ਟੋਰੌਂਟੋ (ਅਜੀਤ ਵੀਕਲੀ): ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਮਗਰੋਂ ਉਸ ’ਤੇ ਪਾਬੰਦੀਆਂ ਲਗਾਉਣ ਦਾ ਸਿਲਸਿਲਾ ਜਾਰੀ ਹੈ, ਅਤੇ ਕੈਨੇਡਾ-ਆਸਟ੍ਰੇਲੀਆ ਨੇ ਰੂਸ ਖ਼ਿਲਾਫ਼ ਨਵੀਂਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਨੇ ਯੂਕ੍ਰੇਨ ਵਿੱਚ ਸੰਘਰਸ਼ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ 1,000 ਰੂਸੀ ਨਾਗਰਿਕਾਂ ਦੇ ਦਾਖਲੇ ’ਤ ਪਾਬੰਦੀ ਲਗਾ ਦਿੱਤੀ ਹੈ। ਕੈਨੇਡੀਅਨ ਸਿਵਲ ਡਿਫੈਂਸ ਮੰਤਰੀ ਮਾਰਕੋ ਮੈਂਡੀਸੀਨੋ ਨੇ ਕਿਹਾ, “ਪੁਤਿਨ ਸ਼ਾਸਨ ਦੁਆਰਾ ਯੂਕ੍ਰੇਨ ’ਤੇ ਕੀਤੇ ਗਏ ਬਿਨਾ ਵਜ੍ਹਾ ਹਮਲੇ ਦੇ ਮੱਦੇਨਜ਼ਰ ਕੈਨੇਡਾ ਯੂਕ੍ਰੇਨ ਨਾਲ ਖੜ੍ਹਾ ਹੈ ਅਤੇ ਅਸੀਂ ਰੂਸ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ।” ਉਹਨਾਂ ਨੇ ਅੱਗੇ ਕਿਹਾ, “ਇਸ ਲਈ ਅਸੀਂ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਅਸੀਂ ਲਗਭਗ 1,000 ਰੂਸੀ-ਜਿਹਨਾਂ ਵਿੱਚ ਪੂਤਿਨ ਅਤੇ ਉਹਨਾਂ ਦੇ ਸਾਥੀ ਸ਼ਾਮਲ ਹਨ ਦੇ ਕੈਨੇਡਾ ਦਾਖਲ ਹੋਣ ’ਤੇ ਪਾਬੰਦੀ ਲਗਾ ਰਹੇ ਹਾਂ।
ਆਸਟ੍ਰੇਲੀਆ ਨੇ ਵੀ ਲਗਾਈਆਂ ਪਾਬੰਦੀਆਂ
ਆਸਟ੍ਰੇਲੀਆ ਨੇ ਰੂਸ ਦੇ ਕਈ ਪੱਤਰਕਾਰਾਂ ਅਤੇ ਸਿਵਲ ਅਧਿਕਾਰੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਇਹਨਾਂ ਵਿੱਚ ਰੋਸੀਆ ਸੇਗੋਡਨੀਆ ਇੰਟਰਨੈਸ਼ਨਲ ਇਨਫਰਮੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ ਦਮਿੱਤਰੀ ਕਿਸੇਲੇਵ, FSB ਦੇ ਪਹਿਲੇ ਡਿਪਟੀ ਡਾਇਰੈਕਟਰ ਸਰਗੇਈ ਕੋਰੋਲੇਵ, RT ਦੇ ਮੈਨੇਜਿੰਗ ਡਾਇਰੈਕਟਰ ਅਲੈਕਸੀ ਨਿਕੋਲੋਵ, ਅਤੇ ਕਾਰਜਕਾਰੀ ਐਮਰਜੰਸੀ ਮੰਤਰੀ ਅਲੈਗਜ਼ੈਂਡਰ ਚੁਪ੍ਰਿਅਨ ਸ਼ਾਮਲ ਹਨ। ਇਹ ਜਾਣਕਾਰੀ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਦੇ ਇੱਕ ਦਸਤਾਵੇਜ਼ ਵਿੱਚ ਦਿੱਤੀ ਗਈ। ਆਲ-ਰਸ਼ੀਅਨ ਸਟੇਟ ਟੈਲੀਵਿਯਨ ਅਤੇ ਰੇਡੀਓ ਬ੍ਰੌਡਕਾਸਟਿੰਗ ਕੰਪਨੀ ਦੇ ਯੁੱਧ ਸੰਵਾਦਦਾਤਾ ਯੇਵਗੇਨੀ ਪੋਡਡਬਨੀ, ਅਤੇ ਚੈਨਲ ਵਨ ਦੇ ਹੋਸਟ ਮਿਖਾਇਲ ਲਿਓਨਟਯੇਵ ਵੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਸੂਚੀ ਵਿੱਚ ਵੈਗਨਰ ਪ੍ਰਾਈਵੇਟ ਮਿਲਟਰੀ ਕੰਪਨੀ ਅਤੇ ਦੋ ਬੈਲਾਰੂਸੀਅਨ ਉਦਯੋਗ ਵੀ ਸ਼ਾਮਲ ਹਨ।
Ajit Weekly/Sunny