ਬੇਹੱਦ ਦਿਲਚਸਪ ਅਤੇ ਆਮ ਫ਼ਿਲਮਾਂ ਤੋਂ ਵੱਖਰੀ ਅਤੇ ਹੋਵੇਗੀ ਸੌਂਕਣ ਸੌਂਕਣੇ ਦੀ ਕਹਾਣੀ

ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫ਼ਿਲਮਾਂ ਲੈ ਕੇ ਆ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਆਂ ਵਾਲੀਆਂ ਫ਼ਿਲਮਾਂ ਨੂੰ ਨਕਾਰ ਕੇ ਕੁੱਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ‘ਤੇ ਬਣ ਕੇ ਤਿਆਰ ਹੋਈ ਫ਼ਿਲਮ ਸੌਂਕਣ ਸੌਂਕਣੇ 13 ਮਈ ਨੂੰ ਰਿਲੀਜ਼ ਹੋਣ ਜਾ ਰਿਹੀ ਹੈ। ਨਾਦ ਐੱਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਿਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਅਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ‘ਚ ਹਨ। ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਅਤੇ ਮਨੋਰੰਜਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਸੈਰੋਂ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫ਼ਿਲਮ ਹਾਸੇ ਅਤੇ ਜਜ਼ਬਾਤ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖ਼ੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ।
ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ। ਹੱਸਦੇ, ਖੇਡਦੇ, ਲੜਦੇ, ਇੱਕ ਦੂਜੇ ਨੂੰ ਸਮਝਦੇ ਜ਼ਿੰਦਗੀ ਬੀਤ ਜਾਂਦੀ ਹੈ। ਪਰ ਕੀ ਅਸਲ ਵਿੱਚ ਇਸੇ ਤਰਾਂ ਹੁੰਦਾ ਹੈ? ਬਿਲਕੁੱਲ ਨਹੀਂ, ਕਿਉਂਕਿ ਰਿਸ਼ਤੇ ‘ਚ ਪੁਆੜੇ ਪਾਉਣ ਲਈ ਬਹੁਤ ਕੁੱਝ ਹੁੰਦਾ ਹੈ। ਇਹ ਤੁਸੀਂ ਜਦੋਂ ਆਉਣ ਵਾਲੀ ਪੰਜਾਬੀ ਫ਼ਿਲਮ ਸੌਂਕਣ ਸੌਂਕਣੇ ਦੇਖੋਗੇ ਤਾਂ ਸਮਝ ਜਾਓਗੇ। ਅੱਜ ਹੀ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਤੋਂ ਤੁਹਾਨੂੰ ਅੰਦਾਜ਼ਾ ਤਾਂ ਹੋ ਹੀ ਗਿਆ ਹੋਣੈ। ਇਹ ਤਾਂ ਤੁਸੀਂ ਜਾਣਦੇ ਹੋਣੇ ਹੀ ਹੋ ਕਿ ਕੁੜੀਆਂ ਆਪਣੇ ਕੰਨ ਦਾ ਇੱਕ ਝੁਮਕਾ ਤਕ ਵੀ ਕਿਸੇ ਨਾਲ ਨਹੀਂ ਵੰਡਦੀਆਂ, ਅਤੇ ਜੇ ਆਪਣਾ ਘਰਵਾਲਾ ਹੀ ਵੰਡਣਾ ਪੈ ਗਿਆ? ਉੱਪਰੋਂ ਆਪਣੀ ਸੌਂਕਣ ਵੀ ਆਪ ਹੀ ਲਿਆਂਦੀ ਹੋਵੇ ਤਾਂ ਫ਼ਿਰ? ਕਿਵੇਂ ਪਟਾਕੇ ਪੈਂਦੇ ਨੇ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।
ਨਾਲ ਹੀ ਜੀਹਨੂੰ ਲਗਦਾ ਇੱਕ ਵੋਹਟੀ ਹੋਊ ਤਾਂ ਮੇਰੇ ਨਾਲ ਲੜੂਗੀ, ਦੋ ਹੋਣਗੀਆਂ ਤਾਂ ਮੇਰੇ ਲਈ ਲੜਨਗੀਆਂ, ਉਹਨਾਂ ਦਾ ਵੀ ਵਹਿਮ ਦੂਰ ਹੋ ਜਾਏਗਾ। ਨਿਮਰਤ ਖਹਿਰਾ ਫ਼ਿਲਮ ‘ਚ ਆਪਣੇ ਸੁਭਾਅ ਤੋਂ ਉਲਟ ਕਿਰਦਾਰ ਨਿਭਾਉੰਦੀ ਨਜ਼ਰ ਆਵੇਗੀ। ਨਿਮਰਤ ਦਾ ਲੜਕਪੁਣਾ ਦੇਖਣ ਅਤੇ ਮਲਵਈ ਬੋਲੀ ਸੁਣਨ ਲਈ ਪ੍ਰਸ਼ੰਸਕ ਬਹੁਤ ਉਤਸੁਕ ਹਨ। ਹੁਣ ਸਰਗੁਨ ਸੌਂਕਣ ਕਿਉਂ ਲੈ ਕੇ ਆਈ? ਕਿਵੇਂ ਨਿਮਰਤ ਆਪਣੀ ਭੈਣ ਦੀ ਸੌਂਕਣ ਬਣੀ? ਅਤੇ ਹੁਣ ਕਿਵੇਂ ਉਹਨਾਂ ਦੀ ਜ਼ਿੰਦਗੀ ਇਕੱਠੇ ਅੱਗੇ ਵਧੇਗੀ, ਵਧੇਗੀ ਵੀ ਜਾਂ ਨਹੀਂ ਆਦਿ ਦੇਖਣਾ ਬਹੁਤ ਹੀ ਦਿਲਚਸਪ ਹੋਵੇਗਾ।