ਕਮਾਲ ਦਾ ਬੰਦਾ ਸੀ ਮੀਸ਼ਾ …
ਡਾ.ਦੇਵਿੰਦਰ ਮਹਿੰਦਰੂ

ਸੋਚਿਆ ਤਾਂ ਸੀ ਅੱਜ ਪੱਕਾ ਸ਼ਿਮਲਾ ਚੱਲਾਂਗੇ ਅਤੇ ਗੱਲ ਵੀ ਪ੍ਰੋਗਰਾਮ ਸਾਈਡ ਦੀ ਨਾ ਕਰਦੇ ਹੋਏ ਇੰਜਨੀਅਰ ਵਿੰਗ ਦੀ ਕਰਾਂਗੇ ਅਤੇ ਤੁਹਾਡੀ ਮੁਲਾਕਾਤ ਇੱਕ ਬਹੁਤ ਹੀ ਵਧੀਆ ਇਨਸਾਨ ਨਾਲ ਕਰਾਂਵਾਂਗੇ – ਵਰਿੰਦਰ ਕੁਮਾਰ ਉਪਾਧਆਯ ਸਾਹਿਬ ਨਾਲ। ਪਰ ਬੱਸ ਐਵੇਂ ਹੀ ਪਰਸੋਂ ਰੇਡੀਓ ਸਟੇਸ਼ਨ ਚਲੀ ਗਈ। ਕੁਝ ਹਿਸਾਬ ਕਿਤਾਬ ਕਰਨੇ ਸਨ ਜ਼ਿੰਦਗੀ ਦੇ। ਸੋਚਿਆ ਇੱਥੇ ਹੀ ਨਬੇੜ ਲਈਏ, ਐਵੇਂ ਧਰਮਰਾਜ ਦਾ ਕੰਮ ਕਿਉਂ ਵਧਾਉਣੈ ਵਾਧੂ!
ਉੱਥੇ ਪਰਮਜੀਤ ਦੇ ਕਮਰੇ ‘ਚ ਵੜਦਿਆਂ ਹੀ ਨਜ਼ਰ ਸੱਜੇ ਪਾਸੇ ਕੰਧ ਤੇ ਲੱਗੀ ਅੰਮ੍ਰਿਤਾ ਦੀ ਫ਼ੋਟੋ ‘ਤੇ ਪੈ ਗਈ। ਯਾਦ ਆਇਆ ਇਹ ਤਾਂ ਮੀਸ਼ਾ ਜੀ ਦੇ ਕਮਰੇ ‘ਚ ਲੱਗੀ ਹੁੰਦੀ ਸੀ। ਅੰਮ੍ਰਿਤਾ ਦੀ ਇੰਨੀ ਸੋਹਣੀ ਫ਼ੋਟੋ ਮੈਨੂੰ ਨਹੀਂ ਲੱਗਦਾ ਹੋਰ ਕਿਤੇ ਵੀ ਹੋਵੇਗੀ। ਪਰਮਜੀਤ ਨੇ ਦੱਸਿਆ ਕਿ ਉਹਨੂੰ ਵੀ ਇਹ ਫ਼ੋਟੋ ਬਹੁਤ ਪਸੰਦ ਹੈ ਅਤੇ ਉਹਨੇ ਇਸ ਨੂੰ ਬਹੁਤ ਮੁਸ਼ਕਿਲ ਨਾਲ ਲੱਭਿਆ ਅਤੇ ਸੰਭਾਲਿਆ ਹੈ।
ਸੰਨ 1976 ਚ ਮੈਂ ਇਸ ਨੂੰ ਮੀਸ਼ਾ ਜੀ ਦੇ ਕਮਰੇ ‘ਚ ਦੇਖਿਆ ਸੀ। ਜਿੰਨੇ ਕੁ ਸੁਹਜ ਸੁਆਦ ਦੇ ਉਹ ਮਾਲਕ ਸਨ, ਉਹ ਹੀ ਕਿਤੋਂ ਲਿਆਏ ਹੋਣਗੇ ਇਹ ਤਸਵੀਰ। ਲਿਆਂਦੀ ਤਾਂ ਇਹ ਕਰਤਾਰ ਸਿੰਘ ਦੁੱਗਲ ਵਲੋਂ ਵੀ ਹੋ ਸਕਦੀ ਹੈ ਜੋ 1949 ‘ਚ ਇੱਥੋਂ ਦੇ ਸਟੇਸ਼ਨ ਡਾਇਰੈਕਟਰ ਸਨ। ਪਰਕਾਸ਼ ਦੀਦੀ ਨੂੰ ਜ਼ਰੂਰ ਪਤਾ ਹੋਣਾ ਸੀ ਇਸ ਬਾਰੇ। ਉਸੇ ਕੌਰੀਡੋਰ ‘ਚ ਦੂਜੇ ਦਿਨ ਮੀਸ਼ਾ ਜੀ ਮਿਲ ਗਏ। ਦੇਖ ਕੇ ਰੁਕ ਗਏ।
ਤੁਸੀਂ ਆਏ ਹੋਂ ਸ਼ਿਰੀਨਗਰ ਤੋਂ?
”ਜੀ।”
”ਹੂੰ”, ਉਨ੍ਹਾਂ ਮੇਰੇ ਵੱਲ ਨੀਝ ਨਾਲ ਤੱਕਦੇ ਹੋਏ ਕਿਹਾ।
ਮੈਨੂੰ ਇਸ ਹੂੰ ਦੀ ਕੋਈ ਸਮਝ ਨਹੀਂ ਲੱਗੀ।
”ਬੀਬਾ, ਧਿਆਨ ਨਾਲ ਰਹਿਓ! ”
ਦਿਲ ਤਾਂ ਕਰ ਰਿਹਾ ਸੀ ਪੁੱਛਾਂ ਕਿਵੇਂ ਅਤੇ ਕਿਉਂ, ਪਰ ਉਮਰ ਦਾ ਲਿਹਾਜ਼ ਕਰ ਕੇ ਚੁੱਪ ਹੀ ਰਹੀ। ਇੰਨਾ ਜ਼ਰੂਰ ਲੱਗਿਆ ਇਹ ਜੋ ਵੀ ਹਨ, ਮੇਰੇ ਖ਼ੈਰ ਖ਼ਾਹ ਹਨ। ਬੇਸ਼ੱਕ ਮੈਂ MA ਪੰਜਾਬੀ ਕਰ ਚੁੱਕੀ ਸੀ, ਪਰ ਪੰਜ ਸਾਲ ਪਹਿਲਾਂ ਮੈਨੂੰ ਮੀਸ਼ਾ ਦੀ ਪੰਜਾਬੀ ਸਾਹਿਤ ਨੂੰ ਕਿਸੇ ਦੇਣ ਦਾ ਕੋਈ ਇਲਮ ਨਹੀਂ ਸੀ। ਇਸ ਦਾ ਕਾਰਣ ਪਿੰਡ ਰਹਿ ਕੇ ਕੀਤੀ ਪ੍ਰਾਈਵੇਟ ਤੌਰ ‘ਤੇ MA ਹੋ ਸਕਦੀ ਹੈ। ਜਾਂ ਕਿਸੇ ਵੀ ਕਲਾਸ ਦੇ ਸਿਲੇਬਸ ‘ਚ ਮੀਸ਼ਾ ਦੀ ਕਿਸੇ ਕਵਿਤਾ ਦਾ ਨਾ ਹੋਣਾ ਹੋ ਸਕਦਾ ਹੈ। ਮੇਰੀ ਹੱਦ ਦਰਜੇ ਦੀ ਨਲਾਇਕੀ ਹੋ ਸਕਦੀ ਹੈ। ਦਸਵੀਂ ਤਕ ਜ਼ਰੂਰੀ ਵਿਸ਼ਾ ਪੰਜਾਬੀ ‘ਚ ਡੇਢ ਸੌ, ਚੋਂ ਇੱਕ ਸੌ ਤੀਹ ਨੰਬਰ ਦੇ ਆਸਪਾਸ ਲੈਣ ਦੀ ਯਾਦ ਹੈ ਮੈਨੂੰ। ਜਲੰਧਰ ਬੈਠੀ ਲਿਖ ਰਹੀ ਹਾਂ, ਇਹ ਕਾਲਮ। ਸਰਟੀਫ਼ਿਕੇਟ ਸ਼ਿਮਲਾ ਵਾਲੇ ਘਰ ‘ਚ ਪਏ ਨੇ ਜਿੱਥੇ ਮੈਂ ਕਰੀਬ ਤਿੰਨ ਸਾਲ ਤੋਂ ਗਈ ਹੀ ਨਹੀਂ। ਗਿਆਨੀ ਕੀਤੀ ਦਸਵੀਂ ਤੋਂ ਬਾਅਦ।
ਦੋਵੇਂ ਇਮਤਿਹਾਨ 1967 ‘ਚ ਦਿੱਤੇ ਸਨ। ਨਹੀਂ ਸੱਚ, ਮੈਂ ਮੀਸ਼ਾ ਦਾ ਨਾਂ ਨਹੀਂ ਸੁਣਿਆ ਹੋਇਆ ਸੀ, ਵਿੱਦਿਆ ਕਸਮ। MA ਦੇ ਸਿਲੇਬਸ ‘ਚ ਵੀ ਨਹੀਂ ਪੜ੍ਹਿਆ ਮੀਸ਼ਾ ਨੂੰ। ਮੇਰੇ ਲਈ ਉਹ ਇਸ ਕੇਂਦਰ ਦੇ ਪੰਜਾਬੀ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋਡਿਊਸਰ ਸਨ ਜਿਨ੍ਹਾਂ ਦੀ ਬੁੱਕਤ ਉਸ ਵੇਲੇ ਵੱਡੇ ਵੱਡੇ ਲੇਖਕਾਂ ਕਵੀਆਂ ਅਤੇ ਵਿਦਵਾਨਾਂ ਨੂੰ ਆਪਣੇ ਪ੍ਰੋਗਰਾਮ ‘ਚ ਬੁਲਾਉਣ ਕਰ ਕੇ ਸੀ। ਯਾ ਫ਼ੇਰ, ਉਨ੍ਹਾਂ ਦੇ ਕਮਰੇ ‘ਚ ਨਾਲ ਬੈਠੀ ਸੁਖਜਿੰਦਰ ਚੂੜਾਮਣੀ ਕਰ ਕੇ। ਸੁਖਜਿੰਦਰ ਦੇ ਆਤਮਵਿਸ਼ਵਾਸ ਨੇ ਮੈਨੂੰ ਹਮੇਸ਼ਾ ਮੋਹਿਆ ਸੀ। ਇਹ ਦੋਵੇਂ ਬਹੁਤ ਵਾਰ ਇਕੱਠੇ ਲਾਇਬ੍ਰੇਰੀ ‘ਚ ਆਉਂਦੇ ਸਨ। ਮੀਸ਼ਾ ਜੀ ਕਿਤਾਬਾਂ ਲੈਣ ਅਤੇ ਮੈਡਮ ਟੇਪ ਲੈਣ।”ਆਹ ਦੇਈਂ ਦੇਵਿੰਦਰ ਆਪਣੇ ਵਰਗੀ ਸੋਹਣੀ ਜਿਹੀ ਟੇਪ, ”ਹਮੇਸ਼ਾ ਉਨ੍ਹਾਂ ਇਹੀ ਕਹਿ ਕੇ ਟੇਪ ਇਸ਼ੂ ਕਰਵਾਈ। ਇਹ ਇੱਕ ਪਿਆਰੀ ਜਿਹੀ ਦੋਸਤੀ ਦੀ ਸ਼ੁਰੂਆਤ ਵੀ ਸੀ। ਮੀਸ਼ਾ ਜੀ ਹਰ ਵਾਰ ਸੁਣਦੇ ਅਤੇ ਮੁਸਕੜੀਆਂ ਹੱਸਦੇ। ਮੈਂ ਉਨ੍ਹਾਂ ਲਈ ਇੱਕ ਬਹੁਤ ਸੰਭਾਲ ਕੇ ਰੱਖਣ ਵਾਲੀ ਚੀਜ਼ ਸੀ। ਇੱਕ ਅਜਿਹੀ ਕੁੜੀ ਜਿਸਨੂੰ ਹਰ ਨ੍ਹੇਰੀ ਝੱਖੜ ਤੋਂ ਬਚਾਉਣ ਦੀ ਜ਼ਿਮੇਵਾਰੀ ਉਨ੍ਹਾਂ ਆਪੇ ਹੀ ਲੈ ਲਈ ਸੀ। ਇਹ ਮੇਰੇ ਲਈ ਇੱਕ ਬਹੁਤ ਵਧੀਆ ਅਹਿਸਾਸ ਸੀ।
ਲਾਇਬ੍ਰੇਰੀ ‘ਚ ਵਾਪਰੀ ਇੱਕ ਘਟਨਾ ਜਿਸ ਨੂੰ ਮੈਂ ਕਦੇ ਵੀ ਨਹੀਂ ਭੁਲਾ ਸਕਦੀ, ਇੱਨ੍ਹਾਂ ਦੋਵਾਂ ਹਸਤੀਆਂ ਨਾਲ ਜੁੜੀ ਹੋਈ ਹੈ। ਅਰਮਿੰਦਰ ਸਾਡੀ ਅਸਿਸਟੈਂਟ ਐਡੀਟਰ ਦਾ ਭਰਾ, ਜਿਹੜਾ ਵੇਰਕਾ ਮਿਲਕ ਕੇਂਦਰ ‘ਚ ਨੌਕਰੀ ਕਰਦਾ ਸੀ, ਭੈਣ ਆਪਣੀ ਕੋਲ ਕਿਸੇ ਕੰਮ ਆਇਆ ਸੀ ਅਤੇ ਦੋਵੇਂ ਮੇਰੇ ਕੋਲ ਲਾਇਬ੍ਰੇਰੀ ‘ਚ ਬੈਠੇ ਸਨ। ਅਚਾਨਕ ਦਰਵਾਜ਼ਾ ਖੋਲ੍ਹ ਕੇ ਸੁਖਜਿੰਦਰ ਅਤੇ ਮੀਸ਼ਾ ਜੀ ਦਾਖ਼ਲ ਹੋਏ ਅਤੇ ਮੈਡਮ ਨੇ ਅਰਮਿੰਦਰ ਦੇ ਭਰਾ ਨੂੰ ਪੁੱਛਿਆ, ”ਤੁਸੀਂ ਸਾਨੂੰ ਜਾਣਦੇ ਹੋ ਇਨ੍ਹਾਂ ਨੂੰ? ”ਮੁੰਡੇ ਨੇ ਨਾਂਹ ‘ਚ ਸਿਰ ਹਿਲਾਇਆ।”ਦੇਖ ਲੌ ਮੀਸ਼ਾ ਜੀ ਇਨ੍ਹਾਂ ਦੀ ਹਿਮਾਕਤ, ”ਮੈਡਮ ਦੁਖੀ ਸਨ, ਨਰਾਜ਼ ਵੀ। ਅਸਲ ‘ਚ ਉਨ੍ਹਾਂ ਦਿਨਾਂ ‘ਚ ਵੇਰਕਾ ਮਿਲਕ ਪਲਾਂਟ ਦਾ ਹੈੱਡ ਮੈਡਮ ਦਾ ਭਰਾ ਸੀ ਅਤੇ ਅਰਮਿੰਦਰ ਦੇ ਭਰਾ ਨੇ ਉੱਥੇ ਮੀਸ਼ਾ ਜੀ ਅਤੇ ਮੈਡਮ ਬਾਰੇ ਕੁਝ ਕਹਿ ਦਿੱਤਾ ਸੀ। ਬਹੁਤ ਹੀ ਕੌੜਾ ਜਿਹਾ ਵਾਕਿਆ ਸੀ ਇਹ ਜੀਹਦੀ ਚਰਚਾ ਆਕਾਸ਼ਵਾਣੀ ਜਲੰਧਰ ਦੇ ਗਲਿਆਰਿਆਂ ‘ਚ ਸਾਲਾਂ ਤਕ ਰਹੀ।
ਇੱਕ ਹੋਰ ਵਾਕਿਆ ਮੀਸ਼ਾ ਜੀ ਨਾਲ ਜੁੜਿਆ ਹੋਇਆ ਹੈ। ਸਾਲ ਨਹੀਂ ਯਾਦ ਕਿਹੜਾ ਸੀ। ਪਤਾ ਨਹੀਂ ਕਿਸ ਸਿਲਸਿਲੇ ‘ਚ ਅੰਮ੍ਰਿਤਾ, ਗਾਰਗੀ ਅਤੇ ਕੁਝ ਹੋਰ ਹਸਤੀਆਂ, ਕਿਸੇ ਦਾ ਵੀ ਚਿਹਰਾ ਯਾਦ ਨਹੀਂ, ਰੇਡੀਓ ਸਟੇਸ਼ਨ ‘ਤੇ ਆਏ। ਮੀਸ਼ਾ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਕੇਂਦਰ ਨਿਰਦੇਸ਼ਕ ਦੇ ਕਮਰੇ ਵੱਲ ਲੈ ਤੁਰੇ। ਮੈਂ ਬਾਹਰ ਹੀ ਖੜ੍ਹੀ ਸੀ। ਆਪਣੇ ਹੀਰੋਜ਼ ਨੂੰ ਦੇਖਣ ਲਈ। ਅੰਮ੍ਰਿਤਾ ਜੀ ਨੂੰ ਨਮਸਕਾਰ ਕੀਤੀ। ਹਲਕਾ ਜਿਹਾ ਸਿਰ ਹਿਲਾ ਕੇ ਉਹ ਕੇਂਦਰ ਨਿਰਦੇਸ਼ਕ ਦੇ ਕਮਰੇ ਵੱਲ ਵੱਧ ਗਏ। ਮੇਰੀ ਨਜ਼ਰ ਅਜੇ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਕਿ ਇੱਕ ਆਵਾਜ਼ ਮੈਨੂੰ ਸੰਬੋਧਿਤ ਹੋਈ, ”ਤੁਸੀਂ … ”
ਗਾਰਗੀ ਉਤਸੁਕਤਾ ਨਾਲ ਮੈਨੂੰ ਦੇਖ ਰਹੇ ਸਨ। ਮੈਂ ਕਾਹਲੀ ਨਾਲ ਆਪਣੀ ਪਛਾਣ ਕਰਾਉਣ ਲੱਗੀ। ਦੱਸਣ ਲੱਗੀ, ”ਕੁਆਰੀ ਟੀਸੀ ਪੜਿਆ ਮੈਂ ਬੇਬੇ, ਲੋਹਾ ਕੁੱਟ, ਕਹਾਣੀਆਂ ਤੇ …” ਮੀਸ਼ਾ ਜੀ ਗਾਰਗੀ ਨੂੰ ਲੱਭਦੇ ਬਾਹਰ ਆ ਗਏ। ਉਨ੍ਹਾਂ ਦੇ ਚਿਹਰੇ ‘ਤੇ ਚਿੰਤਾ ਦੇ ਨਿਸ਼ਾਨ ਸਨ। ਗੱਲ ਸੁਣ ਬੇਟਾ, ਲਾਇਬ੍ਰੇਰੀ ‘ਚ ਤੁਹਾਨੂੰ ਕੋਈ ਬੁਲਾ ਰਿਹੈ।”
ਜੀ, ਕਹਿ ਕੇ ਮੈਂ ਲਾਇਬ੍ਰੇਰੀ ਜਾਣ ਲਈ ਮੁੜੀ। ਗਾਰਗੀ ਕਮਰੇ ‘ਚ ਚਲੇ ਗਏ। ਮੀਸ਼ਾ ਜੀ ਕਾਹਲੀ ਨਾਲ ਮੇਰੇ ਕੋਲ ਆ ਕੇ ਕਹਿੰਦੇ।”ਇਹ ਬੰਦਾ ਨੀ ਠੀਕ ਤੂੰ ਨਾ ਆਈਂ ਹੁਣ ਇੱਧਰ। ਉਹਨੇ ਤੈਨੂੰ ਕੋਈ ਐਸੀ ਵੈਸੀ ਗੱਲ ਤਾਂ ਨੀ ਕਹੀ ਨਾ? ” ”ਨਹੀਂ ਮੀਸ਼ਾ ਜੀ।” ”ਫ਼ੇਰ ਠੀਕ ਹੈ। ਜਾਓ, ਤੁਸੀਂ ਲਾਇਬ੍ਰੇਰੀ ‘ਚ। ਇਹ ਗੱਲ 1980 ਦੇ ਆਸਪਾਸ ਦੀ ਹੈ।
1982 ‘ਚ ਮੈਨੂੰ ਡਿਊਟੀ ਅਫ਼ਸਰ ਬਣਾ ਦਿੱਤਾ ਗਿਆ। ਲਾਇਬ੍ਰੇਰੀ ਦਾ ਚਾਰਜ ਮੇਰੇ ਕੋਲ ਹੀ ਰਿਹਾ, ਪਰ ਮੈਂ ਸ਼ਿਫ਼ਟ ਡਿਊਟੀ ‘ਚ ਆ ਗਈ ਸੀ। ਮੈਨੂੰ ਦੂਰਦਰਸ਼ਨ ਜਲੰਧਰ ਦਿੱਤਾ ਗਿਆ ਜਿੱਥੇ ਜਾਣ ਤੋਂ ਮੈਂ ਨਾ ਕਰ ਦਿੱਤੀ। ਬੀ.ਕੇ.ਦੂਰਦਰਸ਼ਨ ‘ਚ ਸਨ ਅਤੇ ਇਹ ਮੇਰਾ ਫ਼ੈਸਲਾ ਸੀ ਕਿ ਮੈਂ ਉੱਥੇ ਨਹੀਂ ਜਾਣਾ। ਦੂਰਦਰਸ਼ਨ ਸ੍ਰੀਨਗਰ ‘ਚ ਵੀ ਬਹੁਤ ਜੋੜੀਆਂ ਸਨ। ਮਹੇਸ਼ ਚੋਪੜਾ ਅਤੇ ਸ਼ੀਲਾ ਚੋਪੜਾ, ਸਰੋਜਨੀ ਰੈਣਾ ਅਤੇ ਆਰ.ਕੇ.ਰੈਣਾ ਅਤੇ ਹੋਰ ਵੀ ਬਹੁਤ ਸਾਰੇ … ਕਮਲੇਸ਼ ਅਤੇ ਰਹਿਮਾਨ। ਬਹੁਤ ਅਜੀਬ ਹਾਲਾਤ ‘ਚ ਫ਼ਸੇ ਉਨ੍ਹਾਂ ਨੂੰ ਦੇਖਿਆ ਸੀ। ਅਗਲੀ ਪ੍ਰਮੋਸ਼ਨ ‘ਤੇ ਵੀ ਮਿਲਿਆ ਸੀ ਦੂਰਦਰਸ਼ਨ ਫ਼ੇਰ ਵੀ ਨਹੀਂ ਸੀ ਗਈ।
ਇੱਕ ਦਿਨ ਰਾਤ ਦੀ ਡਿਊਟੀ ਕਰ ਰਹੀ ਸੀ। ਬਹੁਤ ਵਧੀਆ ਡਿਊਟੀ ਅਫ਼ਸਰ ਮੰਨਿਆ ਜਾਂਦਾ ਸੀ ਮੈਨੂੰ। ਕੇਂਦਰ ਨਿਰਦੇਸ਼ਕ ਜਿਹੜੇ ਵੀ ਆਏ ਉਨ੍ਹਾਂ ਕਿਹਾ ਇਹ ਹੋਵੇ ਡਿਊਟੀ ‘ਤੇ ਤਾਂ ਅਸੀਂ ਆਪਣੇ ਘਰ ‘ਚ ਚੈਨ ਦੀ ਨੀਂਦ ਸੌਂ ਸਕਦੇ ਹਾਂ। ਰਾਤ ਦੇ ਦਸ ਸਾਢੇ ਦਸ ਵੱਜੇ ਹੋਣਗੇ, ਟੈਲੀਫ਼ੋਨ ਦੀ ਘੰਟੀ ਵੱਜੀ। ਮੀਸ਼ਾ ਜੀ ਸਨ।”ਬੇਟਾ ਇੱਕ ਕੰਮ ਕਰੋ ਮੇਰਾ।” ”ਹਾਂ ਜੀ, ਦੱਸੋ।” ”ਮੇਰੇ ਘਰ ਇੱਕ ਸੁਨੇਹਾ ਦੇ ਦਿਉ ਕਿ ਅੱਜ ਮੈਂ ਘਰ ਨਹੀਂ ਆ ਸਕਾਂਗਾ।” ”ਠੀਕ ਹੈ ਮੀਸ਼ਾ ਜੀ।”
ਉਨ੍ਹਾਂ ਦੱਸਿਆ ਕਿ ਘਰ ਦਾ ਫ਼ੋਨ ਉਨ੍ਹਾਂ ਤੋਂ ਲੱਗ ਨਹੀਂ ਸੀ ਰਿਹਾ। ਕਿਸੇ ਪੈਟਰੋਲ ਪੰਪ ਤੋਂ ਫ਼ੋਨ ਕਰ ਰਹੇ ਸਨ ਉਹ। ਫ਼ੋਨ ਨੂੰ ਲੌਕ ਲੱਗਿਆ ਹੋਇਆ। ਰਾਤ ਦੇ 11: 10 ‘ਤੇ ਡਿਊਟੀ ਖ਼ਤਮ ਹੋ ਜਾਣੀ ਸੀ ਮੇਰੀ, ਸੋ ਜਲਦੀ-ਜਲਦੀ ਰੈਜਿਸਟਰ ਲੱਭਿਆ। ਫ਼ੋਨ ਲਾਇਆ ਮੈਡਮ ਨੂੰ।”ਹੈਲੋ ਮੈਡਮ, ਰੇਡੀਓ ਦੇ ਡਿਊਟੀ ਰੂਮ ਤੋਂ ਬੋਲ ਰਹੀ ਹਾਂ। ਮੀਸ਼ਾ ਜੀ ਦਾ ਫ਼ੋਨ ਆਇਆ ਸੀ ਕਿ ਘਰ ਸੁਨੇਹਾ ਦੇ ਦੇਣਾ ਕਿ ਉਹ ਅੱਜ ਘਰ ਨਹੀਂ ਆ ਸਕਣਗੇ।”
”ਕੌਣ ਬੋਲ ਰਹੀ ਹੈਂ ਤੂੰ, ਕਿੱਥੇ ਐ ਉਹ? ਗੱਲ ਕਰਾ ਮੇਰੀ।” ”ਮੈਡਮ ਉਹ ਕਿਸੇ ਪੈਟਰੋਲ ਪੰਪ ਦੇ ਫ਼ੋਨ ਤੋਂ ਗੱਲ ਕਰ ਰਹੇ ਸਨ।” ”ਗੱਲਾਂ ਨਾ ਬਣਾ। ਫ਼ੋਨ ਦੇ ਉਹਨੂੰ।”ਮੈਂ ਫ਼ੋਨ ਕੱਟ ਦਿੰਦੀ ਹਾਂ। ਬਾਹਰ ਗੱਡੀ ਦਾ ਹਾਰਨ ਵੱਜ ਰਿਹਾ ਹੈ। ਸਾਰੀ ਸ਼ਿਫ਼ਟ ਲੇਟ ਹੋ ਰਹੀ ਹੈ। ਮੈਂ ਅਪਮਾਨ ਨਾਲ ਕੰਬ ਰਹੀ ਹਾਂ। ਮੇਰੀਆਂ ਅੱਖਾਂ ‘ਚੋਂ ਪਾਣੀ ਦੀਆਂ ਧਰਾਲਾਂ ਵਗ ਰਹੀਆਂ ਹਨ। ਬਹੁਤ ਮੁਸ਼ਕਿਲ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਗੱਡੀ ‘ਚ ਬੈਠ ਜਾਂਦੀ ਹਾਂ।
ਇੱਕ ਬੜੇ ਚੰਦਰੇ ਦਿਨ ਖ਼ਬਰ ਆਉਂਦੀ ਹੈ, ਮੀਸ਼ਾ ਜੀ ਨਹੀਂ ਮਿਲ ਰਹੇ। ਅਤੇ ਫ਼ੇਰ ਲਾਸ਼ ਮਿਲ ਜਾਂਦੀ ਹੈ, ਮਾੜੀ ਹਾਲਤ ‘ਚ। ਪਰਕਾਸ਼ ਢਿੱਲੋਂ ਦੀਦੀ ਸਾਨੂੰ ਸਭਨਾਂ ਨੂੰ ਇਕੱਠੇ ਕਰ ਕੇ ਕੈਂਟ ਤੁਰ ਪੈਂਦੇ ਹਨ, ਸੁਰਿੰਦਰ ਮੀਸ਼ਾ ਨੂੰ ਦਿਲਾਸੇ ਦੈਣ ਲਈ। ਮੈਡਮ ਮੀਸ਼ਾ ਕਿਸੇ ਨਾਲ ਗੱਲ ਨਹੀਂ ਕਰ ਰਹੇ। ਸਿਰ ਨੀਵਾਂ ਕਰ ਕੇ ਬੈਠੇ ਹਨ। ਕੁਝ ਦੇਰ ਉੱਥੇ ਬੈਠ ਕੇ, ਅਸੀਂ ਸਾਰੇ ਰੇਡੀਓ ਸਟੇਸ਼ਨ ਵਾਪਿਸ ਆ ਜਾਂਦੇ ਹਾਂ।