ਤੁਸੀਂ ਗ਼ਲਤ ਹੋ ਸਕਦੇ ਹੋ। ਪਰ ਤੁਸੀਂ ਹੋ ਨਹੀਂ। ਧੁਰ ਅੰਦਰ, ਤੁਹਾਨੂੰ ਇਹ ਪਤਾ ਵੀ ਹੈ, ਫ਼ਿਰ ਬੇਸ਼ੱਕ ਤੁਸੀਂ ਆਪਣੀਆਂ ਊਣਤਾਈਆਂ ਪ੍ਰਤੀ ਕਿੰਨੇ ਵੀ ਚੌਕਸ ਕਿਓਂ ਨਾ ਹੋਵੋ, ਹਾਲੀਆ ਸਥਿਤੀ ‘ਤੇ ਤੁਹਾਡੀ ਪਕੜ ਮਜ਼ਬੂਤ ਹੈ, ਅਤੇ ਤੁਹਾਨੂੰ ਪਤੈ ਕਿ ਠੀਕ ਜਵਾਬ ਕੀ ਹੈ। ਜਿਹੜੇ ਛੋਟੇ-ਮੋਟੇ ਸ਼ੰਕੇ ਤੁਹਾਡੇ ਜ਼ਹਿਨ ‘ਚ ਉਭਰ ਰਹੇ ਨੇ, ਉਹ ਕੇਵਲ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਤੁਸੀਂ ਕਿੰਨੇ ਸਹੀ ਹੋ। ਗ਼ਲਤੀਆਂ ਬਹੁਤਾ ਕਰ ਕੇ ਉਹ ਲੋਕ ਕਰਦੇ ਨੇ ਜਿਹੜੇ ਆਪਣੇ ਫ਼ੈਸਲਿਆਂ ‘ਤੇ ਕਦੇ ਵੀ ਸਵਾਲ ਨਹੀਂ ਕਰਦੇ। ਦੋਬਾਰਾ ਤੱਥਾਂ ਦੀ ਜਾਂਚ ਜ਼ਰੂਰ ਕਰੋ। ਪਰ ਉਸ ਪਲ ਨੂੰ ਸਦਾ ਲਈ ਅੱਗੇ ਨਾ ਪਾਉਂਦੇ ਰਹੋ ਜਦੋਂ ਤੁਸੀਂ ਉਸ ‘ਤੇ ਕਾਰਜਸ਼ੀਲ ਹੋਣ ਦਾ ਫ਼ੈਸਲਾ ਕਰਨੈ ਜਿਸ ਚੀਜ਼ ਨੂੰ ਤੁਸੀਂ ਸਪੱਸ਼ਟ ਤੌਰ ‘ਤੇ ਮਹਿਸੂਸ ਕਰ ਰਹੇ ਹੋ। ਇਸ ਵਕਤ ਤੁਹਾਡਾ ਦਿਲ ਤੁਹਾਡੀ ਚੰਗੀ ਅਗਵਾਈ ਕਰ ਰਿਹੈ।
ਲੋਕ ਜਿਸ ਸ਼ੈਅ ਵਿੱਚ ਵਿਸ਼ਵਾਸ ਕਰਨਾ ਚਾਹੁੰਦੇ ਨੇ, ਕਰਦੇ ਨੇ, ਅਤੇ ਉਹ ਜੋ ਦੇਖਣਾ ਚਾਹੁੰਦੇ ਨੇ, ਦੇਖਦੇ ਨੇ। ਉਹ ਲੋਕ ਜੋ ਖੁਲ੍ਹੇ ਦਿਮਾਗ਼ ਦੇ ਮਾਲਕ ਹੋਣ ਦਾ ਦਾਅਵਾ ਵੀ ਕਰਦੇ ਨੇ, ਬਹੁਤ ਜ਼ਿਆਦਾ ਵਿਰੋਧ ਕਰ ਸਕਦੇ ਨੇ ਜਦੋਂ ਕੋਈ ਵੀ ਵਿਚਾਰ ਉਨ੍ਹਾਂ ਦੀ ਮੌਜੂਦਾ ਸਮਝ ਨੂੰ ਚੁਣੌਤੀ ਦੇਣ ਵਾਲਾ ਹੋਵੇ। ਸਿਰਫ਼ ਜਦੋਂ ਅਸੀਂ ਆਪਣੀ ਸਥਾਪਿਤ ਰੂਟੀਨ ਤੋਂ ਛੁੱਟੀ ਲੈ ਲੈਂਦੇ ਹਾਂ, ਅਤੇ ਖ਼ੁਦ ਨੂੰ ਅਣਜਾਣ ਖੇਤਰ ਛਾਣਨ ਦੀ ਇਜਾਜ਼ਤ ਦਿੰਦੇ ਹਾਂ, ਅਸੀਂ ਤਾਜ਼ੇ ਖ਼ਿਆਲਾਤ ‘ਤੇ ਘੱਟਘੱਟ ਵਿਚਾਰ ਕਰਨ ਦੀ ਸਹਿਮਤੀ ਦੇਣ ਦੇ ਕਾਬਿਲ ਹੁੰਦੇ ਹਾਂ। ਜ਼ਿੰਦਗੀ ਤੁਹਾਡੇ ਲਈ ਬਹੁਤ ਜ਼ਿਆਦਾ ਸੌਖੀ ਹੋ ਸਕਦੀ ਹੈ, ਕੇਵਲ ਜੇਕਰ ਕੋਈ ਵਿਅਕਤੀ ਉਸ ਗੱਲ ਨੂੰ ਸਮਝ ਸਕੇ ਜੋ ਤੁਸੀਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹੋ। ਧੀਰਜਵਾਨ ਬਣਨ ਦੀ ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਵਕਤ ਬਹੁਤ ਕੁਛ ਕਿਸੇ ਹੋਰ ਦੇ ਫ਼ੈਸਲੇ ‘ਤੇ ਨਿਰਭਰ ਕਰ ਰਿਹੈ। ਜਾਂ ਹਾਲਾਤ ਅਜਿਹੇ ਹਨ ਜਿਨ੍ਹਾਂ ਉੱਪਰ ਤੁਹਾਡਾ ਬਹੁਤ ਘੱਟ ਕੰਟਰੋਲ ਹੈ, ਭਾਵੇਂ ਉਨ੍ਹਾਂ ਦਾ ਤੁਹਾਡੇ ਭਵਿੱਖ ‘ਤੇ ਬਹੁਤ ਜ਼ਿਆਦਾ ਪ੍ਰਭਾਵ ਹੈ। ਤੁਸੀਂ ਆਪਣੀ ਗੁਆਚੀ ਹੋਈ ਤਾਕਤ ਵਾਪਿਸ ਕਿਵੇਂ ਪ੍ਰਾਪਤ ਕਰ ਸਕਦੇ ਹੋ? ਨਿਰਸੰਦੇਹ ਇਸ ਅਸੰਤੁਲਨ ਨੂੰ ਖ਼ਤਮ ਕਰਨ ਦਾ ਕੋਈ ਨਾ ਕੋਈ ਤਰੀਕਾ ਤਾਂ ਹੋਣਾ ਹੀ ਚਾਹੀਦਾ ਹੈ। ਤਰੀਕਾ, ਸੱਚਮੁੱਚ, ਮੌਜੂਦ ਹੈ। ਉਸ ਬਾਰੇ ਘੱਟ ਚਿੰਤਾ ਕਰੋ ਜੋ ਤੁਸੀਂ ਬਦਲ ਨਹੀਂ ਸਕਦੇ, ਅਤੇ ਉਸ ਵੱਲ ਆਪਣਾ ਸਾਰਾ ਧਿਆਨ ਕੇਂਦ੍ਰਿਤ ਕਰੋ ਜਿਸ ‘ਚ ਤੁਸੀਂ ਪਰਿਵਰਤਨ ਲਿਆ ਸਕਦੇ ਹੋ। ਕਿਸੇ ਮਹੱਤਵਪੂਰਨ ਸਥਿਤੀ ‘ਚ ਕੋਈ ਸਾਰਥਕ ਫ਼ਰਕ ਪਾਉਣ ਲਈ ਤੁਹਾਡੇ ਵਲੋਂ ਇੰਨਾ ਕਰਨਾ ਹੀ ਕਾਫ਼ੀ ਹੋਵੇਗਾ।
ਇਸ ਸੰਸਾਰ ‘ਚ ਬਹੁਤ ਜ਼ਿਆਦਾ ਲਫ਼ਜ਼ ਹਨ ਅਤੇ ਉਸ ਤੋਂ ਵੀ ਵੱਧ ਮਤਲਬ। ਸਾਡੀਆਂ ਡਿਕਸ਼ਨਰੀਆਂ ਅਤੇ ਐਨਸਾਈਕਲੋਪੀਡੀਏ ਪਰਿਭਾਸ਼ਾਵਾਂ ਅਤੇ ਸਪੱਸ਼ਟੀਕਰਨਾਂ ਨਾਲ ਤੂੜੇ ਪਏ ਨੇ। ਕੋਈ ਵੀ ਰਹੱਸ ਗੁਪਤ ਕਿਵੇਂ ਰਹਿ ਸਕਦੈ, ਜਦੋਂ, ਜਿਸ ਪਾਸੇ ਵੀ ਅਸੀਂ ਮੁੜੀਏ, ਸਾਨੂੰ ਇੰਨੀ ਜ਼ਿਆਦਾ ਜਾਣਕਾਰੀ ਦੇਖਣ ਨੂੰ ਮਿਲਦੀ ਹੈ? ਇੱਕ ਗੱਲ ਦਾ ਧਿਆਨ ਰੱਖਿਆ ਜੇ, ਇਹ ਸਾਰੀ ਜਾਣਕਾਰੀ ਇੱਕ ਦੂਸਰੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ! ਤਥਾਕਥਿਤ ਤੱਥ ਆਧਾਰਿਤ ਬਿਆਨਾਂ ਦਰਮਿਆਨ, ਅਨੁਮਾਨ, ਮਾਨਤਾਵਾਂ ਅਤੇ ਧਾਰਣਾਵਾਂ ਵੀ ਹਨ, ਜਿਨ੍ਹਾਂ ਸਾਰੀਆਂ ਖ਼ਿਲਾਫ਼ ਇੰਝ ਜਾਪਦੈ ਕਿ ਬਹਿਸ ਕਰਨ ਦਾ ਕੋਈ ਮੁੱਦਾ ਹੀ ਮੌਜੂਦ ਨਹੀਂ। ਤੁਸੀਂ ਅਕਸਰ ਖ਼ੁਦ ਨੂੰ ਇਸ ਸੰਸਾਰ ਵਿਚਲੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਨੂੰ ਸਮਝਣ ‘ਚ ਸੰਘਰਸ਼ ਕਰਦਾ ਹੋਇਆ ਪਾਉਂਦੇ ਹੋ। ਖ਼ਾਸ ਤੌਰ ‘ਤੇ, ਇੱਕ ਅਸਪਸ਼ਟ ਅਤੇ ਵਿਵਾਦਗ੍ਰਸਤ ਮਾਮਲੇ ਦੇ ਸੰਦਰਭ ‘ਚ ਸੱਚ ਕਿੱਥੇ ਖੜ੍ਹੈ? ਤੁਹਾਨੂੰ ਇਹ ਵੀ ਛੇਤੀ ਹੀ ਪਤਾ ਲੱਗ ਜਾਏਗਾ!
ਅਸੀਂ ਆਪਣੇ ਦੋਸਤ ਅਤੇ ਗਵਾਂਢੀ, ਅਤੇ ਇੱਥੋ ਤਕ ਕਿ (ਜੇਕਰ ਸਾਡੇ ਕੋਲ ਇਹ ਫ਼ੈਸਲਾ ਕਰਨ ਦੀ ਥੋੜ੍ਹੀ ਜਿਹੀ ਵੀ ਖੁਲ੍ਹ ਹੋਵੇ ਕਿ ਅਸੀਂ ਕੰਮ ਕਿੱਥੇ ਕਰਨੈ ਤਾਂ) ਆਪਣੇ ਕੋਲੀਗਜ਼ ਜਾਂ ਸਹਿ-ਕਰਮੀ ਵੀ। ਪਰ ਆਪਣੇ ਰਿਸ਼ਤੇਦਾਰਾਂ ਦੇ ਮਾਮਲੇ ‘ਚ ਸਾਡੇ ਪਾਸ ਅਜਿਹੀ ਕੋਈ ਚੋਣ ਨਹੀਂ ਹੁੰਦੀ! ਕਈ ਵਾਰ, ਇਸ ਦਾ ਅਰਥ ਇਹ ਹੁੰਦਾ ਹੈ ਕਿ ਅਸੀਂ ਬਹੁਤ ਸਮਾਂ ਉਨ੍ਹਾਂ ਵਿਅਕਤੀਆਂ ਨੂੰ ਪਿਆਰ ਕਰਨਾ ਸਿੱਖਣ ‘ਚ ਬਿਤਾਉਂਦੇ ਹਾਂ ਜਿਨ੍ਹਾਂ ਪ੍ਰਤੀ ਕਿਸੇ ਕਿਸਮ ਦੀ ਵੀ ਗਰਮਜੋਸ਼ੀ ਮਹਿਸੂਸ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੁੰਦੈ। ਸਭ ਤੋਂ ਖ਼ੁਸ਼ ਪਰਿਵਾਰਾਂ ‘ਚ ਵੀ ਝਗੜੇ ਉਪਜਦੇ ਨੇ ਅਤੇ ਅਣਬਨ ਹੋ ਜਾਂਦੀ ਹੈ। ਪਰ ਕੀ ਕੋਈ ਜੰਗ ਬਹੁਤੀ ਲੰਬੀ ਨਹੀਂ ਖਿੱਚੀ ਜਾ ਚੁੱਕੀ? ਕੀ ਸ਼ਾਤੀ ਸਥਾਪਿਤ ਕਰਨ ਅਤੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦਾ ਕੋਈ ਵੀ ਤਰੀਕਾ ਨਹੀਂ? ਹੋ ਸਕਦੈ ਹੋਵੇ। ਅਤੇ ਇਹ ਵੀ ਹੋ ਸਕਦੈ, ਉਹ ਤੁਹਾਨੂੰ ਲੱਭਣ ਹੀ ਵਾਲਾ ਹੋਵੇ।