ਚੰਡੀਗੜ੍ਹ-34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 1 ਸਾਲ ਦੀ ਸਜਾ ਮਿਲਣ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਬੀਤੇ ਦਿਨ ਪਟਿਆਲਾ ਦੀ ਅਦਾਲਤ ਵਿੱਚ ਆਤਮਸਮਰਪਣ ਕੀਤਾ , ਜਿਸ ਤੋਂ ਬਾਅਦ ਪੁਲਿਸ ਦੇ ਵੱਡੇ ਕਾਫਲੇ ਨਾਲ ਉਹਨਾਂ ਨੂੰ ਪਟਿਆਲਾ ਜੇਲ੍ਹ ਪਹੁੰਚਾਇਆ ਗਿਆ। ਦੱਸ ਦੱਈਏ ਕਿ ਸਿੱਧੂ ਨੂੰ ਜੇਲ੍ਹ ਵਿੱਚ ਹੁੰਦਿਆਂ ਤਿੰਨ ਮਹੀਨਿਆਂ ਤੱਕ ਕੋਈ ਤਨਖਾਹ ਨਹੀਂ ਮਿਲੇਗੀ। ਪਟਿਆਲਾ ਸੈਂਟਰਲ ਜੇਲ੍ਹ ‘ਚ 3 ਮਹੀਨੇ ਬਿਨਾਂ ਤਨਖਾਹ ਤੋਂ ਕੰਮ ਕਰਨਗੇ ਸਿੱਧੂ । ਨਵਜੋਤ ਸਿੱਧੂ ਨੂੰ ਪਟਿਆਲਾ ਸੈਂਟਰਲ ਜੇਲ ‘ਚ ਹੀ ਰੱਖਿਆ ਜਾਵੇਗਾ, ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, ”ਅਸੀਂ ਜੇਲਾਂ ‘ਚ ਵੀਆਈਪੀ ਕਲਚਰ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਸਾਰੇ ਕੈਦੀ ਇੱਕੋ ਜਿਹੇ ਹਾਲਾਤ ਵਿੱਚ ਰਹਿੰਦੇ ਹਨ ਅਤੇ ਜੇਲ੍ਹ ਮੈਨੂਅਲ ਅਨੁਸਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਨਵਜੋਤ ਸਿੱਧੂ ਜਾਂ ਕਿਸੇ ਹੋਰ ਨਾਲ ਵੀ ਅਜਿਹਾ ਹੀ ਹੋਵੇਗਾ।” ਸਾਬਕਾ ਵਿਧਾਇਕ ਨੂੰ ਵੀ ਚਿੱਟੇ ਕੱਪੜੇ ਪਾਉਣੇ ਪੈਣਗੇ ਜੋ ਕਿ “ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਸਾਰੇ ਦੋਸ਼ੀਆਂ ਲਈ ਲਾਜ਼ਮੀ” ਹਨ।