ਡਾਕਟਰ ਦੇਵਿੰਦਰ ਮਹਿੰਦਰੂ
91-98-1602-3197
ਪਰਕਾਸ਼ ਸਿਆਲ ਲਿਖਦੇ ਹੁੰਦੇ ਸਨ ਕਿਸੇ ਜ਼ਮਾਨੇ ‘ਚ ਅੰਗਰੇਜ਼ੀ ਟ੍ਰਿਬਿਊਨ ‘ਚ Aerial and Antenna ਜਲੰਧਰ ਰੇਡੀਓ ਅਤੇ TV ਦੇ ਪ੍ਰੋਗਰਾਮ ਬਾਰੇ ਕਾਲਮ ਸੀ। ਪੜ੍ਹਦੇ ਤਾਂ ਲੱਗਦਾ ਸੀ ਕੁਝ ਪੜ੍ਹਿਆ ਹੈ। ਇਹ ਕਾਲਮ ਓਦੋਂ ਤੋਂ ਪੜ੍ਹਦੀ ਆ ਰਹੀ ਸੀ ਜਦੋਂ ਅਜੇ ਰੇਡੀਓ ਪ੍ਰਸਾਰਣ ਨਾਲ ਜੁੜੀ ਵੀ ਨਹੀਂ ਸੀ।
ਸ਼ੀਨਗਰ ਦੂਰਦਰਸ਼ਨ ‘ਚ 1975-76, ਅਤੇ ਫ਼ੇਰ ਰੇਡੀਓ ਜਲੰਧਰ ‘ਚ 1982 ਤਕ ਲਾਇਬ੍ਰੇਰੀਅਨ ਸਾਂ। ਜਲੰਧਰ ਰਹਿੰਦਿਆਂ ਹੀ 1988 ਤਕ ਡਿਊਟੀ ਅਫ਼ਸਰ ਅਤੇ ਫ਼ੇਰ UPSC ਤੋਂ ਸਿਲੈੱਕਟ ਹੋ ਕੇ ਪ੍ਰੋਗਰਾਮ ਐਗਜ਼ੈਕਟਿਵ ਸਹਾਇਕ ਕੇਂਦਰ ਨਿਰਦੇਸ਼ਕ ਬਣੀ, ਪਰ ਸਿਰਫ਼ ਕਾਗ਼ਜ਼ਾਂ ‘ਚ ਉਸ ਤਰ੍ਹਾਂ ਭਾਵੇਂ ਪ੍ਰੋਗਰਾਮ ਹੈੱਡ ਸੀ – ਧਰਮਸ਼ਾਲਾ ਅਤੇ ਸ਼ਿਮਲਾ ਰੇਡੀਓ ‘ਤੇ ਵੀ।
ਪੰਜਾਬੀ ਦੇ ਇੱਕ ਅਖ਼ਬਾਰ ‘ਚ ਅਵਤਾਰ ਜੌੜਾ ਵੀ ਕਾਲਮ ਲਿਖਦੇ ਹੁੰਦੇ। ਉਹ ਰੇਡੀਓ ਦੇ ਪ੍ਰੋਗਰਾਮਾਂ ਬਾਰੇ ਲਿਖਦੇ ਸਨ। ਬੜੀ ਸੁਹਣੀ ਪੰਜਾਬੀ ‘ਚ ਲਿਖਦੇ ਹੁੰਦੇ ਸਨ ਉਹ ਪਰ ਚੱਜ ਦੀ ਗੱਲ ਸਿਰਫ਼ ਆਪਣੇ ਯਾਰਾਂ ਦੋਸਤਾਂ ਬਾਰੇ ਹੀ ਕਰਦੇ ਸਨ। ਮੇਰੇ ਵਰਗਿਆਂ ਨੂੰ ਦੇਖ ਨਹੀਂ ਸੀ ਸੁਖਾਉਂਦੇ। ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਜਸਵੰਤ ਦੀਦ ਦੇ ਦੂਰਦਰਸ਼ਨ ਜਾਣ ਤੋਂ ਬਾਅਦ ਪੰਜਾਬੀ ਪ੍ਰੋਗਰਾਮ ਮੈਨੂੰ ਦਿੱਤੇ ਜਾਣ। ਉਨ੍ਹਾਂ ਦੀ ਢਾਣੀ ਦੇ ਕਿਸੇ ਬੰਦੇ ਨੂੰ ਵੀ ਤਾਂ ਦਿੱਤੇ ਜਾ ਸਕਦੇ ਸਨ। ਮਹਿਫ਼ਿਲਾਂ ਲੱਗਦੀਆਂ ਫ਼ੇਰ ਉਹ ਵੱਧੀਆ-ਕਵਧੀਆਂ ਗੱਲਾਂ ਲਿਖਦੇ। ਮੇਰੇ ਤੋਂ ਕੀ ਲੱਭਣਾ ਸੀ ਉਨ੍ਹਾਂ ਨੂੰ?
ਜਲੰਧਰ ਤੋਂ ਧਰਮਸ਼ਾਲਾ ਧਰਮਸ਼ਾਲਾ ਤੋਂ ਸ਼ਿਮਲਾ ਸ਼ਿਮਲਾ ਤੋਂ ਚੰਡੀਗੜ੍ਹ ਅਤੇ ਇੱਕ ਵਾਰ ਫ਼ੇਰ ਸ਼ਿਮਲਾ। ਉਨ੍ਹਾਂ ਦਿਨਾਂ ‘ਚ ਉੱਥੇ ਕਿਸ਼ਨ ਕਪੂਰ ਨਵੇਂ ਨਵੇਂ ਵਿਧਾਇਕ ਬਣੇ ਸਨ। FM ਧਰਮਸ਼ਾਲਾ ਅਤੇ ਕਿਸੇ ਨੇ ਨਹੀਂ ਲਿਖਿਆ ਕਦੇ ਕੋਈ ਕਾਲਮ, ਪਰ 1994 ਫ਼ਰਵਰੀ ‘ਚ ਮੈਂ ਸ਼ੁਰੂ ਕਰਵਾਏ ਸਨ ਉੱਥੋਂ ਪ੍ਰਸਾਰਣ।
ਉਸ ਇਲਾਕੇ ਦੇ ਚੁਣੇ ਹੋਏ MLA ਕਿਸ਼ਨ ਕਪੂਰ ਰੂਲਿੰਗ ਪਾਰਟੀ ਦੇ ਨਹੀਂ ਸਗੋਂ ਅਪੋਜ਼ੀਸ਼ਨ ਪਾਰਟੀ ਦੇ ਸਨ, ਅਤੇ ਉਨ੍ਹਾਂ ਨੇ ਪਹਿਲੇ ਦਿਨ ਸੋਲ੍ਹਾਂ ਫ਼ਰਵਰੀ ਨੂੰ ਇੱਕ ਬਿਆਨ ਦੇ ਦਿੱਤਾ ਕਿ ਕੀ ਲੋੜ ਸੀ ਇੱਥੇ FM ਖੋਲ੍ਹਣ ਦੀ। ਬਾਅਦ ‘ਚ ਜਦੋਂ ਮੈਂ ਸ਼ਿਮਲਾ ਆਈ ਤਾਂ ਕਿਸ਼ਨ ਕਪੂਰ ਜੀ ਵਾਲੀ ਪਾਰਟੀ ਸੱਤਾ ‘ਚ ਆ ਚੁੱਕੀ ਸੀ ਉਹ ਹੁਣ ਮਨਿਸਟਰ ਸਨ। ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਓਦੋਂ ਪ੍ਰਸ਼ਨੋਤਰੀ ਕੇ ਘੇਰੇ ਮੇਂ। ਮੈਂ ਕਿਸ਼ਨ ਕਪੂਰ ਜੀ ਨੂੰ ਮਜ਼ਾਕ ‘ਚ ਕਿਹਾ ਤੁਸੀਂ ਧਰਮਸ਼ਾਲਾ FM ਖੁੱਲ੍ਹਣ ਦੇ ਪਹਿਲੇ ਹੀ ਦਿਨ ਉਲਟ ਬਿਆਨ ਕਿਉਂ ਦਿੱਤਾ ਸੀ ਕਿ ਕਿਉਂ ਖੋਲਿਆ ਸਟੇਸ਼ਨ? ਵਿਰੋਧੀ ਪਾਰਟੀ ਸਿਰਫ਼ ਮੁਖ਼ਾਲਫ਼ਤ ਲਈ ਤਾਂ ਨਹੀਂ ਹੁੰਦੀ ਕਿ ਚੰਗੇ ਕੰਮ ਦਾ ਵੀ ਵਿਰੋਧ ਕੀਤਾ ਜਾਵੇ। ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੇ, ”ਕਿਸੇ ਨੇ ਕਿਹਾ ਸੀ ਇਹ ਬੋਲ ਦੇਵੋ, ਸੋ ਮੈਂ ਬੋਲ ਦਿੱਤਾ! ”
ਚਲੋ ਛੱਡੋ ਗੱਲ ਤਾਂ ਅਜੀਤ ਵੀਕਲੀ ਰਾਹੀਂ ਇੱਕ ਨਵੀਂ ਸ਼ੁਰੂਆਤ ਕਰਨ ਦੀ ਕਰਨੀ ਸੀ। ਕੱਲ੍ਹ ਨਿੰਦਰ ਘੁਗਿਆਣਵੀ ਨਾਲ ਇਕੱਤੀ ਸਾਲ ਬਾਅਦ ਗੱਲ ਹੋਈ। ਲਓ ਇਹ ਤਾਂ ਸ਼ਗਨਾਂ ਵਾਲੀ ਗੱਲ ਹੋ ਗਈ। ਮੈਂ ਉਹਨੂੰ ਪੈਂਦੀ ਸੱਟੇ ਪੁੱਛਿਆ, ”ਭਲਾ ਕੌਣ ਸੀ ਉਹ ਜਿਹੜਾ ਮੈਨੂੰ ਪੁੱਛ ਰਿਹਾ ਸੀ ਰਿਕਾਰਡਿੰਗ ਕਰਾਉਣ ਆਇਆਂ ਕਿ ਇਹ ਪੈਸੇ ਜਮ੍ਹਾਂ ਕਰਵਾਉਣ ਜਿਹੜੇ ਇਹਦੇ ‘ਚ ਲਿਖੇ ਹੋਏ ਨੇ? ”ਨਿੰਦਰ ਹੱਸ ਕੇ ਕਹਿੰਦਾ, ”ਮੈਂ ਹੀ ਸੀ ਮੈਡਮ ਜੀ! ”ਕਿੰਨੀ ਦੇਰ ਉਹ ਗੱਲਾਂ ਕਰਦਾ ਰਿਹਾ। ਦੱਸਦਾ ਰਿਹਾ ਉਹਨੇ ਕਿੰਨਾ ਲੱਭਿਆ ਮੈਨੂੰ ਜਦੋਂ ਮੈਂ ਬਦਲ ਕੇ ਧਰਮਸ਼ਾਲਾ ਚਲੀ ਗਈ ਸੀ।
ਬਦਲੀ ਦੀ ਗੱਲ ਵੀ ਕਰ ਹੀ ਲੈਂਦੇ ਹਾਂ। ਬਦਲੀ ਹੋਈ ਸੀ ਕਿਸੇ ਹੋਰ ਦੀ। ਇੱਕ ਪੌਲਿਸੀ ਬਣਾਈ ਸੀ ਕੇਂਦਰ ਸਰਕਾਰ ਨੇ ਨਵੇਂ FM ਸਟੇਸ਼ਨ ਖੋਲ੍ਹਣ ਦੀ। ਹਿਮਾਚਲ ‘ਚ ਧਰਮਸ਼ਾਲਾ ਅਤੇ ਹਮੀਰਪੁਰ ਸਟੇਸ਼ਨ ਖੁਲ੍ਹ ਰਹੇ ਸਨ। ਸਟਾਫ਼ ਭੇਜਣਾ ਸੀ ਨੇੜੇ ਤੇੜੇ ਤੋਂ ਜਿਹੜਾ ਉੱਥੋਂ ਦੀ ਭਾਸ਼ਾ ਅਤੇ ਸੱਭਿਆਚਾਰ ਦੀ ਸਮਝ ਰੱਖਦਾ ਹੋਵੇ।
ਮੇਰੇ ਇੱਕ ਸੀਨੀਅਰ ਦੀ ਟਰਾਂਸਫ਼ਰ ਹੋਈ। ਉਹਨੂੰ ਕਿਸੇ ਨੇ ਦਿੱਲੀ ਤੋਂ ਫ਼ੋਨ ਕਰ ਕੇ ਦੱਸ ਦਿੱਤਾ। ਬੰਦਾ ਦੌੜਿਆ-ਦੌੜਿਆ ਗਿਆ ਰਾਤੋਂ ਰਾਤ ਦਿੱਲੀ। ਆਪਣੀ ਥਾਂ ਮੇਰੀ ਬਦਲੀ ਕਰਵਾ ਆਇਆ। ਕਹਿ ਆਇਆ ਬਹੁਤ ਵਧੀਆ ਕੰਮ ਕਰੇਗੀ। ਘਰ ਵੀ ਕੋਈ ਸਮੱਸਿਆ ਨਹੀਂ ਜੀ ਉਹਦੇ। ਨਹੀਂ, ਨਾਂ ਨਹੀਂ ਦੱਸਾਂਗੀ।
ਘਰ ਦਾ ਹਾਲ ਇਹ ਸੀ ਕਿ ਕੁੜੀਆਂ ਵੱਡੀਆਂ ਹੋ ਰਹੀਆਂ ਸਨ। ਅਤਿਵਾਦੀ ਮੇਰੇ ਪਿੱਛੇ ਹੱਥ ਧੋ ਕੇ ਪਏ ਹੋਏ ਸਨ ਕਿ ਮੈਂ ਪੰਜਾਬੀ ਪ੍ਰੋਗਰਾਮ ਛੱਡ ਦੇਵਾਂ ਕਿਉਂਕਿ ਦਿੱਲੀ ਤੋਂ ਮਿਲੀਆਂ ਹਿਦਾਇਤਾਂ ਅਨੁਸਾਰ ਅਤਿਵਾਦ ਵਿਰੁੱਧ ਪ੍ਰਚਾਰ ਕਰ ਰਹੀ ਸੀ ਮੈਂ। ਬੜੀ ਕੋਸ਼ਿਸ਼ ਕੀਤੀ ਬਦਲੀ ਰੁਕਵਾਉਣ ਦੀ, ਪਰ ਨਹੀਂ ਕੁਝ ਨਹੀਂ ਹੋਇਆ ਅਤੇ ਜਾਣਾ ਪਿਆ। ਮੇਰੀਆਂ ਪੰਦਰਾਂ ਪੰਦਰਾਂ ਸਾਲ ਦੀਆਂ ਦੋਵੇਂ ਕੁੜੀਆਂ ਇੱਕ ਤਰ੍ਹਾਂ ਮਾਂ ਵਾਹਰੀਆਂ ਹੋਗੀਆਂ।
ਹਾਂ ਸੱਚ, ਗੱਲ ਤਾਂ ਹੋ ਰਹੀ ਸੀ ਆਪਣੇ ਮੁੰਡੇ ਨਿੰਦਰ ਘੁਗਿਆਣਵੀ ਦੀ। ਥੋੜ੍ਹੇ ਦਿਨ ਪਹਿਲਾਂ ਉਹਦੀ ਇੱਕ ਪੋਸਟ ਪੜ੍ਹੀ ਜਿਸ ‘ਚ ਉਸ ਨੇ ਆਪਣੀਆਂ ਪੰਜਾਹ ਦੇ ਕਰੀਬ ਛਪੀਆਂ ਪੁਸਤਕਾਂ ਦੀ ਗੱਲ ਕੀਤੀ ਹੈ। ਮੈਂ ਕੌਮੈਂਟ ਕਰ ਕੇ ਪੁੱਛਿਆ ਕਿ ਕਿੱਥੋਂ ਮਿਲਣਗੀਆਂ ਕਿਤਾਬਾਂ? ਉਹਨੇ ਮੇਰਾ ਫ਼ੋਨ ਨੰਬਰ ਮੰਗਿਆ। ਮੈਂ ਦੇ ਦਿੱਤਾ। ਅਗਲਾ ਕੌਮੈਂਟ ਆਇਆ ਕੁਲਵੰਤ ਦਾ। ਉਹੀ ਆਪਣੀ ਬਰਨਾਲੇ ਵਾਲੀ ਜੀਹਦੀਆਂ ਧੁੰਮਾਂ ਅੱਜਕਲ੍ਹ ਬਾਹਰ ਪੈ ਰਹੀਆਂ ਹਨ, ਨੱਚਾਂ ਮੈਂ ਬਰਨਾਲੇ, ਮੇਰੀ ਧਮਕ ਲੰਡਨ ਪੈਂਦੀ।
ਇੱਕ ਦਿਨ ਸਿੱਮੀ ਨੂੰ ਕਹਿੰਦੀ, ”ਆਹ ਤੇਰੀ ਮਾਸੀ ਦਵਿੰਦਰ ਜਿੰਨਾ ਚਿਰ ਬਰਨਾਲੇ ਰਹੀ, ਮੈਂ ਇਹਦੀ ਰਾਖੀ ਕਰਦੀ ਮਰਗੀ।” ਭੂਆ ਕੁਲਵੰਤ ਕਹਿੰਦੀ, ”ਵੇ ਮੁੰਡਿਆ ਐਡਾ ਵੀ ਕੋਈ ਦੂਰ ਨੀ ਹੈਗਾ ਜਲੰਧਰ, ਜਾਹ ਜਾ ਕੇ ਕੁੜੀ ਨੂੰ ਕਿਤਾਬਾਂ ਦੇ ਕੇ ਆ।” ਨਿੰਦਰ ਨੇ ਫ਼ੋਨ ਕੀਤਾ ਪਰਸੋਂ। ਕਹਿੰਦਾ ਰੇਡੀਓ ਜਾਂਦਾ ਸਾਂ ਤੁਹਾਡੇ ਬਾਰੇ ਪੁੱਛਦਾ ਸਾਂ ਉਹ ਮੇਰੇ ਸਾਰੇ ਪੋਸਟ ਕਾਰਡ ਮੋੜ ਕੇ ਕਹਿੰਦੇ ਸਨ, ”ਉਹ ਤਾਂ ਇੱਥੋਂ ਚਲੇ ਗਏ।” ਉਹਨੇ ਮੇਰਾ ਐਡਰੈੱਸ ਕਿਉਂ ਨਹੀਂ ਲਿਆ ਮੇਰਾ ਕਿਸੇ ਤੋਂ … ਫ਼ੋਨ ਨੰਬਰ ਕਿਉਂ ਨਹੀਂ ਪੁੱਛਿਆ?
ਰਾਤ ਨੂੰ ਜਿੰਨੀ ਦੇਰ ਤਕ ਪੋਸਟ ਨਹੀਂ ਪਾਈ, ਨੀਂਦ ਨਹੀਂ ਆਈ। ਸਵੇਰੇ ਉੱਠ ਕੇ ਨਿੰਦਰ ਨੇ ਉਹ ਪੋਸਟ ਪੜ੍ਹੀ। ਭਾਵਕ ਹੋ ਕੇ ਫ਼ੋਨ ਕੀਤਾ। ਪੋਸਟ ‘ਚ ਮੈਂ ਲਿਖਿਆ ਸੀ, ”1991 ਦੀ ਗੱਲ ਹੈ ਇੱਕ ਦਿਨ ਇੱਕ ਮੁੰਡਾ ਮੇਰੇ ਕੋਲ ਆ ਕੇ ਕਹਿੰਦਾ, ”ਮੈਡਮ ਜੀ ਮੇਰੀ ਰਿਕਾਰਡਿੰਗ ਸੀ ਅੱਜ ਗਿਆਰਾਂ ਵਜੇ। ਲੇਟ ਹੋ ਗਿਆ।”
”ਬੈਠੋ, ਕੌਂਟਰੈਕਟ ਦੇ ਦਵੋ ਸਾਈਨ ਕਰ ਕੇ।”
”ਜੀ ਸਾਈਨ ਤਾਂ ਕਰ ਦਿੱਤੇ ਹਨ। ਇਹ ਪੈਸੇ ਕਿੱਥੇ ਜਮ੍ਹਾਂ ਕਰਵਾਉਣੇ ਨੇ?”
”ਕਿਹੜੇ ਪੈਸੇ?”
”ਇਹ ਜਿਹੜੇ ਇਹਦੇ ‘ਚ ਲਿਖੇ ਹੋਏ ਨੇ।”
ਮੈਂ ਧਿਆਨ ਨਾਲ ਮੁੰਡੇ ਵੱਲ ਦੇਖਿਆ। ਮੇਰਾ ਹਾਸਾ ਨਿੱਕਲ ਗਿਆ। ”ਪਰ ਇਹ ਤਾਂ ਅਸੀਂ ਦੇਣੇ ਨੇ ਤੁਹਾਨੂੰ!”
ਵੀਹ ਕੁ ਸਾਲਾਂ ਦਾ ਮੁੰਡਾ ਸੀ। ਉਤਸ਼ਾਹ ਨਾਲ ਭਰਿਆ ਹੋਇਆ। ਕੁੜਤਾ ਪਜਾਮਾ ਪਾਇਆ ਹੋਇਆ ਸੀ। ਪੈਰਾਂ ‘ਚ ਚੱਪਲ। ਅੱਖਾਂ ਸੁਫ਼ਨਿਆਂ ਨਾਲ ਭਰੀਆਂ ਹੋਈਆਂ। ਤੂੰਬੀ ਵੀ ਬੜੀ ਸੰਭਾਲ ਕੇ ਫ਼ੜੀ ਹੋਈ ਸੀ।” ਕਿਹੜੇ ਉਸਤਾਦ ਤੋਂ ਸਿੱਖੇ ਹੋ? ”ਉਹਨੇ ਬੜੇ ਮਾਣ ਨਾਲ ਦੱਸਿਆ ਕਿ ਉਹ 1987 ਤੋਂ ਯਮਲਾ ਜੀ ਤੋਂ ਸਿੱਖ ਰਿਹਾ ਹੈ। ਮੈਂ ਉੱਠ ਕੇ ਬਾਹਰ ਆਈ ਤਾਂ ਕਿ ਉਹਦੀ ਚਾਹ ਦਾ ਕੋਈ ਪ੍ਰਬੰਧ ਕਰ ਸਕਾਂ ਅਤੇ ਕੌਂਟਰੈਕਟ ਐਕਾਊਂਟਸ ਬਰਾਂਚ ‘ਚ ਚੈੱਕ ਬਣਨ ਲਈ ਭੇਜ ਸਕਾਂ।
ਲੰਚ ਟਾਈਮ ਹੋ ਚੁੱਕਿਆ ਸੀ। ਸਭ ਰੋਟੀ ਖਾਣ ਗਏ ਹੋਏ ਸਨ। ਮੁੰਡੇ ਦੇ ਚਿਹਰੇ ਤੋਂ ਨੂਰ ਟਪਕ ਰਿਹਾ ਸੀ। ਨਹੀਂ ਸੀ ਪਤਾ ਇੰਨੀਆਂ ਉੱਚਾਈਆਂ ਛੂਹੇਗਾ ਉਹ ਅੱਗੇ ਜਾ ਕੇ। ਨੀਤਾਂ ਨੂੰ ਮੁਰਾਦਾਂ। ਉਹ ਘੁੱਗੀ ਜਿਹੀ ਅੱਜ ਘੁਗਿਆਣਵੀ ਹੈ। ਚਲੋ ਫ਼ੇਰ ਮਿਲਦੇ ਹਾਂ ਅਗਲੇ ਹਫ਼ਤੇ। ਕਿੱਥੇ ਲੈ ਕੇ ਚੱਲਾਂ ਤੁਹਾਨੂੰ-ਸ਼੍ਰੀਨਗਰ, ਚੰਡੀਗੜ੍ਹ, ਧਰਮਸ਼ਾਲਾ ਯਾ ਸ਼ਿਮਲਾ?
ਯਾ ਫ਼ੇਰ ਇੱਥੇ ਹੀ ਰਹਿਣਾ ਹੈ, ਪੰਜਾਬ ਦੇ ਖੁੱਲ੍ਹੇ ਡੁੱਲ੍ਹੇ ਮਹੌਲ ‘ਚ। ਮਿਲਾਵਾਂਗੀ ਤੁਹਾਨੂੰ ਪ੍ਰਕਾਸ਼ ਢਿੱਲੋਂ ਨਾਲ। J&K ਤੋਂ ਆ ਕੇ ਜੋਆਇਨ ਕੀਤਾ ਸੀ। ਕੌਰੀਡੋਰ ‘ਚ ਸਾਹਮਣਿਉਂ ਤੁਰੇ ਆਉਣ, ”ਕੁੜੀਏ ਤੂੰ ਕਸ਼ਮੀਰਣ ਐਂ?”
”ਨਹੀਂ ਜੀ,” ਮੇਰਾ ਜਵਾਬ ਸੀ।
”ਐਧਰ ਦੀ ਤਾਂ ਲੱਗਦੀ ਨੀਂ,” ਕਹਿ ਕੇ ਅਹੁ ਗਏ ਤੇ ਅਹੁ ਗਏ।