ਨਿੰਦਰ ਘੁਗਿਆਣਵੀ
91-94174-21700
ਭੂਆ ਅਤੇ ਮਾਂ ਸਿਵਿਆਂ ਵਾਲੇ ਨਲਕੇ ਤੋਂ ਘੜੇ ਭਰ ਭਰ ਪਾਣੀ ਢੋਂਦੀਆਂ ਸਨ। ਅਸੀਂ ਨਿਆਣੇ ਵੀ ਨਾਲ ਨਾਲ ਤੁਰ ਪੈਂਦੇ ਸਾਂ। ਸਾਰਾ ਪਿੰਡ ਉਥੋਂ ਹੀ ਪਾਣੀ ਭਰਦਾ ਸੀ। ਜਿੱਦਣ ਸਿਵਿਆਂ ‘ਚ ਕੋਈ ਸਿਵਾ ਮੱਚ ਰਿਹਾ ਹੁੰਦਾ, ਔਰਤਾਂ ਮਰਨ ਵਾਲੇ ਦੀਆਂ ਗੱਲਾਂ ਕਰਨ ਲਗਦੀਆਂ ਪਰ ਮੱਚ ਰਹੇ ਸਿਵੇ ਵੱਲ ਨਾ ਝਾਕਦੀਆਂ।
ਸਾਡੇ ਚੌਂਕੇ ਨੇੜੇ ਪੰਜ ਛੇ ਘੜੇ ਪਾਣੀ ਦੇ ਭਰੇ ਪਏ ਰਹਿੰਦੇ। ਘਰ ਦੀ ਖੂਹੀ ਦਾ ਪਾਣੀ ਖਾਰਾ ਸੀ। ਏਹ ਪਸ਼ੂਆਂ ਨੂੰ ਪਿਲਾਉਣ, ਨਹਾਉਣ ਜਾਂ ਭਾਂਡੇ-ਟੀਂਡੇ ਧੋਣ ਵਾਸਤੇ ਵਰਤਿਆ ਜਾਂਦਾ। ਘੜਿਆਂ ਉਤੇ ਪਿੱਤਲ ਦੀਆਂ ਗੜਬੀਆਂ ਟਿਕੀਆਂ ਰਹਿੰਦੀਆਂ। ਹਰ ਕੋਈ ਓਕ ਲਾਕੇ ਪਾਣੀ ਪੀਂਦਾ। ਗਿਲਾਸ ਜੂਠਾ ਕੋਈ ਕੋਈ ਕਰਦਾ, ਕਿਸੇ ਪ੍ਰਾਹੁਣੇ-ਧਰਾਹੁਣੇ ਆਏ ਤੋਂ ਗਿਲਾਸ ਟਾਣ ਤੋਂ ਉਤਰਦੇ।
ਘੜਿਆਂ ਦਾ ਪਾਣੀ ਠੰਢਾ ਠਾਰ, ਸ਼ੀਤਲ ਅਤੇ ਅੰਤਾਂ ਦਾ ਮਿੱਠਾ ਹੁੰਦਾ। ਗਰਮੀਆਂ ਦੇ ਦਿਨਾਂ ‘ਚ ਬੋਰੀਆਂ ਗਿੱਲੀਆਂ ਕਰ ਕੇ ਬੁੜ੍ਹੀਆਂ ਘੜਿਆਂ ਦੁਆਲੇ ਵਲ ਦਿੰਦੀਆਂ ਤਾਂ ਪਾਣੀ ‘ਚ ਹੋਰ ਵੀ ਠਾਰੀ ਆ ਜਾਂਦੀ।
ਵੇਂਹਦਿਆਂ ਵੇਂਹਦਿਆਂ ਵਾਟਰ ਵਰਕਸ ਲੱਗਣ ਲੱਗੇ। ਗਲੀਆਂ ‘ਚ ਸਾਂਝੀਆਂ ਟੂਟੀਆਂ ਲੱਗ ਗਈਆਂ। ਫ਼ਿਰ ਟੂਟੀਆਂ ਘਰਾਂ ਅੰਦਰ ਵੜੀਆਂ। RO ਆ ਗੇ। ਫ਼ਿਲਟਰ ਆ ਗੇ। ਘੜੇ ਲਾਵਾਰਿਸ ਹੋ ਗਏ।
***
ਤੰਦੂਰ ਉੱਤੇ ਪਿਆ ਘੜਾ ਜਿਵੇਂ ਕਹਿ ਰਿਹਾ ਹੈ ਕਿ ਮੈਂ ਸਾਰੇ ਟੱਬਰ ਨੂੰ ਠੰਢਾ ਮਿੱਠਾ ਜਲ ਪਿਲਾਉਂਦਾ ਰਿਹਾ ਸਾਂ। ਤੰਦੂਰ ਦੇ ਤਪ ਹਟਣ ਬਾਅਦ ਤੰਦੂਰ ਨੂੰ ਮੀਂਹ ਕਣੀਂ ਤੋਂ ਬਚਾਉਣ ਵਾਸਤੇ ਹੁਣ ਮੈਨੂੰ ਖ਼ਾਹਮਖ਼ਾਹ ਤਪਣਾ ਪੈਂਦਾ ਹੈ। ਇਹੋ ਸੇਵਾ ਮਿਲੀ ਹੈ ਮੈਨੂੰ, ਠੰਢਾ ਪਾਣੀ ਪਿਲਾਉਣ ਦੀ? ਤੰਦੂਰ ‘ਤੇ ਤਪਿਆ ਪਿਆ ਘੜਾ ਸਵਾਲ ਕਰਦਾ ਜਾਪਦੈ। ਤਪਦਾ ਤਪਦਾ ਇੱਕ ਦਿਨ ਤਿੜਕ ਜਾਏਗਾ ਏਹ ਘੜਾ, ਬਿਲਕੁਲ ਉਵੇਂ ਜਿਵੇਂ ਮਨੁੱਖੀ ਜੀਵਨ!
–