ਇੰਜੀਨੀਅਰਿੰਗ ਵਿੰਗ
ਡਾ.ਦੇਵਿੰਦਰ ਮਹਿੰਦਰੂ
ਜਦੋਂ 1993 ਨਵੰਬਰ ‘ਚ ਆਕਾਸ਼ਵਾਣੀ ਧਰਮਸ਼ਾਲਾ ਜੋਆਇਨ ਕੀਤਾ ਉਦਾਸ ਜਿਹੇ ਦਿਨ ਸਨ। ਪਤੀ-ਬੱਚੇ ਜਲੰਧਰ ਅਤੇ ਮੈਂ ਧਰਮਸ਼ਾਲਾ। ਆਉਣ ਵਾਲੇ ਦਿਨਾਂ ‘ਚ ਮਹਿੰਦਰੂ ਸਾਹਿਬ ਦਾ ਜੋ ਹਾਲ ਹੋਇਆ ਬੱਸ ਉਹ ਹੀ ਝੱਲ ਗਏ। ਕਦੇ ਮੈਨੂੰ ਇਕੱਲੇ ਨਹੀਂ ਰਹਿਣ ਦਿੱਤਾ। ਨਾਲ ਆਉਂਦੇ ਗੱਡੀ ਦਾ ਪ੍ਰਬੰਧ ਕਰਦੇ ਡਰਾਈਵਰ ਅਰੇਂਜ ਕਰਦੇ। ਕੰਮ ਬਹੁਤ ਸੀ ਸਟੇਸ਼ਨ ‘ਤੇ। ਕੰਮ ਵੀ ਅਜਿਹਾ ਜਿਸ ਦਾ ਕੋਈ ਤਜਰਬਾ ਨਹੀਂ ਸੀ।
ਕੋਈ ਫ਼ਰਨੀਚਰ ਨਹੀਂ। ਗਰਾਮੋਫ਼ੋਨ ਰਿਕਾਰਡ ਮੰਗਵਾਏ ਸਨ। ਲਾਇਬ੍ਰੇਰੀ ਦਾ ਸਾਰਾ ਕੰਮ ਜਾਣਦੀ ਸੀ। ਉਨ੍ਹਾਂ ਦੇ ਖ਼ਾਲੀ ਡੱਬਿਆਂ ‘ਤੇ ਬੈਠਦੇ ਸੀ ਅਸੀਂ ਸਾਰੇ। ਫ਼ਰਨੀਚਰ ਮੰਗਵਾਉਣ ਲਈ ਕੋਟੇਸ਼ਨਾਂ ਮੰਗਵਾਈਆਂ। ਫ਼ੇਰ ਕਿਸੇ ਨੇ ਦੱਸਿਆ ਦਿੱਲੀ ਤੋਂ ਪੁੱਛ ਲਵੋ। ਉਨ੍ਹਾਂ ਕੋਲ ਅਪਰੂਵਡ ਡੀਲਰਾਂ ਦੀ ਲਿਸਟ ਹੁੰਦੀ ਹੈ। ਫ਼ੰਡਜ਼ ਦਾ ਐਸਟੀਮੇਟ ਭੇਜਣਾ ਸੀ। ਇੰਜੀਨੀਅਰਿੰਗ ਸਾਈਡ ਦਾ ਕੰਮ ਹਿਮਾਚਲ ਦੇ ਕੈਪੀਟਲ ਸਟੇਸ਼ਨ ਸ਼ਿਮਲਾ ਦੇ ਸੁਪਰਇਨਟੈਨਡੈਂਟ ਇੰਜਨੀਅਰ ਵਰਿੰਦਰ ਉਪਾਧਆਯ ਦੇਖ ਰਹੇ ਸਨ। ਉਹ ਟੂਰ ‘ਤੇ ਆ ਰਹੇ ਸਨ ਦੇਖਣ ਕਿ ਕੰਮ ਠੀਕ ਹੋ ਰਿਹਾ ਹੈ ਕਿ ਨਹੀਂ ਅਤੇ ਵਕਤ ‘ਤੇ ਖ਼ਤਮ ਹੋਣ ‘ਚ ਕੋਈ ਪਰੇਸ਼ਾਨੀ ਤਾਂ ਨਹੀਂ।
ਦਿੱਲੀ ਤੋਂ ਫ਼ਾਇਨੈਂਸ ਵਾਲੇ ਆ ਰਹੇ ਸਨ। ਸਭ ਠੇਕੇਦਾਰ ਬੁਲਾਏ ਗਏ। ਅਨਾਊਂਸਰਾਂ ਦੇ ਔਡੀਸ਼ਨ ਰੱਖ ਦਿੱਤੇ ਗਏ। ਰਿਕਾਰਡਿੰਗਾਂ ਸ਼ੁਰੂ ਹੋ ਗਈਆਂ। ਨਵੰਬਰ ‘ਚ ਆਏ ਸੀ ਅਸੀਂ ਅਤੇ ਹੁਣ ਜਨਵਰੀ ਸ਼ੁਰੂ ਹੋ ਗਿਆ ਸੀ। 16 ਫ਼ਰਵਰੀ ਨੂੰ ਉਦਘਾਟਨ ਹੋਣਾ ਸੀ। ਉਪਾਧਆਯ ਸਾਹਿਬ ਸ਼ਿਮਲਾ ਤੋਂ ਆ ਗਏ ਸਨ। ਮੀਟਿੰਗ ਸ਼ੁਰੂ ਹੋ ਗਈ। ਡਰੀ ਹੋਈ ਸੀ ਮੈਂ। ਦਿੱਲੀ ਤੋਂ ਆਏ ਅਫ਼ਸਰ ਹੋਰ ਡਰਾ ਰਹੇ ਸਨ। ਉਪਾਧਆਯ ਸਾਹਿਬ ਕੁੱਝ ਦੇਰ ਚੁੱਪਚਾਪ ਬੈਠੇ ਸਾਰਿਆਂ ਨੂੰ ਸੁਣਦੇ ਰਹੇ। ਸਾਰੀ ਸਥਿਤੀ ਉਨ੍ਹਾਂ ਨੂੰ ਸਮਝ ਆ ਗਈ।
ਅਗਲੀ ਗੱਲ ‘ਤੇ ਜਦੋਂ ਦਿੱਲੀ ਵਾਲੇ ਅਫ਼ਸਰ ਨੇ ਮੈਨੂੰ ਕੋਈ ਪੁੱਠੀ ਜਿਹੀ ਗੱਲ ਕਹੀ ਮੇਰੇ ਜਵਾਬ ਦੇਣ ਤੋਂ ਪਹਿਲਾਂ ਉਪਾਧਆਯ ਸਾਹਿਬ ਬੋਲ ਪਏ, ”ਤੁਸੀਂ ਮੈਡਮ ਨੂੰ ਇਹ ਗੱਲ ਕਿਸ ਤਰ੍ਹਾਂ ਕਹਿ ਸਕਦੇ ਹੋ? ਉਹ ਤਾਂ ਘਰ-ਬਾਰ ਛੱਡ ਕੇ ਇੱਥੇ ਬੈਠੀ ਹੈ। ਉਹਦਾ ਸਾਰਾ ਕੰਮ ਠੀਕ ਚੱਲ ਰਿਹਾ ਹੈ। ਤੁਹਾਡਾ ਫ਼ਾਇਨੈਂਸ ਦਾ ਕੰਮ ਅਜੇ ਸ਼ੁਰੂ ਵੀ ਨਹੀਂ ਹੋਇਆ। ਸਾਡਾ ਇੰਜੀਨੀਅਰਿੰਗ ਦਾ ਕੰਮ ਵੀ ਵਕਤ ਤੋਂ ਪਿੱਛੇ ਚੱਲ ਰਿਹਾ ਹੈ। ਸਿਰਫ਼ ਮੈਡਮ ਮਹਿੰਦਰੂ ਆਪਣਾ ਪ੍ਰੋਗਰਾਮ ਸਾਈਡ ਦਾ ਕੰਮ ਲਗਭਗ ਖ਼ਤਮ ਕਰੀ ਬੈਠੀ ਹੈ।
ਮੀਟਿੰਗ ਖ਼ਤਮ ਹੋ ਗਈ। ਰਾਤ ਨੂੰ ਸਭ ਲਈ ਬਾਹਰ ਡਿਨਰ ਰੱਖਿਆ ਗਿਆ। ਝਿਜਕਦੀ ਜਿਹੀ ਗਈ। ਮੇਰੇ ਸਿਵਾ ਸਾਰੇ ਮੇਲ ਕੋਲੀਗਜ਼ ਸਨ। ਉਪਾਧਆਯ ਸਾਹਿਬ ਨੇ ਮੈਨੂੰ ਆਪਣੇ ਨਾਲ ਦੀ ਕੁਰਸੀ ‘ਤੇ ਬਿਠਾਇਆ। ਘਰ ਪਰਿਵਾਰ ਦੀਆਂ ਛੋਟੀਆਂ ਮੋਟੀਆਂ ਗੱਲਾਂ ਕਰਦੇ ਰਹੇ। ਇਹੀ ਕਾਰਣ ਹੈ ਕਿ ਦੋ ਸਾਲ ਬਾਦ ਜਦੋਂ ਬਦਲੀ ਦੀ ਗੱਲ ਉੱਠੀ ਅਤੇ ਮੈਂ ਸ਼ਿਮਲਾ ਮੰਗਿਆ ਤਾਂ ਮੈਨੂੰ ਉੱਥੇ ਭੇਜਿਆ ਗਿਆ। ਇੰਜੀਨੀਅਰਿੰਗ ਹੈੱਡ ਇੱਕ ਫ਼ਾਦਰ ਫ਼ਿੱਗਰ ਦੇ ਰੂਪ ‘ਚ ਉੱਥੇ ਮੌਜੂਦ ਸਨ। 1996 ਤੋਂ ਲੈ ਕੇ ਉਪਾਧਆਯ ਸਾਹਿਬ ਦੇ ਪਰਮੋਟ ਹੋ ਕੇ ਦਿੱਲੀ ਜਾਣ ਤਕ ਸਰ ਨਾਲ ਕੰਮ ਕਰਨ ਦਾ ਸੌਭਾਗ ਪ੍ਰਾਪਤ ਹੋਇਆ।
ਪ੍ਰੋਗਰਾਮ ਹੈਡ ਬਣੀ। ਇੱਕ ਵਾਰ ਬੀ.ਡੀ.ਸ਼ਰਮਾ ਜੀ ਦਾ ਫ਼ੋਨ ਆਇਆ ਉਹ ਡਾਇਰੈਕਟਰ ਪਬਲਿਕ ਰਿਲੇਸ਼ਨ ਸਨ। ਛੁੱਟੀ ਦਾ ਦਿਨ ਸੀ। ਮੈਨੂੰ ਤਾਰੀਖ਼ ਯਾਦ ਹੈ 10 ਅਪ੍ਰੈਲ ਦਿਨ ਐਤਵਾਰ। ਸ਼ਰਮਾ ਜੀ ਕਹਿੰਦੇ, ”ਮੈਡਮ ਧੂਮਲ ਸਾਹਿਬ ਸੰਕਟ ਮੋਚਨ ਆਏ ਹਨ ਕਹਿ ਰਹੇ ਹਨ ਹਿਮਾਚਲ ਦਿਵਸ ਦੇ ਸੰਦੇਸ਼ ਦੀ ਰਿਕਾਰਡਿੰਗ ਅੱਜ ਹੀ ਕਰਵਾ ਚੱਲਦੇ ਹਾਂ। ਅੱਧੇ ਘੰਟੇ ਤਕ ਆ ਜਾਈਏ? ”
”ਸ਼ਰਮਾ ਜੀ? ”ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਰੇ ਛੁੱਟੀ ‘ਤੇ ਸਨ।
ਕਰਵਾ ਦੋ ਮੈਡਮ। ਨਾਲੇ ਮਹਿੰਦਰੂ ਸਾਹਿਬ ਨੂੰ ਕਹੋ ਉਹ ਵੀ ਤਿਆਰੀ ਕਰ ਲੈਣ। ਰੇਡੀਓ ਤੋਂ ਬਾਦ TV ਚਲੇ ਜਾਵਾਂਗੇ। ਾਂ
ਇੱਨ੍ਹਾਂ ਨੇ ਸਾਰੀ ਗੱਲ ਸੁਣ ਲਈ ਸੀ ਅਤੇ ਕੱਪੜੇ ਕੱਢਦਿਆਂ ਦਫ਼ਤਰ ਗੱਡੀ ਭੇਜਣ ਲਈ ਕਹਿ ਦਿੱਤਾ। ਮੈਂ ਉਪਾਧਆਯ ਸਾਹਿਬ ਨੂੰ ਫ਼ੋਨ ਕੀਤਾ। ਕਿਹਾ ਕਿ ਤੁਸੀਂ ਗੱਡੀ ਮੰਗਵਾ ਲਓ।”ਮੈਂ ਇੱਨ੍ਹਾਂ ਨਾਲ ਦੂਰਦਰਸ਼ਨ ਦੀ ਗੱਡੀ ‘ਚ ਜਾ ਰਹੀ ਹਾਂ ਅਤੇ ਜਾ ਕੇ ਇੰਜਨੀਅਰ ਵਗੈਰਾ ਦੇਖਦੀ ਹਾਂ ਰਿਕਾਰਡਿੰਗ ਲਈ।”ਮੇਰੇ ਪਹੁੰਚਣ ਤੋਂ ਪੰਜ ਮਿੰਟ ਬਾਦ ਹੀ CM ਦਾ ਕਾਫ਼ਿਲਾ ਆ ਗਿਆ। ਉਪਾਧਆਯ ਸਾਹਿਬ ਨੂੰ ਪਹੁੰਚਣ ਲਈ ਥੋੜ੍ਹਾ ਵਕਤ ਤਾਂ ਲੱਗਣਾ ਸੀ। CM ਸਾਹਿਬ ਨੂੰ ਜੀ ਆਇਆਂ ਆਖਦੇ ਕੁੱਝ ਦਿਮਾਗ਼ ‘ਚ ਕੌਂਧਿਆ ਅਤੇ ਮੈਂ ਹੱਸ ਕੇ ਧੂਮਲ ਸਾਹਿਬ ਨੂੰ ਕਿਹਾ, ”ਸਰ ਹੈਪੀ ਬਿਲੇਟਿਡ ਬਰਥਡੇ! ”
9 ਅਪ੍ਰੈਲ ਨੂੰ ਜਨਮ ਦਿਨ ਹੁੰਦਾ ਹੈ ਧੂਮਲ ਸਾਹਿਬ ਦਾ। ਮੈਨੂੰ ਤਾਂ ਉਪਾਧਆਯ ਸਾਹਿਬ ਦੇ ਪਹੁੰਚਣ ‘ਤੇ ਚਾਹ ਬਣਨ ਤਕ ਦਾ ਵਕਤ ਚਾਹੀਦਾ ਸੀ। CM ਸਾਹਿਬ ਮੇਰੇ ਵਿਸ਼ ਕਰਨ ‘ਤੇ ਰੀਲੈਕਸਡ ਹੋ ਗਏ। ਹੁਣ ਉਨ੍ਹਾਂ ਨੂੰ ਕੋਈ ਕਾਹਲੀ ਨਹੀਂ ਸੀ ਜਾਣ ਦੀ।”ਗਣੇਸ਼ ਦੱਤ ਜਾਓ, ਬਾਲਜੀ ਤੋਂ ਲਿਆਉ ਕੁੱਝ।”
”ਸਰ ਕੀ ਲੈਕੇ ਆਉਣਾ? ”
”ਦੱਸੋ, ਹੁਣ ਗਣੇਸ਼ ਦੱਤ ਨੂੰ ਵੀ ਇਹ ਦੱਸਣਾ ਪਵੇਗਾ ਕਿ ਲੱਡੂ ਖੁਆਈਦੇ ਨੇ? ”ਉਪਾਧਆਯ ਸਾਹਿਬ ਮੈਨੂੰ ਧੰਨਵਾਦ ਕਹਿ ਰਹੇ ਸਨ। ਚਾਹ ਵੀ ਬਣ ਗਈ ਸੀ ਅਤੇ ਰਿਕਾਰਡਿੰਗ ਦੀ ਤਿਆਰੀ ਵੀ ਹੋ ਗਈ ਸੀ।
ਇੱਕ ਸਾਲ ਚੰਡੀਗੜ੍ਹ ਰਹਿ ਕੇ ਵਾਪਿਸ ਆਈ ਸ਼ਿਮਲਾ ਸਰ ਨੂੰ ਮਿਲਣ ਗਈ ਮੈਨੂੰ ਤਾਂ ਕੁੱਝ ਨਹੀਂ ਕਿਹਾ, ਪਰ ਘਰ ਜਾ ਕੇ ਰੇਖਾ ਮੈਡਮ ਨੂੰ ਕਹਿੰਦੇ ਉਹ ਚੰਡੀਗੜ੍ਹ ਤੋਂ ਹੋਰ ਸਮਾਰਟ ਹੋ ਕੇ ਆ ਗਈ ਹੈ। ਮੈਂ ਜਿੰਨੀ ਦੇਰ ਦਫ਼ਤਰ ਹੁੰਦੀ ਰੇਖਾ ਜੀ ਮੇਰੀਆਂ ਸਿਆਣੀਆਂ ਹੋ ਰਹੀਆਂ ਕੁੜੀਆਂ ਦਾ ਪੂਰਾ ਧਿਆਨ ਰੱਖਦੇ। ਅਤੇ ਦੇਖੋ ਅਨੂ ਨੇ ਫ਼ਲੈਟ ਲਿਆ ਅਤੇ ਗੁਆਂਢ ਮਿਲਿਆ ਸਰ ਅਤੇ ਮੈਡਮ ਦਾ। ਪਿਛਲੇ ਸਾਲ ਅਨੂ ਕੋਲ ਗਈ। ਦੋਵੇਂ ਜੀਅ ਮਹਿੰਦਰੂ ਸਾਹਿਬ ਨੂੰ ਯਾਦ ਕਰਦੇ ਰਹੇ। ਜਲੰਧਰ ਆਉਂਦੀ ਹਾਂ ਲੱਗਦਾ ਹੈ ਬੱਚਿਆਂ ਕੋਲ ਕੋਈ ਆਪਣਾ ਹੈ।
ਇੱਕ ਵਾਰ ਮਹਿੰਦਰੂ ਸਾਹਿਬ ਬੀਮਾਰ ਹੋ ਗਏ ਅਚਾਨਕ। ਮੈਂ ੳਹਨਾਂ ਨੂੰ ਇੰਡਸ ਹਸਪਤਾਲ ਲੈ ਗਈ। ਮੈਡਮ ਰੇਖਾ ਦੋ ਦਿਨ ਸਾਨੂੰ ਲੱਭਦੇ ਰਹੇ। ਫ਼ੇਰ ਉਹਨਾਂ ਨੇ ਮੇਰੇ ਮੋਬਾਇਲ ‘ਤੇ ਫ਼ੋਨ ਕੀਤਾ।”ਕਿੱਥੇ ਹੋ? ”
”ਇੰਡਸ।”
”ਕਿਉਂ? ”
”ਆਏ ਅਸੀਂ।”
ਅਤੇ ਅੱਧੇ ਘੰਟੇ ਬਾਅਦ ਮੈਡਮ ਅਤੇ ਸਰ ਇੰਡਸ ਸਾਡੇ ਕਮਰੇ ‘ਚ ਸਨ। ਪਿਛਲੇ ਸਾਲ ਪਤਾ ਲੱਗਣ ‘ਤੇ ਕਿ ਸ਼ਿਮਲਾ ਆਈ ਹਾਂ ਉਹ ਦੋਵੇਂ ਬਿਲਾਸਪੁਰ ਤੋਂ ਆ ਗਏ। ਕਰੋਨਾ ਪੀਕ ‘ਤੇ ਸੀ। ਅਨੂ ਨੂੰ ਕਹਿ ਕੇ ਮੈਨੂੰ ਬਾਲਕਨੀ ‘ਚ ਬੁਲਾਇਆ। ਹੇਠਾਂ ਸੜਕ ਅਤੇ ਮੈਡਮ ਰੇਖਾ ਖੜ੍ਹੇ ਸਨ। ਨਮਸਤੇ ਹੋਈ। ਮੈਡਮ ਮਹਿੰਦਰੂ ਸਾਹਿਬ ਨੂੰ ਯਾਦ ਕਰ ਕੇ ਉੱਚੀ ਉੱਚੀ ਰੋ ਰਹੇ ਸਨ। ਮੈਂ ਹੁਬਕੀਂ ਰੋ ਰਹੀ ਸੀ। ਕੌਣ ਕਰਦੈ ਕਿਸੇ ਨੂੰ ਇੰਨਾ ਪਿਆਰ। ਦੋ ਦਿਨ ਬਾਅਦ ਸਰ ਅਤੇ ਮੈਡਮ ਆਏ। ਸਾਲਾਂ ਬਾਦ ਮਿਲੇ ਸਨ। ਰੱਜ ਕੇ ਗੱਲਾਂ ਕੀਤੀਆਂ।