ਦਾਦਾ ਸਾਹਿਬ ਫ਼ਾਲਕੇ ਫ਼ਿਲਮ ਫ਼ੈਸਟੀਵਲ ਲਈ ਚੁਣੀ ਗਈ ਦਾ ਸੇਵੀਅਰ

ਇਤਿਹਾਸ ‘ਚ ਪੁੰਛ ਅਤੇ ਜੰਮੂ-ਕਸ਼ਮੀਰ ਦੇ ਰਖਵਾਲੇ ਵਜੋਂ ਜਾਣੇ ਜਾਂਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਉਪਰ ਆਧਾਰਿਤ ਡਾਕੂ-ਡਰਾਮਾ ਫ਼ਿਲਮ ਦਾ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ12ਵੇਂ ਦਾਦਾ ਸਾਹਿਬ ਫ਼ਾਲਕੇ ਫ਼ਿਲਮ ਫ਼ੈਸਟੀਵਲ 2022 ਲਈ ਚੁਣੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਡਾ.ਪਰਮਜੀਤ ਸਿੰਘ ਕੱਟੂ ਨੇ ਕਿਹਾ ਹੈ ਕਿ ਇਸ ਫ਼ਿਲਮ ਫ਼ੈਸਟੀਵਲ ਲਈ ਸਾਡੀ ਫ਼ਿਲਮ ਦਾ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ। ਇਸ ਫ਼ਿਲਮ ਦੇ ਪ੍ਰੋਡਿਊਸਰ ਕਰਨਵੀਰ ਸਿੰਘ ਸਿਬੀਆ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤਕ ਇਸ ਫ਼ਿਲਮ ਨੂੰ ਲੌਸ ਐਂਜਲਸ ਫ਼ਿਲਮ ਐਵਾਰਡ ਸਮੇਤ ਵੀਹ ਤੋਂ ਵਧੇਰੇ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਐਗਜ਼ੈਕਿਟਿਵ ਪ੍ਰੋਡਿਊਸਰ ਸ਼ਿਵਾਨੀ ਸੋਖੀ ਨੇ ਦੱਸਿਆ ਕਿ ਇਹ ਫ਼ਿਲਮ ਆਪਣੇ ਵਰਗ ‘ਚ ਵੱਕਾਰੀ ਐਵਾਰਡ ਜਿੱਤਣ ਵਾਲੀ ਵਿਲੱਖਣ ਫ਼ਿਲਮ ਬਣ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਝੂਠੇ ਆਧਾਰਾਂ ਉਪਰ ਕੋਰਟ-ਮਾਰਸ਼ਲ ਕਰ ਦਿੱਤਾ ਗਿਆ ਸੀ, ਅਤੇ ਇਹ ਫ਼ਿਲਮ ਇਸ ਮਕਸਦ ਨਾਲ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਦਾ ਮਾਨ-ਸਨਮਾਨ ਬਹਾਲ ਕਰਵਾਇਆ ਜਾ ਸਕੇ। ਇਸੇ ਲੜੀ ‘ਚ 11 ਅਪ੍ਰੈਲ 2022 ਨੂੰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ‘ਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਚਿੱਤਰ ਲਗਾਇਆ ਜਾ ਚੁੱਕਾ ਹੈ। ਫ਼ਿਲਮ ਦੀ ਟੀਮ ਨੂੰ ਪੂਰੀ ਉਮੀਦ ਹੈ ਕਿ ਭਾਰਤ ਸਰਕਾਰ ਵੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਬਣਦਾ ਮਾਨ-ਸਨਮਾਨ ਬਹਾਲ ਕਰੇਗੀ।