ਪਿਛਲੇ ਦਿਨੀਂ ਜਦੋਂ ਬੌਲੀਵੁਡ ਦੇ ਤਿੰਨ ਵੱਡੇ ਸਿਤਾਰੇ ਇੱਕ ਤੰਬਾਕੂ ਬ੍ਰਾਂਡ ਦੇ ਇਸ਼ਤਿਹਾਰ ‘ਚ ਨਜ਼ਰ ਆਏ ਤਾਂ ਖ਼ੂਬ ਹੰਗਾਮਾ ਮਚਿਆ। ਸਭ ਤੋਂ ਜ਼ਿਆਦਾ ਵਿਵਾਦ ਹੋਇਆ ਸੀ ਅਜਿਹੀ ਇੱਕ ਐਡ ‘ਚ ਅਕਸ਼ੇ ਕੁਮਾਰ ਦੇ ਨਜ਼ਰ ਆਉਣ ‘ਤੇ। ਜ਼ਬਰਦਸਤ ਟਰੋਲਿੰਗ ਤੋਂ ਬਾਅਦ ਅਕਸ਼ੇ ਨੇ ਮੁਆਫ਼ੀ ਮੰਗੀ ਅਤੇ ਐਡ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ। ਹੁਣ ਖ਼ਬਰ ਆਈ ਹੈ ਕਿ ਇੱਕ ਪਾਨ ਮਸਾਲਾ ਬ੍ਰੈਂਡ ਨੇ KGF2 ਸਟਾਰ ਯਸ਼ ਨੂੰ ਅਪ੍ਰੋਚ ਕੀਤਾ ਪਰ ਕੰਨੜ ਅਦਾਕਾਰ ਨੇ ਇਹ ਐਡ ਕਰਨ ਤੋਂ ਮਨ੍ਹਾ ਕਰ ਦਿੱਤਾ।
ਰਿਪੋਰਟ ਮੁਤਾਕ ਯਸ਼ ਨੂੰ ਪਾਨ ਮਸਾਲਾ ਬ੍ਰੈਂਡ ਨੇ ਇੱਕ ਐਂਡੋਰਸਮੈਂਟ ਲਈ ਕਰੋੜਾਂ ਦਾ ਔਫ਼ਰ ਦਿੱਤਾ ਸੀ, ਪਰ ‘KGF2 ਸਟਾਰ ਨੇ ਬਿਨਾਂ ਦੇਰ ਕੀਤੇ ਤੁਰੰਤ ਇਸ ਐਡ ਨੂੰ ਠੁਕਰਾ ਦਿੱਤਾ। ਯਸ਼ ਦੇ ਐਂਡੋਰਸਮੈਂਟ ਡੀਲਜ਼ ਨੂੰ ਮੈਨੇਜ ਕਰਨ ਵਾਲੀ ਕੰਪਨੀ ਐਕਸੀਡ ਐਂਟਰਟੇਨਮੈਂਟ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਉਸ ਦੇ ਹੈੱਡ ਅਰਜੁਨ ਬੈਨਰਜੀ ਨੇ ਇੱਕ ਪ੍ਰੈੱਸ ਸਟੇਟਮੈਂਟ ਜਾਰੀ ਕਰ ਕੇ ਲਿਖਿਆ, ”ਪਾਨ ਮਸਾਲਾ ਅਤੇ ਅਜਿਹੇ ਪ੍ਰੋਡਕਟਸ ਦਾ ਲੋਕਾਂ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਦਾ ਪ੍ਰਭਾਵ ਜਾਨਲੇਵਾ ਹੋ ਸਕਦਾ ਹੈ। ਅਸਲ ‘ਚ ਯਸ਼ ਵਲੋਂ ਲਿਆ ਗਿਆ ਇਹ ਇੱਕ ਹੀਰੋਇਕ ਫ਼ੈਸਲਾ ਹੈ ਜਿਸ ਨੇ ਪ੍ਰਸ਼ੰਸਕਾਂ ਅਤੇ ਆਪਣੇ ਫ਼ੌਲੋਅਰਜ਼ ਦੇ ਹਿੱਤ ‘ਚ ਬੇਹੱਦ ਹੀ ਲੁਭਾਵਨੀ ਡੀਲ ਨੂੰ ਕਰਨ ਤੋਂ ਮਨ੍ਹਾ ਕੀਤਾ।
ਆਪਣੀ ਪੈਨ ਇੰਡੀਆ ਅਪੀਲ ਨੂੰ ਦੇਖਦਿਆਂ ਅਸੀਂ ਇਸ ਮੌਕੇ ਦੀ ਵਰਤੋਂ ਆਪਣੇ ਪ੍ਰਸ਼ੰਸਕਾਂ ਅਤੇ ਫ਼ੌਲੋਅਰਜ਼ ਨੂੰ ਸਹੀ ਸੁਨੇਹਾ ਦਿੰਦਿਆਂ ਕਰਨਾ ਚਾਹੁੰਦੇ ਹਾਂ। ਆਪਣਾ ਸਮਾਂ ਤੇ ਮਿਹਨਤ ਉਨ੍ਹਾਂ ਬ੍ਰਾਂਡਸ ‘ਤੇ ਖ਼ਰਚ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਕੋਲ ਵਿਵੇਕ ਹੈ, ਜੋ ਲੰਮੀ ਗੇਮ ਖੇਡਣਾ ਚਾਹੁੰਦੇ ਹਨ, ਸਮਾਨ ਵਿਚਾਰਧਾਰਾ ਵਾਲੇ ਹਨ, ਜਿਵੇਂ ਕਿ ਯਸ਼ ਖ਼ੁਦ ਹੈ।”ਯਸ਼ ਦੇ ਪਾਨ ਮਸਾਲਾ ਬ੍ਰੈਂਡ ਨਾਲ ਨਾ ਜੁੜਨ ਦੇ ਫ਼ੈਸਲੇ ਨੂੰ ਲੋਕਾਂ ਨੇ ਸਰਾਹਿਆ ਹੈ।