ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ 29 ਅਪ੍ਰੈਲ ਨੂੰ ਵਿਸ਼ਵਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ਨੀਂ ਮੈਂ ਸੱਸ ਕੁੱਟਣੀ ‘ਚ ਹੀਰੋ ਬਣ ਕੇ ਆ ਰਿਹਾ ਹੈ। ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ਚ ਬੱਝੀ ਰੋਮੈਂਟਿਕ ਲਾਇਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਿਤ ਦਿਲਚਸਪ ਕਮਿਸਟਰੀ ਹੈ। ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ ਅਤੇ ਨਾਲ ਹੀ ਨਾਮਵਰ ਮਾਡਲ ਤਨਵੀ ਨਾਗੀ ਵੀ ਪਹਿਲੀ ਵਾਰ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਨਜ਼ਰ ਆਵੇਗੀ। ਉਨ੍ਹਾਂ ਦੋਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਤਰਸੇਮ ਪੌਲ, ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁੱਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਅਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ। ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਮਹਿਤਾਬ ਵਿਰਕ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ‘ਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨੂੰਹ ਸੱਸ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀ ਹੋਈ ਉਨਾਂ ਦੇ ਆਪਸੀ ਪਿਆਰ ਅਤੇ ਸਤਿਕਾਰ ‘ਚ ਵਾਧਾ ਕਰੇਗੀ।
ਪੰਜਾਬ ਦੇ ਨਾਲ ਲਗਦੇ ਹਰਿਆਣਾ ਸੂਬੇ ਦੇ ਜ਼ਿਲ੍ਹਾ ਕਰਨਾਲ ‘ਚ ਪੇਂਦੇ ਪਿੰਡ ਰੁਗਸਾਣਾ ਦੇ ਜੰਮਪਲ ਮਹਿਤਾਬ ਵਿਰਕ ਦਾ ਜਨਮ 10 ਮਈ 1992 ਨੂੰ ਪਿਤਾ ਸਵ.ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। ਮਹਿਤਾਬ ਨੇ ਆਪਣੇ ਇਸ ਗਾਇਕੀ ਦੇ ਸ਼ੌਕ ਦੇ ਚਲਦਿਆਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਆਪਣੀ ਸਖ਼ਤ ਮਿਹਨਤ ਤੇ ਪੂਰੀ ਲਗਨ ਸਦਕਾ ਪੰਜਾਬੀ ਗਾਇਕੀ ਨੂੰ ਸਮਰਪਿਤ ਹੁੰਦੇ ਹੋਏ ਅੱਜ ਸਫ਼ਲਤਾ ਦੀਆ ਲੀਹਾਂ ‘ਤੇ ਚਲਦਾ ਨਜ਼ਰ ਆ ਰਿਹਾ ਹੈ। ਮਹਿਤਾਬ ਨੂੰ ਆਪਣੀ ਇਸ ਫ਼ਿਲਮ ਤੋਂ ਵੀ ਬਹੁਤ ਉਮੀਦਾਂ ਹਨ। ਆਸ ਹੈ ਕਿ ਦਰਸ਼ਕ ਉਸ ਨੂੰ ਪੰਜਾਬੀ ਪਰਦੇ ‘ਤੇ ਜ਼ਰੂਰ ਪਸੰਦ ਕਰਨਗੇ।