ਸ਼ਿਮਲਾ– ਰਾਜਸਥਾਨ ਦੇ ਉਦੈਪੁਰ ’ਚ ਕਾਂਗਰਸ ਦੇ ਚਿੰਤਨ ਕੈਂਪ ਤੋਂ ਬਾਅਦ ਹਾਈਕਮਾਨ ਨੇ ਵੱਡਾ ਫੈਸਲਾ ਲਿਆ ਹੈ। ਹਿਮਾਚਲ ’ਚ ਇਸ ਵਾਰ ਵਿਧਾਨ ਸਭਾ ਚੋਣਾਂ ’ਚ 5 ਸਾਲ ਸੰਗਠਨ ’ਚ ਸਰਗਰਮ ਰਹਿਣ ਵਾਲਿਆਂ ਨੂੰ ਹੀ ਟਿਕਟ ਦਿੱਤੀ ਜਾਵੇਗੀ। ਪਾਰਟੀ ’ਚ ਵੰਸ਼ਵਾਦ ਦਾ ਰਿਵਾਜ ਖਤਮ ਕਰਨ ਲਈ ਟਿਕਟ ਵੰਡ ’ਚ ਇਹ ਸ਼ਰਤ ਲਾਗੂ ਰਹੇਗੀ। ਹੁਣ ਤਕ ਪਰੰਪਰਾ ਰਹੀ ਹੈ ਕਿ ਪਾਰਟੀ ਦੇ ਕਿਸੇ ਵਿਧਾਇਕ ਦੇ ਦੇਹਾਂਤ ਤੋਂ ਬਾਅਦ ਉਸਦੇ ਬੇਟੇ ਜਾਂ ਪਰਿਵਾਰ ਦੇ ਮੈਂਬਰ ਨੂੰ ਟਿਕਟ ਦਿੱਤੀ ਜਾਂਦੀ ਰਹੀ ਹੈ। ਭਲੇ ਹੀ ਉਹ ਸੰਗਠਨ ਨਾਲ ਜੁੜਿਆ ਹੋਵੇ ਜਾਂ ਨਹੀਂ। ਹੁਣ ਅਜਿਹੀ ਸਥਿਤੀ ’ਚ ਪਹਿਲਾਂ ਸੰਗਠਨ ’ਚ ਕੰਮ ਕਰਨ ਦਾ ਅਨੁਭਵ ਵੇਖਿਆ ਜਾਵੇਗਾ।
ਕਾਂਗਰਸ ਦੇ ਉਦੈਪੁਰ ਚਿੰਤਨ ਕੈਂਪ ’ਚ ਵੀ ਇਹ ਮਾਮਲਾ ਪ੍ਰਮੁੱਖਤਾ ਨਾਲ ਉਠਿਆ ਸੀ। ਇਸਨੂੰ ਸਾਰੇ ਸੂਬਿਆਂ ’ਚ ਪ੍ਰਦੇਸ਼ ਕਾਂਗਰਸ ਨੂੰ ਸਖਤੀ ਨਾਲ ਲਾਗੂ ਕਰਨ ਦੇ ਫਰਮਾਨ ਦਿੱਤੇ ਹਨ। ਨਾਲ ਹੀ ਹਾਈਕਮਾਨ ਨੇ ਇਕ ਪਰਿਵਾਰ ਨੂੰ ਇਕ ਹੀ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨੂੰ ਇਸ ਵਿਧਾਨ ਸਭਾ ਚੋਣਾਂ ’ਚ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਟਿਕਟ ਮਿਲਣ ਦੀਆਂ ਉਮੀਦਾਂ ਟੁੱਟ ਜਾਣਗੀਆਂ। ਹਿਮਾਚਲ ਕਾਂਗਰਸ ਦੇ ਚੋਣ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਹਾਈਕਮਾਨ ਨੇ ਸਪਸ਼ਟ ਕਿਹਾ ਹੈ ਕਿ ਪਾਰਟੀ ਟਿਕਟ ਉਨ੍ਹਾਂ ਨੇਤਾਵਾਂ ਨੂੰ ਦੇਣਗੇ, ਜੋ ਸੰਗਠਨ ਦੇ ਕੰਮ ’ਚ ਪਿਛਲੇ 5 ਸਾਲਾਂ ਤੋਂ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ।