ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਆਮ ਆਦਮੀ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਕਪਿਲ ਦੇਵ ਕੁਰੂਕਸ਼ੇਤਰ ‘ਚ 29 ਮਈ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ‘ਚ ਪਾਰਟੀ ਜੁਆਇਨ ਕਰ ਸਕਦੇ ਹਨ। ਇਸ ਰੈਲੀ ‘ਚ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੀ ਪੁੱਜਣਗੇ।
ਜੇਕਰ ਕਪਿਲ ਦੇਵ ਆਪ (AAP) ‘ਚ ਸ਼ਾਮਲ ਹੁੰਦੇ ਹਨ ਤਾਂ ਹਰਿਆਣਾ ‘ਚ ਕੇਜਰੀਵਾਲ ਦੀ ਪਾਰਟੀ ਨੂੰ ਇਕ ਵੱਡਾ ਚਿਹਰਾ ਮਿਲ ਜਾਵੇਗਾ। ਹਰਿਆਣਾ ‘ਚ 2024 ‘ਚ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਪੰਜਾਬ ਵਿਧਾਨਸਭਾ ‘ਚ ਮਿਲੀ ਰਿਕਾਰਡ ਤੋੜ ਜਿੱਤ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਹਰਿਆਣਾ ‘ਤੇ ਫੋਕਸ ਕਰ ਰਹੀ ਹੈ। ਖ਼ੁਦ ਅਰਵਿੰਦ ਕੇਜਰੀਵਾਲ ਹਰਿਆਣਾ ਦੀ ਸਿਵਾਨੀ ਮੰਡੀ ਤੋਂ ਹਨ।
ਜ਼ਿਕਰਯੋਗ ਹੈ ਕਿ ਕਪਿਲ ਦੇਵ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਨੇ ਚੰਡੀਗੜ੍ਹ ਡੀ. ਏ. ਵੀ. ਸਕੂਲ ਤੋਂ ਪੜ੍ਹਾਈ ਕੀਤੀ ਪਰ ਉਹ ਹਰਿਆਣਾ ਟੀਮ ਲਈ ਕ੍ਰਿਕਟ ਖੇਡਦੇ ਸਨ। ਕਪਿਲ ਦੇਵ ਨੇ ਰਣਜੀ ਟਰਾਫੀ ਵਿੱਚ ਹਰਿਆਣਾ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ। ਆਮ ਆਦਮੀ ਪਾਰਟੀ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਚਕੂਲਾ ਵਿਧਾਨ ਸਭਾ ਸੀਟ ਤੋਂ ਕਪਿਲ ਦੇਵ ਨੂੰ ਟਿਕਟ ਦੇ ਸਕਦੀ ਹੈ।
ਹਰਿਆਣਾ ਵਿੱਚ ਖਿਡਾਰੀਆਂ ਨੂੰ ਲੈ ਕੇ ਆਮ ਲੋਕਾਂ ਵਿੱਚ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ ਵਿੱਚ ਵੀ ਕਾਫੀ ਕ੍ਰੇਜ਼ ਹੈ। ਹਰਿਆਣਾ ਦੀ ਮੌਜੂਦਾ ਭਾਜਪਾ-ਜੇਜੇਪੀ ਸਰਕਾਰ ਵਿੱਚ ਹਾਕੀ ਦੇ ਮਹਾਨ ਖਿਡਾਰੀ ਸੰਦੀਪ ਸਿੰਘ ਖੇਡ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ। ਦੰਗਲ ਗਰਲ ਦੇ ਨਾਂ ਨਾਲ ਮਸ਼ਹੂਰ ਕੌਮਾਂਤਰੀ ਪਹਿਲਵਾਨ ਬਬੀਤਾ ਫੋਗਾਟ ਅਤੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਵੀ ਭਾਜਪਾ ਨਾਲ ਜੁੜੇ ਹੋਏ ਹਨ। ਅਜਿਹੇ ‘ਚ ਆਮ ਆਦਮੀ ਪਾਰਟੀ ਕਪਿਲ ਦੇਵ ਨੂੰ ਪਾਰਟੀ ‘ਚ ਸ਼ਾਮਲ ਕਰਕੇ ਖਿਡਾਰੀਆਂ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰ ਸਕਦੀ ਹੈ।
ਹੁਣ ਤੱਕ ਹਰਿਆਣਾ ਤੋਂ ਕੋਈ ਵੀ ਮਸ਼ਹੂਰ ਖਿਡਾਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਕਪਿਲ ਦੇਵ ਤੋਂ ਇਲਾਵਾ ਓਲੰਪਿਕ ਤਮਗ਼ਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਅਰਵਿੰਦ ਕੇਜਰੀਵਾਲ ਨੂੰ ਮਿਲ ਚੁੱਕੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਹੈ।