ਹੰਬਲ ਮੋਸ਼ਨ ਪਿਕਚਰਜ਼ ਦੀ ਫ਼ਿਲਮ ਮਾਂ ਆਪਣੇ ਬੱਚਿਆਂ, ਪਰਿਵਾਰ ਪ੍ਰਤੀ ਸਿਦਕ, ਕੁਰਬਾਨੀ ਅਤੇ ਨਸ਼ਿਆਂ ਨਾਲ ਤਬਾਹ ਹੋ ਰਹੀਆਂ ਜਵਾਨੀਆਂ ਵਰਗੇ ਸਮਾਜਿਕ ਮੁੱਦਿਆਂ ‘ਤੇ ਆਧਾਰਿਤ ਕਹਾਣੀ ਹੈ। ਰਾਣਾ ਰਣਬੀਰ ਦੀ ਲਿਖੀ ਇਸ ਫ਼ਿਲਮ ਵਿੱਚ ਦਿੱਵਿਆ ਦੱਤਾ ਨੇ ਮਾਂ (ਮਨਜੀਤ ਕੌਰ) ਦੀ ਕੇਂਦਰੀ ਭੂਮਿਕਾ ਨਿਭਾਈ ਹੈ। ਗੁਰਪ੍ਰੀਤ ਘੁੱਗੀ ਨੇ ਉਸ ਦੇ ਪਤੀ (ਪਰਗਟ) ਦਾ ਕਿਰਦਾਰ ਨਿਭਾਇਆ ਹੈ।
ਫ਼ਿਲਮ ਦੀ ਕਹਾਣੀ ਜੱਗ ਜਣਨੀਂ ਮਾਂ ਅਤੇ ਉਸ ਦੇ ਪੁੱਤਰਾਂ ‘ਤੇ ਆਧਾਰਿਤ ਹੈ ਜੋ ਧਰਤੀ ਮਾਂ ਦੀਆਂ ਵੰਡੀਆਂ ਵਾਂਗ ਅਜੋਕੇ ਸਮਾਜ ਦੀ ਗੱਲ ਕਰਦੀ ਹੈ। ਇੱਕ ਪੁੱਤ ਬੱਬਲ ਰਾਏ ਹੈ ਅਤੇ ਦੂਜਾ ਗਿੱਪੀ ਗਰੇਵਾਲ। ਦੋਵਾਂ ਪੁੱਤਰਾਂ ਦੀ ਸੋਚ, ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ। ਬੱਬਲ ਰਾਏ ਗੁਰਪ੍ਰੀਤ ਘੁੱਗੀ ਦਾ ਪੁੱਤਰ ਹੈ ਜਦੋਂ ਕਿ ਗਿੱਪੀ ਗਰੇਵਾਲ ਜੋਗੇ ਸੀਰੀ ਦਾ। ਜਦੋਂ ਗਿੱਪੀ ਦੀ ਮਾਂ ਉਸ ਨੂੰ ਜਨਮ ਦਿੰਦਿਆਂ ਹੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਤਾਂ ਮਨਜੀਤ ਅਤੇ ਪਰਗਟ ਮਾਸੂਮ ਗਿੱਪੀ ਨੂੰ ਆਪਣਾ ਪੁੱਤ ਬਣਾ ਕੇ ਪਾਲਦੇ ਹਨ। ਬੱਬਲ ਰਾਏ ਤੇ ਗਿੱਪੀ ਦੋਵੇਂ ਇੱਕ ਮਾਂ ਦਾ ਦੁੱਧ ਪੀ ਕੇ ਵੱਡੇ ਹੁੰਦੇ ਹਨ। ਅੱਗੇ ਚੱਲ ਕੇ ਫ਼ਿਲਮ ਦੀ ਕਹਾਣੀ ਵਿੱਚ ਕਈ ਅਹਿਮ ਮੋੜ ਆਉਂਦੇ ਹਨ।
ਜਦੋਂ ਪਰਗਟ ਦਾ ਕਤਲ ਹੋ ਜਾਂਦਾ ਹੈ ਤਾਂ ਸ਼ਰੀਕਾਂ ਦੀ ਅੱਖ ਉਨ੍ਹਾਂ ਦੀ ਜ਼ਮੀਨ ‘ਤੇ ਹੁੰਦੀ ਹੈ। ਮਨਜੀਤ ਕੌਰ ਬੰਦਿਆਂ ਵਾਂਗ ਖੇਤਾਂ ਵਿੱਚ ਕੰਮ ਕਰਦੀ ਆਪਣੇ ਖੇਤਾਂ ਅਤੇ ਪੁੱਤਾਂ ਨੂੰ ਪਾਲਦੀ ਹੈ। ਸਮਾਜ ਦੇ ਤਾਅਨੇ ਮਿਹਣਿਆਂ ਦੀ ਪਰਵਾਹ ਕੀਤਿਆਂ ਬਗੈਰ ਉਹ ਹੱਕ, ਸੱਚ ਅਤੇ ਮਿਹਨਤ ਦਾ ਪੱਲਾ ਫ਼ੜੀ ਰੱਖਦੀ ਹੈ। ਫ਼ਿਲਮ ਦਾ ਕਲਾਈਮੈਕਸ ਬਹੁਤ ਭਾਵੁਕਤਾ ਭਰਿਆ ਹੈ। ਕੁੱਲ ਮਿਲਾ ਕੇ ਇਹ ਫ਼ਿਲਮ ਮਾਂ ਦੀ ਆਪਣੇ ਬੱਚਿਆਂ, ਪਰਿਵਾਰ ਪ੍ਰਤੀ ਸਿਦਕ, ਕੁਰਬਾਨੀ ਤੇ ਸਮਰਪਣ ਦੀ ਕਹਾਣੀ ਹੈ। ਇਸ ਫ਼ਿਲਮ ਰਾਹੀਂ ਨਸ਼ਿਆਂ ਦੇ ਡੰਗੇ ਨੌਜਵਾਨਾਂ ‘ਤੇ ਵੀ ਚਿੰਤਾ ਪ੍ਰਗਟਾਈ ਗਈ ਹੈ। ਦਿੱਵਿਆ ਦੱਤਾ ਪੰਜਾਬੀ ਤੇ ਹਿੰਦੀ ਸਿਨਮਾ ਦੀ ਨਾਮੀਂ ਅਦਾਕਾਰਾ ਹੈ। ਫ਼ਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦੇ ਲੰਮੇ ਵਕਫ਼ੇ ਤੋਂ ਬਾਅਦ ਇਸ ਫ਼ਿਲਮ ਰਾਹੀਂ ਉਹ ਮਾਂ ਦੇ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਨਜ਼ਰ ਆਈ ਹੈ। ਉਸ ਦਾ ਇਹ ਕਿਰਦਾਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਗੁਰਪ੍ਰੀਤ ਘੁੱਗੀ ਦੀ ਗੱਲ ਕਰੀਏ ਤਾਂ ਅਰਦਾਸ ਵਾਂਗ ਇਸ ਫ਼ਿਲਮ ‘ਚ ਵੀ ਉਸ ਦਾ ਕਿਰਦਾਰ ਕਾਮੇਡੀ ਕਿਰਦਾਰਾਂ ਤੋਂ ਹਟਕੇ ਭਾਵੁਕਤਾ ਭਰਿਆ ਹੈ। ਉਸ ਦੀਆਂ ਨਸੀਹਤ ਭਰੀਆਂ ਗੱਲਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਆਸ਼ੀਸ਼ ਦੁੱਗਲ, ਰਾਣਾ ਰਣਬੀਰ, ਨਿਰਮਲ ਰਿਸ਼ੀ, ਪ੍ਰਕਾਸ਼ ਗਾਧੂ, ਪ੍ਰਿੰਸ ਕੰਵਲਜੀਤ ਸਿੰਘ ਅਤੇ ਰਘਬੀਰ ਬੋਲੀ ਦੀ ਅਦਾਕਾਰੀ ਵੀ ਕਾਬਲੇਗੌਰ ਹੈ। ਗਿੱਪੀ ਗਰੇਵਾਲ ਦੀ ਬਤੌਰ ਨਿਰਮਾਤਾ ਸਿਫ਼ਤ ਕਰਨੀ ਬਣਦੀ ਹੈ ਕਿ ਉਹ ਕਾਮੇਡੀ ਅਤੇ ਸੰਗੀਤਕ ਫ਼ਿਲਮਾਂ ਦੇ ਨਾਲ ਨਾਲ ਇੱਕ ਫ਼ਿਲਮ ਸਮਾਜ ਪ੍ਰਤੀ ਗੰਭੀਰਤਾ ਭਰੀ ਵੀ ਜ਼ਰੂਰ ਦਿੰਦਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਦਿੱਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ, ਰਘਬੀਰ ਬੋਲੀ, ਵੱਡਾ ਗਰੇਵਾਲ, ਆਸ਼ੀਸ ਦੁੱਗਲ, ਅਰੁਸ਼ੀ ਸ਼ਰਮਾ ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਤਰਸੇਮ ਪਾਲ ਅਤੇ ਪ੍ਰਕਾਸ਼ ਗਾਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਡਾਇਰੈਕਟਰ ਬਲਜੀਤ ਸਿੰਘ ਦਿਓ ਹੈ। ਸਰਦੂਲ ਸਿਕੰਦਰ, ਅਮਰ ਨੂਰੀ, ਹਰਭਜਨ ਮਾਨ, ਫ਼ਿਰੋਜ ਖ਼ਾਨ, ਕਮਾਲ ਖ਼ਾਨ, ਕਰਮਜੀਤ ਅਨਮੋਲ, ਰਿੱਕੀ ਖ਼ਾਨ ਨੇ ਇਸ ਫ਼ਿਲਮ ਲਈ ਪਲੇਅ ਬੈਕ ਗਾਇਆ ਹੈ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਰੰਗਮੰਚ ਕਲਾਕਾਰਾਂ ਦੀ ਕਦਰ ਕਰਦਿਆਂ ਬਰਨਾਲੇ ਦੀ ਰੰਗਮੰਚ ਕਲਾਕਾਰ ਰੇਸ਼ਮ ਚੌਹਾਨ ਨੂੰ ਵੀ ਇੱਕ ਚੰਗੇ ਕਿਰਦਾਰ ‘ਚ ਵੱਡੇ ਪਰਦੇ ‘ਤੇ ਲਿਆਂਦਾ ਹੈ।