ਪਟਿਆਲਾ : ਪਟਿਆਲਾ ਜੇਲ ਵਿਚ ਨਵਜੋਤ ਸਿੱਧੂ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਨਸ਼ਰ ਹੋਈਆਂ ਖ਼ਬਰਾਂ ਦਾ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਖੰਡਨ ਕੀਤਾ ਹੈ। ਇਸ ਸਬੰਧੀ ਜੇਲ ਸੁਪਰਡੈਂਟ ਵਲੋਂ ਬਕਾਇਦਾ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਆਖਿਆ ਹੈ ਕਿ ਮੀਡੀਆ ਦੇ ਇਕ ਹਿੱਸੇ ਵਿਚ ਅੱਜ ਖ਼ਬਰਾਂ ਨਸ਼ਰ ਹੋਈਆਂ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ ਨੂੰ ਇਕ ਸਾਬਕਾ ਪੁਲਸ ਇੰਸਪੈਕਟਰ ਇੰਦਰਜੀਤ ਸਿੰਘ ਜੋ ਕਿ ਡਰੱਗ ਤਸਕਰੀ ਦੇ ਕੇਸ ਵਿਚ ਇਸ ਜੇਲ੍ਹ ਵਿਚ ਬੰਦ ਹਨ ਨਾਲ ਇਕ ਹੀ ਬੈਰਕ ਵਿਚ ਰੱਖਿਆ ਗਿਆ ਸੀ। ਟਿਵਾਣਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋ ਇਨ੍ਹਾਂ ਨੂੰ ਝੂਠਾ ਅਤੇ ਬੇਬੁਨਿਆਦੀ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਇੰਦਰਜੀਤ ਸਿੰਘ ਨਾਲ ਇਕ ਮਿੰਟ ਲਈ ਵੀ ਜੇਲ੍ਹ ਵਿਚ ਇਕੋ ਬੈਰਕ ਵਿਚ ਬੰਦ ਨਹੀਂ ਕੀਤਾ ਗਿਆ ਅਤੇ ਪਹਿਲੇ ਦਿਨ ਤੋਂ ਹੀ ਨਵਜੋਤ ਸਿੱਧੂ ਅਤੇ ਇੰਦਰਜੀਤ ਸਿੰਘ ਵੱਖ-ਵੱਖ ਬੈਰਕਾਂ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਸੁਰੱਖਿਆ ਵਿਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਵਰਤੀ ਗਈ ਹੈ ਅਤੇ ਨਾ ਹੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਵਲੋਂ ਬਕਾਇਦਾ ਸਿੱਧੂ ਦਾ ਬੀਤੇ ਦਿਨੀਂ ਮੈਡੀਕਲ ਚੈਕਅੱਪ ਵੀ ਕਰਵਾਇਆ ਗਿਆ ਸੀ ਅਤੇ ਡਾਕਟਰਾਂ ਦੀਆਂ ਹਿਦਾਇਤਾਂ ਅਨੁਸਾਰ ਹੀ ਉਨ੍ਹਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।