏਜੰਸੀ ASI ਨੇ ਕਿਹਾ, “ਇਸ (ਸੁਰੱਖਿਅਤ) ਸਥਾਨ ਦੀ ਉਲੰਘਣਾ ਕਰਕੇ ਬੁਨਿਆਦੀ ਅਧਿਕਾਰਾਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ASI ਨੇ ਆਪਣੇ ਹਲਫ਼ਨਾਮੇ ਵਿਚ ਕਿਹਾ ਕਿ ਕੁਤੁਬ ਮੀਨਾਰ ਨੂੰ 1914 ਤੋਂ ਇਕ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦੀ ਸਥਿਤੀ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਵਿਚ ਪੂਜਾ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਏਜੰਸੀ ਨੇ ਕਿਹਾ ਕਿ ਜਦੋਂ ਤੋਂ ਇਸ ਨੂੰ ਸੁਰੱਖਿਅਤ ਸਮਾਰਕ ਐਲਾਨਿਆ ਗਿਆ ਹੈ, ਉਦੋਂ ਤੋਂ ਇੱਥੇ ਕੋਈ ਪੂਜਾ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਹਰੀਸ਼ੰਕਰ ਜੈਨ ਨੇ ਅਦਾਲਤ ‘ਚ ਦਾਇਰ ਅਰਜ਼ੀ ‘ਚ ਕਿਹਾ ਹੈ ਕਿ ਕੁਤੁਬ ਮੀਨਾਰ ਕੰਪਲੈਕਸ ‘ਚ ਕਰੀਬ 27 ਮੰਦਰਾਂ ਦੇ 100 ਤੋਂ ਵੱਧ ਅਵਸ਼ੇਸ਼ ਖਿੱਲਰੇ ਪਏ ਹਨ। ਪਟੀਸ਼ਨਕਰਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੰਪਲੈਕਸ ’ਚ ਸ਼੍ਰੀ ਗਣੇਸ਼, ਵਿਸ਼ਨੂੰ ਅਤੇ ਯਕਸ਼ ਸਮੇਤ ਕਈ ਹਿੰਦੂ ਦੇਵੀ-ਦੇਵਤਿਆਂ ਦੀਆਂ ਆਕ੍ਰਿਤੀਆਂ ਸਪੱਸ਼ਟ ਹਨ ਅਤੇ ਮੰਦਰ ਦੇ ਖੂਹਾਂ ਦੇ ਨਾਲ-ਨਾਲ ਕਲਸ਼ ਅਤੇ ਪਵਿੱਤਰ ਕਮਲ ਦੇ ਅਵਸ਼ੇਸ਼ ਵੀ ਹਨ ਜੋ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਕੰਪਲੈਕਸ ਅਸਲ ਵਿਚ ਹਿੰਦੂ ਸਥਾਨ ਹੈ।