ਬੌਲੀਵੁਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਅੱਜ ਵਿਆਹ ਬੰਧਨ ‘ਚ ਬੱਝ ਗਏ। ਇਸ ਜੋੜੀ ਨੇ ਪੰਜਾਬੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਇਹ ਜੋੜੀ ਲੰਮੇ ਸਮੇਂ ਤੋਂ ਚਰਚਾ ‘ਚ ਸੀ ਅਤੇ ਇਨ੍ਹਾਂ ਦੇ ਚਾਹੁਣ ਵਾਲੇ ਬੇਸੱਬਰੀ ਨਾਲ ਇਸ ਦਿਨ ਦੀ ਉਡੀਕ ਕਰ ਰਹੇ ਸਨ। ਵਿਆਹ ਦੀਆਂ ਰਸਮਾਂ ਰਣਬੀਰ ਦੇ ਬੰਗਲੇ (ਜਿਸ ਦਾ ਨਾਮ ਵਾਸਤੂ ਹੈ) ‘ਚ ਮੁਕੰਮਲ ਹੋਈਆਂ ਅਤੇ ਬਾਰਾਤ ਮੁੰਬਈ ਦੇ ਪਾਲੀ ਹਿੱਲ ਇਲਾਕੇ ‘ਚ ਉਸਾਰੀ ਅਧੀਨ ਕ੍ਰਿਸ਼ਨਾ ਰਾਜ ਬੰਗਲੇ ਤੋਂ ਰਵਾਨਾ ਹੋਈ। ਕਪੂਰ ਅਤੇ ਭੱਟ ਖ਼ਾਨਦਾਨ ਦੇ ਬੱਚਿਆਂ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਦੇ ਸਨੇਹੀ ਅਤੇ ਰਿਸ਼ਤੇਦਾਰ ਬਹੁਤ ਖ਼ੁਸ਼ ਸਨ।
ਛੋਟਾ ਜਿਹਾ ਪਰਿਵਾਰਕ ਪ੍ਰੋਗਰਾਮ
ਵਿਆਹ ਦੀਆਂ ਰਸਮਾਂ ਨੂੰ ਦੋਵੇਂ ਪਰਿਵਾਰਾਂ ਨੇ ਆਪਣੇ ਨੇੜਲਿਆਂ ਤਕ ਹੀ ਸੀਮਿਤ ਰੱਖਿਆ ਗਿਆ ਸੀ। ਇਸ ਵਿਆਹ ਸਮਾਗਮ ਲਈ ਮਹਿਜ਼ 30 ਤੋਂ 50 ਮਹਿਮਾਨਾਂ ਨੂੰ ਸੱਦਾ-ਪੱਤਰ ਭੇਜਿਆ ਗਿਆ ਸੀ ਜਿਨ੍ਹਾਂ ‘ਚ ਰਣਬੀਰ-ਆਲੀਆ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਹੀ ਮੈਂਬਰ ਸ਼ਾਮਿਲ ਸਨ। ਰਣਬੀਰ ਤੇ ਆਲੀਆ ਵਲੋਂ ਲਾਵਾਂ ਲੈਣ ਤੋਂ ਪਹਿਲਾਂ ਵਿਆਹ ਵਾਲੇ ਘਰ ਵਿਸ਼ੇਸ਼ ਪੂਜਾ ਵੀ ਕਰਵਾਈ ਗਈ। ਪਰਿਵਾਰਕ ਮੈਂਬਰਾਂ ਨੇ ਹਲਕੇ ਗ਼ੁਲਾਬੀ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ ਜਦਕਿ ਨਵ-ਵਿਆਹੇ ਜੋੜੇ ਦੇ ਕਰੀਬੀ ਦੋਸਤਾਂ ਨੇ ਚਿੱਟੇ ਅਤੇ ਸੁਨਿਹਰੀ ਰੰਗ ਦੀ ਥੀਮ ਵਾਲੇ ਕੱਪੜੇ ਪਹਿਨੇ ਹੋਏ ਸਨ। ਆਲੀਆ ਦੀ ਸਹੇਲੀ ਅਕਾਂਕਸ਼ਾ ਰੰਜਨ ਨੇ ਹਰੇ ਰੰਗ ਦੀ ਸਾੜੀ ਪਹਿਨੀ ਹੋਈ ਸੀ।
ਕਰੀਨਾ ਕਪੂਰ ਖ਼ਾਨ ਅਤੇ ਉਸ ਦਾ ਪਤੀ ਸੈਫ਼ ਅਲੀ ਖ਼ਾਨ
ਵਿਆਹ ਸਮਾਗਮ ‘ਚ ਕਪੂਰ ਖ਼ਾਨਦਾਨ ‘ਚੋਂ ਰਾਜ ਕਪੂਰ ਦੀ ਪੀੜ੍ਹੀ ਦੀ ਆਖ਼ਰੀ ਬਜ਼ੁਰਗ ਅਤੇ ਰਣਬੀਰ ਦੀ ਦਾਦੀ (ਸ਼ੰਮੀ ਕਪੂਰ ਦੀ ਪਤਨੀ) ਨੀਲਾ ਦੇਵੀ ਵੀ ਆਪਣੀ ਧੀ ਕੰਚਨ ਨਾਲ ਸ਼ਾਮਿਲ ਹੋਈ। ਨਵੇਂ ਵਿਆਹੇ ਜੋੜੇ ਵਲੋਂ ਰਿਸੈੱਪਸ਼ਨ ਇੱਕ ਪੰਜ ਤਾਰਾ ਹੋਟਲ ‘ਚ ਕੀਤੀ ਗਈ ਜਿਸ ‘ਚ ਦੀਪਿਕਾ ਪਾਦੂਕੋਨ, ਰਣਵੀਰ ਸਿੰਘ, ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਸਣੇ ਸਿਨੇ ਜਗਤ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋਈਆਂ। ਰਣਬੀਰ ਕਪੂਰ ਦੀ ਭੈਣ ਰਿਧਿਮਾ ਕਪੂਰ ਸਾਹਨੀ ਆਪਣੇ ਭਰਾ ਦੇ ਵਿਆਹ ਮੌਕੇ ਬਹੁਤ ਖ਼ੁਸ਼ ਦਿਖਾਈ ਦਿੱਤੀ। ਰਿਧਿਮਾ ਨੇ ਇਨਸਟਾਗ੍ਰੈਮ ‘ਤੇ ਆਪਣੀ ਚਾਂਦੀ ਰੰਗੀ ਪੁਸ਼ਾਕ ਦੀ ਤਸਵੀਰ ਸਾਂਝੀ ਕਰਦਿਆਂ ਆਖਿਆ, ”ਮੇਰੇ ਭਾਈ ਕੀ ਸ਼ਾਦੀ! ”ਕਰੀਨਾ ਕਪੂਰ ਖ਼ਾਨ ਅਤੇ ਉਸ ਦੇ ਪਤੀ ਸੈਫ਼ ਅਲੀ ਖ਼ਾਨ ਨੇ ਹਲਕੇ ਗ਼ੁਲਾਬੀ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ ਜਿਨ੍ਹਾਂ ‘ਚ ਦੋਵੇਂ ਬਹੁਤ ਫ਼ੱਬ ਰਹੇ ਸਨ। ਇਸ ਤੋਂ ਪਹਿਲਾਂ ਆਪਣੀ ਧੀ ਦੇ ਵਿਆਹ ਵਾਲੇ ਦਿਨ ਫ਼ਿਲਮ ਨਿਰਮਾਤਾ ਮਹੇਸ਼ ਭੱਟ ਸਵੇਰੇ ਜੁਹੂ ਸਥਿਤ ਆਪਣੇ ਘਰ ਦੇ ਬਾਹਰ ਰੋਜ਼ਾਨਾ ਵਾਂਗ ਸੈਰ ਕਰਦੇ ਹੋਏ ਦਿਖਾਈ ਦਿੱਤੇ। ਮਹੇਸ਼ ਭੱਟ ਨੇ ਹਮੇਸ਼ਾ ਵਾਂਗ ਕਾਲੀ ਟੀ-ਸ਼ਰਟ ਅਤੇ ਕਾਲੀ ਪੈਂਟ ਪਾਈ ਹੋਈ ਸੀ।
ਅਮਿਤਾਭ ਬੱਚਨ ਵਲੋਂ ਵਧਾਈ
ਫ਼ਿਲਮ ਬ੍ਰਹਮਾਸਤਰ ‘ਚ ਰਣਬੀਰ ਤੇ ਆਲੀਆ ਨਾਲ ਕੰਮ ਕਰਨ ਵਾਲੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ‘ਤੇ ਨਵ-ਵਿਆਹੇ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਅਮਿਤਾਭ ਬੱਚਨ ਨੇ ਫ਼ਿਲਮ ਬ੍ਰਹਮਾਸਤਰ ਦਾ ਗੀਤ ਕੇਸਰੀਆ ਸਾਂਝਾ ਕਰਦੇ ਹੋਏ ਰਣਬੀਰ-ਆਲੀਆ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰ ਨੇ ਆਖਿਆ, ”ਸਾਡੇ ਈਸ਼ਾ ਅਤੇ ਸ਼ਿਵਾ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਅਗਲੇ ਪੜਾਅ ‘ਚ ਦਾਖ਼ਲ ਹੋਣ ‘ਤੇ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ।”ਫ਼ਿਲਮ ਬ੍ਰਹਮਾਸਤਰ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅੱਠ ਸਾਲ ਪਹਿਲਾਂ ਇਸ ਫ਼ਿਲਮ ਦੀ ਸ਼ੁਰੂ ਹੋਈ ਸ਼ੂਟਿੰਗ ਦੌਰਾਨ ਹੀ ਰਣਬੀਰ ਅਤੇ ਆਲੀਆ ਇੱਕ ਦੂਜੇ ਦੇ ਕਰੀਬ ਆਏ ਸਨ।