ਕੌਰੀਡੋਰ ‘ਚ ਦੇਖਿਆ ਸੀ ਦੀਦੀ ਨੂੰ ਪਹਿਲੇ ਹੀ ਦਿਨ। ਮਾਣਮੱਤੀ ਜਿਹੀ ਲਾਪਰਵਾਹ ਜਿਹੀ ਦੁਨੀਆਂ ਨੂੰ ਜੁੱਤੀ ਦੀ ਨੋਕ ‘ਤੇ ਰੱਖਣ ਵਾਲੀ ਜਿਵੇਂ ਕਹਿ ਰਹੀ ਹੋਵੇ ਮੈਨੂੰ ਨੀ ਪਰਵਾਹ ਕਿਸੇ ਦੀ। ਸੱਚ ਦੱਸਾਂ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਵਰਗਾ ਬਣਨ ਦਾ ਦਿਲ ਕਰਦਾ ਸੀ, ਪਰ ਇਹ ਕੋਈ ਐਡਾ ਸੌਖਾ ਕੰਮ ਨਹੀਂ ਸੀ। ਜਿਵੇਂ ਕਿਸੇ ਨੇ ਲਤਾ ਜੀ ਨੂੰ ਪੁੱਛਿਆ ਸੀ ਕਿ ਦੂਜੇ ਜਨਮ ‘ਚ ਤੁਸੀਂ ਫ਼ੇਰ ਲਤਾ ਮੰਗੇਸ਼ਕਰ ਬਨਣਾ ਚਾਹੋਗੇ ਤਾਂ ਉੱਨ੍ਹਾਂ ਨੇ ਕਿਹਾ ਸੀ, ”ਨਹੀਂ, ਤੁਸੀਂ ਨਹੀਂ ਜਾਣਦੇ ਲਤਾ ਮੰਗੇਸ਼ਕਰ ਬਨਣਾ ਕਿੰਨਾ ਔਖਾ ਹੈ।”ਉਨ੍ਹਾਂ ਨੇ ਪੁੱਛਿਆ ਤਾਂ ਨਹੀਂ ਕਦੇ ਪਰ ਪੱਕਾ ਦੀਦੀ ਦਾ ਵੀ ਇਹੀ ਜਵਾਬ ਹੁੰਦਾ।
ਇੱਕ ਦਿਨ ਕਹਿੰਦੇ ਆਹ ਸੂਟ ਕੀਹਦੇ ਕੋਲੋਂ ਸੁਆਉਂਦੀ ਹੈਂ? ਮੈਂ ਕਿਹਾ ਦੀਦੀ ਕਿਸੇ ਕੋਲੋਂ ਨਹੀਂ, ਆਪ ਹੀ ਸੀ ਲੈਨੀ ਆਂ। ਅੱਛਾ ਉੱਨ੍ਹਾਂ ਨੇ ਇੰਨੀ ਖਿੱਚਵੀਂ ਆਵਾਜ਼ ‘ਚ ਕਿਹਾ ਕਿ ਮੈਨੂੰ ਆਪਣੇ ਆਪ ‘ਤੇ ਸ਼ੱਕ ਹੋਣ ਲੱਗ ਪਿਆ ਕਿ ਕਿਤੇ ਮੈਂ ਝੂਠ ਤਾਂ ਨਹੀਂ ਬੋਲਿਆ। ਅਸਲ ‘ਚ ਗੱਲ ਇਹ ਸੀ ਕਿ ਉਹ ਇੰਨੇ ਸਾਦਗੀ ਪਸੰਦ ਸਨ ਕਿ ਮੇਰੀ ਸਾਦੀ ਦਿੱਖ ਨੇ ਉੱਨ੍ਹਾਂ ਨੂੰ ਪਹਿਲੀ ਨਜ਼ਰੇ ਮੋਹ ਲਿਆ ਸੀ। ਬਿਨਾਂ ਪਲੇਟਾਂ ਦਾ ਪੂਰੀਆਂ ਬਾਹਵਾਂ ਦਾ ਝੱਲ ਵਲੱਲਾ ਜਿਹਾ ਸੂਟ ਜਿਹੜਾ ਮੈਂ ਆਲਸ ਦੀ ਮਾਰੀ ਚਾਰ ਸੀਣਾਂ ਮਾਰ ਕੇ ਪਾਉਣ ਦੀ ਕਰਦੀ, ਉਹ ਸੱਚੀ ਇੱਕ ਫ਼ੈਸ਼ਨ ਸਟੇਟਮੈਂਟ ਬਣਦਾ ਜਾ ਰਿਹਾ ਸੀ।
ਇੱਕ ਦਿਨ ਬੱਚਿਆਂ ਦਾ ਪ੍ਰੋਗਰਾਮ ਕਰਨ ਜਾ ਰਹੇ ਦੀਦੀ ਨੂੰ ਮੈਂ ਸਟੂਡੀਓ ਦੇ ਬਾਹਰ ਟੱਕਰਗੀ। ਗੱਲ ਸੁਣ ਇੱਧਰ ਆ ਕਹਿ ਕੇ ਉਹ ਮੇਰਾ ਹੱਥ ਫ਼ੜ ਕੇ ਲਾਈਵ ਸਟੂਡੀਓ ‘ਚ ਲੈਗੇ। ਇਸ਼ਾਰੇ ਨਾਲ ਬਿਠਾਇਆ ਅਤੇ ਇੱਕ ਸਕ੍ਰਿਪਟ ਫ਼ੜਾ ਦਿੱਤੀ। ਓਨੀ ਦੇਰ ‘ਚ ਐਨਾਊਂਸਰ ਦੀ ਆਵਾਜ਼ ਆਈ, ”ਇਹ ਆਕਾਸ਼ਵਾਣੀ ਦਾ ਜਲੰਧਰ ਸਟੇਸ਼ਨ ਹੈ। ਪੇਸ਼ ਹੈ ਬੱਚਿਆਂ ਲਈ ਪ੍ਰੋਗਰਾਮ ਬਾਲ ਜਗਤ। ਸਿਗਨੇਚਰ ਟਿਊਨ ਵੱਜੀ ਅਤੇ ਦੀਦੀ ਨੇ ਮਾਇਕ ਅੱਗੇ ਆਪਣੀ ਪੋਜੀਸ਼ਨ ਲੈ ਲਈ। ਉਹ ਬੱਚਿਆਂ ਨਾਲ ਇੰਝ ਗੱਲਾਂ ਕਰ ਰਹੇ ਸਨ ਜਿਵੇਂ ਬੱਚੇ ਸਾਹਮਣੇ ਬੈਠੇ ਹੋਣ। ਉਹ ਮੈਨੂੰ ਨਾਲ ਨਾਲ ਇਸ਼ਾਰਾ ਕਰੀ ਜਾ ਰਹੇ ਸਨ ਕਿ ਮੈਂ ਸਕ੍ਰਿਪਟ ਪੜ੍ਹ ਲਵਾਂ।
ਕਿੱਡਾ ਰਿਸਕ ਲਿਆ ਸੀ ਉੱਨ੍ਹਾਂ ਮੈਨੂੰ ਅਨਾੜੀ ਨੂੰ ਲਾਈਵ ਸਟੂਡੀਓ ‘ਚ ਲਿਆ ਕੇ? ”ਪਤੈ ਬੱਚਿਓ, ਅੱਜ ਤੁਹਾਡੀ ਦੇਵਿੰਦਰ ਦੀਦੀ ਆਈ ਹੈ ਤੁਹਾਨੂੰ ਕਹਾਣੀ ਸੁਣਾਉਣ। ਕੀ ਕਿਹਾ ਪਹਿਲਾਂ ਗੀਤ ਸੁਣਨੇ ਨੇ, ਕੋਈ ਨਾ ਪਹਿਲਾਂ ਗੀਤ ਸੁਣਾ ਦਿੰਦੇ ਆਂ, ”ਅਤੇ ਉੱਨ੍ਹਾਂ ਹੱਥ ਦੇ ਇਸ਼ਾਰੇ ਨਾਲ ਐਨਾਊਂਸਰ ਨੂੰ ਗੀਤ ਪਲੇ ਕਰਨ ਲਈ ਕਿਹਾ। ਸਾਡੇ ਸਟੂਡੀਓ ਦੀ ਲਾਈਟ ਕੱਟੀ ਗਈ। ਦੀਦੀ ਨੇ ਜਲਦੀ ਜਲਦੀ ਮੈਨੂੰ ਆਪਣੀ ਲਿਖੀ ਸਕਰਿਪਟ ਸੁਣਾਈ ਅਤੇ ਦੱਸਿਆ ਕਿਵੇਂ ਕਹਾਣੀ ਸੁਣਾਉਣੀ ਹੈ, ਪੜ੍ਹਨੀ ਨਹੀਂ! ਸਟੂਡੀਓ ਲਾਈਵ ਹੋ ਗਿਆ ਸੀ। ਡਰ ਕਾਹਦਾ, ਦੀਦੀ ਨਾਲ ਬੈਠੇ ਸਨ। ਮੈਂ ਕਹਾਣੀ ਸੁਣਾਈ। ਦੀਦੀ ਨੇ ਬੱਚਿਆਂ ਤੋਂ ਵਿਦਾ ਲਈ। ਮੇਰਾ ਹੱਥ ਫ਼ੜਿਆ ਅਤੇ ਮੈਨੂੰ ਡਿਊਟੀ ਰੂਮ ‘ਚ ਲੈ ਆਏ।
”ਹਾਂ ਬਈ, ਲਿਖੋ ਲੌਗਬੁੱਕ ‘ਚ ਕਹਾਣੀ ਬਲੂੰਗੜੇ ਅਤੇ ਚੂਹੇ ਦੀ ਦੋਸਤੀ ਕਹਾਣੀਕਾਰ ਦੇਵਿੰਦਰ ਕੌਰ।
”ਨਹੀਂ ਦੀਦੀ, ਕੌਰ ਨਹੀਂ ਕੁਮਾਰੀ।
”ਅੱਛਾ ਤੂੰ ਸਰਦਾਰਾਂ ਦੀ ਕੁੜੀ ਨੀ? ”
”ਨਹੀਂ ਜੀ।”
ਮੈਂ ਸਰਦਾਰਾਂ ਦੀ ਕੁੜੀ ਸੀ ਯਾ ਬਾਹਮਣਾਂ ਦੀ, ਪ੍ਰਕਾਸ਼ ਢਿੱਲੋਂ ਦੇ ਮੇਰੇ ਪ੍ਰਤੀ ਮੋਹ ‘ਚ ਕਦੇ ਕੋਈ ਫ਼ਰਕ ਨਹੀਂ ਸੀ ਆਇਆ। ਵਿਆਹ ਹੋਇਆ ਮੇਰਾ ਅਤੇ ਉਹ ਆਸ਼ੀਰਵਾਦ ਦੇਣ ਘਰ ਆਏ। ਬੱਚੇ ਹੋਏ। ਜੌੜੀਆਂ ਕੁੜੀਆਂ ਸਨ ਸੋ ਪੰਜਾਬੀ ਘਰ ‘ਚ ਵਧਾਈ ਸੰਦੇਸ਼ ਤਾਂ ਨਹੀਂ ਸਨ ਲਿਆ ਸਕਦੀਆਂ। ਦਫ਼ਤਰ ਆਈ ਛੁੱਟੀ ਕੱਟ ਕੇ। ਦੀਦੀ ਕਹਿੰਦੇ ਪਾਰਟੀ ਦੇ। ਮੈਂ ਗੁੱਸੇ ‘ਚ ਕਿਹਾ ਨਹੀਂ। ਤੁਹਾਨੂੰ ਸੱਚੀ ਪਾਰਟੀ ਵਾਲੀ ਗੱਲ ਲੱਗਦੀ ਐ ਤਾਂ ਤੁਸੀਂ ਮੈਨੂੰ ਵਧਾਈ ਦੀ ਇੱਕ ਚਿੱਠੀ ਲਿਖ ਦਿਓ। ਦੀਦੀ ਨੇ ਆਪਣਾ ਤੌਖਲਾ ਦੱਸਿਆ ਕਿ ਮੈਨੂੰ ਲੱਗਿਆ ਤੇਰੇ ਸਹੁਰੇ ਖ਼ੁਸ਼ ਨਹੀਂ ਹੋਣਗੇ। ਨਹੀਂ ਦੀਦੀ ਕਿਉਂਕਿ ਲਖਨਊ ਸ਼ਹਿਰ ‘ਚ ਸੀ ਡਲਿਵਰੀ ਵੇਲੇ ਉੱਥੋਂ ਦੇ ਕਲਚਰ ਦੇ ਹਿਸਾਬ ਨਾਲ ਕੀਰਤਨ ਕਰਵਾਏ ਗਏ। ਹੀਜੜੇ ਨਚਾਏ ਗਏ। ਦੀਦੀ ਨੇ ਸੌਰੀ ਫ਼ੀਲ ਕੀਤਾ।
ਇੱਕ ਦਿਨ ਦਫ਼ਤਰ ਆਉਂਦੇ ਹੀ ਤਬੀਅਤ ਬਹੁਤ ਖ਼ਰਾਬ ਹੋ ਗਈ। ਦੀਦੀ ਨੂੰ ਪਤਾ ਲੱਗਿਆ ਤਾਂ ਲਾਇਬ੍ਰੇਰੀ ‘ਚ ਭੱਜੇ ਆਏ। ਹਾਲਤ ਦੇਖੀ, ਦੌੜ ਕੇ ਸਟੇਸ਼ਨ ਡਾਇਰੈਕਟਰ ‘ਤੇ ਫ਼ੋਨ ਤੋਂ ਦੂਰਦਰਸ਼ਨ ਡਾਇਰੈਕਟਰ ਦੇ ਫ਼ੋਨ ‘ਤੇ ਗੱਲ ਕੀਤੀ। ਮਹਿੰਦਰੂ ਸਾਹਿਬ ਨੂੰ ਫ਼ੋਨ ‘ਤੇ ਬੁਲਾ ਕੇ ਕਿਹਾ, ”ਬਾਲ ਕੁੜੀ ਦਾ ਬਹੁਤ ਬੁਰਾ ਹਾਲ ਹੈ। ਛੇਤੀ ਪਹੁੰਚ ਤੇ ਡਾਕਟਰ ਦੇ ਲੈ ਜਾ”
ਅਨੂ ਕਦੇ-ਕਦੇ ਦਫ਼ਤਰ ਆ ਜਾਂਦੀ ਮੇਰੇ ਕੋਲ। ਦੀਦੀ ਕੋਲ ਜਾ ਕੇ ਖੇਡਣ ਲੱਗ ਜਾਂਦੀ। ਇੱਕ ਦਿਨ ਉਹਨੂੰ ਪੁੱਛਦੇ ਹੋਮਵਰਕ ਕੌਣ ਕਰਵਾਉਂਦੈ? ਉਹ ਕਹਿੰਦੀ ਬਾਕੀ ਸਬਜੈਕਟ ਤਾਂ ਮੱਮਾ ਕਰਾ ਦਿੰਦੀ ਐ, ਪਰ ਅੰਗਰੇਜ਼ੀ ਬਹੁਤੀ ਨਹੀਂ ਆਉਂਦੀ ਤਾਂ ਉਹ ਪਾਪਾ ਪੜ੍ਹਾ ਦਿੰਦੇ ਹਨ। ਦੀਦੀ ਨੇ ਆ ਕੇ ਮੈਨੂੰ ਕਿਹਾ ਦੇਖ ਲੈ ਤੇਰੀ ਕੁੜੀ ਕੀ ਕਹਿੰਦੀ ਹੈ। ਸਾਰਾ ਦਿਨ ਦੀਦੀ ਦੀ ਆਵਾਜ਼ ਰੇਡੀਓ ‘ਤੇ ਗੂੰਜਦੀ। ਤ੍ਰਿੰਝਣ ਪ੍ਰੋਗਰਾਮ ਦੀ ਮਾਸੀ ਨੂੰ ਕੌਣ ਭੁੱਲ ਸਕਦੈ। ਬਾਅਦ ‘ਚ ਸਾਲੋ-ਸਾਲ ਮੈਂ ਵੀ ਉੱਨ੍ਹਾਂ ਨਾਲ ਉਹ ਪ੍ਰੋਗਰਾਮ ਕੀਤਾ।
ਕਿਤੇ ਕਿਸੇ ਨੂੰ ਕੋਈ ਸਵਾਲ ਪੈਂਦਾ, ਦੀਦੀ ਕੋਲ ਪਹੁੰਚ ਜਾਂਦਾ। ਉਹ ਸਾਡੇ ਐਨਸਾਈਕਲੋਪੀਡੀਆ ਸਨ। ਕਿਸੇ ਦੇ ਘਰ ਦੁੱਖ ਸੁੱਖ ਹੁੰਦਾ ਸਾਰਿਆਂ ਨੂੰ ਲੈ ਕੇ ਪਹੁੰਚ ਜਾਂਦੇ। ਪੂਰਾ ਦਿਹਾਤੀ ਸੈਕਸ਼ਨ ਉਹ ਚਲਾਉਂਦੇ। ਤੁਸੀਂ ਜੋ ਪ੍ਰੋਗਰਾਮ ਸੁਣਦੇ ਰਹੇ ਹੋਂ ਸਭ ਦੇ ਡਾਇਲੌਗ ਦੀਦੀ ਲਿਖ ਕੇ ਉੱਨ੍ਹਾਂ ਦੇ ਹੱਥ ਫ਼ੜਾਉਂਦੇ। ਅਣਗਿਣਤ ਫ਼ੀਚਰ ਲਿਖੇ ਅਤੇ ਨਿਰਦੇਸ਼ਿਤ ਕੀਤੇ, ਪਰ ਕਦੇ ਆਪਣੇ ਨਾਂ ਹੇਠ ਕੁੱਝ ਪ੍ਰਸਾਰਿਤ ਨਹੀਂ ਕੀਤਾ। ਨਾਂ ਬੌਸ ਦਾ ਹੀ ਜਾਂਦਾ। ਲਟਕਾ ਕੇ ਬੋਲਦੇ ਸਨ, ਬੌਸ। ਪ੍ਰੋਡਿਊਸਰ ਦੀ ਪੋਸਟ ਨਿਕਲੀ। ਸਟਾਫ਼ ਵਿੱਚੋਂ ਹੀ ਲੈਣਾ ਸੀ ਕਿਸੇ ਨੂੰ। ਬਲਬੀਰ ਸਿੰਘ ਕਲਸੀ, ਪੂਨਮ ਅੰਮ੍ਰਿਤ ਕੌਰ ਦੇ ਪਿਤਾ, ਨੂੰ ਤੇ ਦੀਦੀ ਨੂੰ ਸ਼ਾਰਟਲਿਸਟ ਕੀਤਾ ਗਿਆ। ਬੇਸ਼ੱਕ ਦੀਦੀ ਨੇ ਬਹੁਤ ਕੰਮ ਕੀਤਾ ਸੀ, ਪਰ ਕਾਗ਼ਜ਼ਾਂ ‘ਚ ਹਰ ਥਾਂ ਤੇ ਬੌਸ ਦਾ ਨਾਂ ਲਿਖਿਆ ਸੀ। ਕਲਸੀ ਜੀ ਫ਼ੋਕ ਮਿਊਜ਼ਿਕ ਦੇ ਪਹਿਲੇ ਪ੍ਰੋਡਿਊਸਰ ਚੁਣ ਲਏ ਗਏ। 1993 ਤਕ ਦੀਦੀ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਬੁਲਾਉਂਦੀ ਰਹੀ। ਫ਼ੇਰ ਧਰਮਸ਼ਾਲਾ ਅਤੇ ਉਸ ਤੋਂ ਬਾਅਦ ਸ਼ਿਮਲਾ ਚਲੀ ਗਈ।
ਰਿਟਾਇਰਮੈਂਟ ਤੋਂ ਬਾਅਦ ਆਪਣੇ ਪੁਰਾਣੇ ਰਿਸ਼ਤਿਆਂ ਦੀ ਖੋਜ ਸ਼ੁਰੂ ਕੀਤੀ। ਦੀਦੀ ਦਾ ਘਰ ਲੱਭਣ ਗਈ ਉੱਥੇ ਤਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਖੜ੍ਹੀਆਂ ਸਨ। ਮਿਸਿਜ਼ ਮਿੱਤਲ, ਦੀਦੀ ਦੀ ਸਭਤੋਂ ਛੋਟੀ ਭੈਣ, ਦਾ ਘਰ ਲੱਭਿਆ। ਉੱਨ੍ਹਾਂ ਤੋਂ ਦੀਦੀ ਦੇ ਘਰ ਦਾ ਪਤਾ ਲਿਆ। ਪਹੁੰਚ ਗਈ, ਜੀ। ਕਿੰਨੇ ਘੰਟੇ ਅਸੀਂ ਗੱਲਾਂ ਮਾਰਦੀਆਂ ਰਹੀਆਂ। ਅਗਲੀ ਵਾਰ ਆਏਂਗੀ ਤਾਂ ਮੈਨੂੰ ਨਾਲ ਲੈ ਚੱਲੀਂ ਸ਼ਿਮਲਾ। ਇਸ ਵਾਰ ਕਿਉਂ ਨਹੀਂ? ਇਹ ਮੌਸਮ ਪਹਾੜਾਂ ਦਾ, ਮੈਨੂੰ ਸੂਟ ਨਹੀਂ ਕਰਨਾ। ਦੇਖ ਕਿਵੇਂ ਸਾਹ ਚੜ੍ਹ ਰਿਹੈ!
ਮੈਂ ਗਈ ਸੀ ਅਗਲੀ ਵਾਰ। ਓਦੋਂ ਤਕ ਪਤੀ ਅਨੰਤ ਯਾਤਰਾ ‘ਤੇ ਨਿੱਕਲ ਚੁੱਕੇ ਸਨ! ਦੋਹਤੀ ਨੂੰ ਲੈ ਕੇ ਗਈ ਸੀ। ਕੇਵਲ ਵਿਹਾਰ ਦੇ ਗੇਟ ਸਾਹਮਣੇ ਗੱਡੀ ਰੋਕ ਕੇ ਅੰਦਰ ਜਾਣ ਦੀ ਆਗਿਆ ਮੰਗੀ। ਦੱਸਿਆ ਪ੍ਰਕਾਸ਼ ਢਿੱਲੋਂ ਦੇ ਘਰ ਜਾਣਾ ਹੈ। ਚੌਕੀਦਾਰ ਉੱਠ ਕੇ ਬਾਹਰ ਆ ਗਿਆ।
”ਰਿਸ਼ਤੇਦਾਰ ਹੋਂ? ”
”ਨਹੀਂ! ਦੀਦੀ ਹੈ ਮੇਰੀ ਪਰ ਸਕਿਆਂ ਤੋਂ ਵੀ ਵੱਧ।”
”ਕੁਝ ਨਹੀਂ ਜਾਣਦੇ? ”
ਡਰ ਗਈ, ਪੁੱਛਿਆ, ”ਕੀ ਹੋਇਆ? ”
”ਉਨ੍ਹਾਂ ਨੂੰ ਗਿਆਂ ਤਾਂ ਮਹੀਨੇ ਹੋ ਗਏ।”
”ਜੀਤ, ”ਮੈਂ ਔਖੇ ਸੌਖੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ
”ਉਹ ਵੀ ਚਲੇ ਗਏ।”
”ਮਿਸਜ਼ ਮਿੱਤਲ? ”
ਉਹ ਵੀ ਨਹੀਂ ਰਹੇ
ਸ਼੍ਰੇਆ ਮੇਰੇ ਮੂੰਹ ਵੱਲ ਦੇਖ ਰਹੀ ਸੀ। ਡਰ ਗਈ ਸੀ ਉਹ। ਹੰਝੂ ਵਹਿ ਰਹੇ ਸਨ। ਉਹਨੇ ਹੌਲੀ ਜਿਹੀ ਗੱਡੀ ਸਟਾਰਟ ਕੀਤੀ ਅਤੇ ਮੈਂਨੂੰ ਘਰ ਜਾ ਕੇ ਲਿਟਾ ਦਿੱਤਾ। ਕੋਲੀਗਜ਼ ਨੂੰ ਫ਼ੋਨ ਕਰਨੇ ਸ਼ੁਰੂ ਕੀਤੇ। ਕਿਸੇ ਨੂੰ ਕੁੱਝ ਨਹੀਂ ਸੀ ਪਤਾ। ਕਰੋਨਾ ਆਪਣਾ ਕੌਤਕ ਦਿਖਾ ਚੁੱਕਾ ਸੀ। ਜ਼ਿੰਦਗੀ ਦੇ ਕੌੜੇ ਸੱਚ ਸਾਹਮਣੇ ਖੜ੍ਹੇ ਸਨ। ਮੇਰੇ ਤੋਂ ਪਤਾ ਲੱਗਣ ਤੋਂ ਬਾਅਦ ਸੁਖਜੀਤ ਅਤੇ ਪ੍ਰਭਜੋਤ ਮਿਸਜ਼ ਮਿੱਤਲ ਦੇ ਘਰ ਗਈਆਂ। ਉਨ੍ਹਾਂ ਦਾ ਇਕਲੌਤਾ ਪੁੱਤਰ ਆਪਣੀ ਰਸ਼ੀਅਨ ਪੱਤਨੀ ਨਾਲ ਨਵੇਂ ਘਰ ‘ਚ ਸ਼ਿਫ਼ਟ ਕਰ ਚੁੱਕਾ ਸੀ। ਮਾਂ ਅਤੇ ਮਾਸੀਆਂ ਦਾ ਘਰ ਉਹਨੇ ਵੇਚ ਦਿੱਤਾ ਸੀ। ਕੁੜੀਆਂ ਨੇ ਉਹਦੇ ਨਵੇਂ ਘਰ ਦਾ ਪਤਾ ਲੱਭਿਆ। ਗਈਆਂ ਅਫ਼ਸੋਸ ਕੀਤਾ। ਦੱਸਿਆ ਕਿ ਮੈਂ ਭੇਜਿਆ ਹੈ ਉਨ੍ਹਾਂ ਨੂੰ। ਮੇਰਾ ਨੰਬਰ ਦਿੱਤਾ। ਮੁੰਡੇ ਦਾ ਅਤਾ ਪਤਾ ਮੈਨੂੰ ਦਿੱਤਾ। ਮੈਂ ਸੰਭਾਲ ਕੇ ਰੱਖ ਦਿੱਤਾ।
ਕਦੇ ਹਿੰਮਤ ਕਰਕੇ ਪੁੱਛਾਂਗੀ ਮੁੰਡੇ ਨੂੰ ਕਿਹੋ ਜਿਹਾ ਵਕਤ ਸੀ ਜਦੋਂ ਅਲਵਿਦਾ ਕਿਹਾ ਦੀਦੀ ਨੇ!