ਆਪਣੇ ਨਿੱਜੀ ਜੀਵਨ ‘ਚ ਤੁਸੀਂ ਜਿਹੜੀ ਉਥਲ-ਪੁਥਲ ਅਤੇ ਬੇਤਰਤੀਬੀ ਹੰਢਾਈ ਹੈ, ਕੀ ਉਸ ਦਾ ਕੋਈ ਤੁਕ ਜਾਂ ਕਾਰਣ ਹੈ? ਜਦੋਂ ਵੀ ਸਾਡਾ ਸਾਹਮਣਾ ਕਿਸੇ ਅਜੀਬੋ-ਗ਼ਰੀਬ ਸ਼ੈਅ ਨਾਲ ਹੁੰਦੈ, ਅਸੀਂ ਉਸ ਨੂੰ ਸਮਝਣ ਦੀ ਕਸ਼ਿਸ਼ ਕਰਦੇ ਹਾਂ। ਕਈ ਵਾਰ, ਪਰ, ਸਾਨੂੰ ਇਹ ਕਬੂਲ ਕਰਨਾ ਪੈਂਦੈ ਕਿ ਉਸ ਦਾ ਕੋਈ ਵੀ ਸੌਖਾ ਸਪੱਸ਼ਟੀਕਰਨ ਹੈ ਹੀ ਨਹੀਂ। ਜੇਕਰ ਉਸ ਪਿੱਛੇ ਕੋਈ ਮਹਾਯੋਜਨਾ ਹੋਵੇ ਵੀ – ਉਹ ਸਾਡੀ ਸਮਝਣ ਦੀ ਕਾਬਲੀਅਤ ਤੋਂ ਬਾਹਰ ਹੁੰਦੀ ਹੈ। ਸ਼ਾਇਦ, ਇੱਕ ਦਿਨ, ਤੁਸੀਂ ਇਹ ਦੇਖ ਸਕੋ ਕਿ ਕੋਈ ਭਾਵਨਾਤਮਕ ਨਾਟਕ ਜਿਸ ਤਰ੍ਹਾਂ ਉਪਜਿਆ, ਉਸ ਦੇ ਇੰਝ ਵਾਪਰਣ ਦਾ ਅਸਲ ਕਾਰਨ ਕੀ ਸੀ। ਸ਼ਾਇਦ ਤੁਹਾਨੂੰ ਕਦੇ ਵੀ ਇਹ ਪਤਾ ਨਾ ਚੱਲੇ, ਪਰ ਜੇ ਤੁਸੀਂ ਕੇਵਲ ਫ਼ਾਲਤੂ ਚਿੰਤਾ ਕਰਨਾ ਅਤੇ ਸੋਚਣਾ ਛੱਡ ਸਕੋ ਤਾਂ ਅੰਤ ‘ਚ ਤੁਸੀਂ ਨਤੀਜਿਆਂ ਦਾ ਆਨੰਦ ਲੈ ਸਕਦੇ ਹੋ।
ਕਿਰਪਾ ਕਰ ਕੇ, ਇਸ ਸੀਨ ਦੀ ਜ਼ਰਾ ਕਲਪਨਾ ਕਰੋ। ਇੱਕ ਅਧਿਆਪਕ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹੈ। ਵਿਦਿਆਰਥੀ ਵੀ ਉਸ ਨੂੰ ਖ਼ੂਬ ਧਿਆਨ ਲਗਾ ਕੇ ਸੁਣ ਰਹੇ ਹਨ। ਅਧਿਆਪਕ ਕੁੱਝ ਕਹਿੰਦਾ ਹੈ। ਅਧਿਆਪਕ ਦੀ ਗੱਲ ਵਿਦਿਆਰਥੀਆਂ ਦੇ ਪੱਲੇ ਨਹੀਂ ਪੈਂਦੀ। ਪਰ ਕਿਸੇ ਵੀ ਵਿਦਿਆਰਥੀ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੂਰੀ ਦੀ ਪੂਰੀ ਕਲਾਸ ਹੀ ਅਧਿਆਪਕ ਦੇ ਕਥਨ ਨੂੰ ਲੈ ਕੇ ਭੰਬਭੂਸੇ ‘ਚ ਹੈ। ਹਰ ਵਿਦਿਆਰਥੀ ਸੋਚਦੈ ਕਿ ਕੇਵਲ ਉਸ ਨੂੰ ਹੀ ਅਧਿਆਪਕ ਦੀ ਗੱਲ ਸਮਝ ਨਹੀਂ ਆਈ। ਉਹ ਪੂਰੀ ਜਮਾਤ ਸਾਹਮਣੇ ਆਪਣੀ ਖਿੱਲੀ ਨਹੀਂ ਉਡਵਾਉਣਾ ਚਾਹੁੰਦੇ, ਇਸ ਲਈ ਸਵਾਲ ਨਹੀਂ ਕਰਦੇ ਅਤੇ ਸਿਰ ਸੁੱਟ ਕੇ ਸੁਣਦੇ ਰਹਿੰਦੇ ਹਨ। ਸੋ ਅਧਿਆਪਕ ਨੂੰ ਵੀ ਇਸ ਗੱਲ ਦਾ ਕੋਈ ਗਿਆਨ ਨਹੀਂ ਕਿ ਉਸ ਵਲੋਂ ਕਹੀ ਗੱਲ ਵਿਦਿਆਰਥੀਆਂ ਦੇ ਸਿਰ ਦੇ ਉੱਪਰੋਂ ਦੀ ਲੰਘ ਗਈ ਹੈ। ਤੁਹਾਡੇ ਦਿਮਾਗ਼ ‘ਚ ਵੀ ਇਸ ਵਕਤ ਇੱਕ ਸਵਾਲ ਉਬਾਲੇ ਮਾਰ ਰਿਹੈ ਜਿਸ ਦਾ ਜਵਾਬ ਤੁਸੀਂ ਆਪਣੇ ਕਿਸੇ ਨਜ਼ਦੀਕੀ ਤੋਂ ਭਾਲ ਰਹੇ ਹੋ। ਤੁਹਾਡਾ ਉਹ ਸਵਾਲ ਪੁੱਛਣਾ ਬਿਲਕੁਲ ਸਹੀ ਹੈ। ਖ਼ੁਦ ਨੂੰ ਰੋਕੋ ਨਾ।
ਅੱਜਕੱਲ੍ਹ ਦੀ ਸਾਡੀ ਦੁਨੀਆਂ ‘ਚ ਸਾਡੇ ਉੱਪਰ ਜਾਣਕਾਰੀ ਦੀ ਬੰਬਾਰੀ ਕੀਤੀ ਜਾਂਦੀ ਹੈ ਜਿਸ ਨੂੰ ਅੰਗ੍ਰੇਜ਼ੀ ‘ਚ information overload ਕਿਹਾ ਜਾਂਦੈ। ਜਿੰਨੀਆਂ ਤੁਸੀਂ ਆਪਣੀ ਪੂਰੀ ਜ਼ਿੰਦਗੀ ‘ਚ ਪੜ੍ਹ ਸਕਦੇ ਹੋ, ਇੱਥੇ ਉਸ ਤੋਂ ਕਿਤੇ ਜ਼ਿਆਦਾ ਕਿਤਾਬਾਂ ਮੌਜੂਦ ਹਨ। ਅਤੇ ਜਿੰਨੀਆਂ ਤੁਸੀਂ ਦੇਖ ਸਕਦੇ ਹੋ, ਉਸ ਤੋਂ ਕਿਤੇ ਵੱਧ ਵੈੱਬਸਾਈਟਾਂ ਹਨ, ਉਨ੍ਹਾਂ ਨੂੰ ਪੜ੍ਹਨ ਦੀ ਤਾਂ ਗੱਲ ਹੀ ਛੱਡੋ। ਇਹ ਸਭ ਕੁੱਝ ਸਾਨੂੰ ਕੀ ਦੱਸਦੈ? ਕਿ ਇਹ ਸੰਸਾਰ ਬੇਮਤਲਬ ਦੀ ਜਾਣਕਾਰੀ ਨਾਲ ਤੂੜਿਆ ਪਿਐ। ਤੁਸੀਂ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਹੋ ਕਿ, ਤੁਹਾਡੇ ਭਾਵਨਾਤਮਕ ਜੀਵਨ ਦੇ ਇੱਕ ਹਿੱਸੇ ‘ਚ, ਕੁੱਝ ਅਜਿਹਾ ਹੈ ਜੋ ਤੁਹਾਨੂੰ ਨਹੀਂ ਪਤਾ। ਇਹ ਸਿਹਤਮੰਦ ਹੈ। ਇਸ ਦਾ ਅਰਥ ਹੋਇਆ ਕਿ ਜਦੋਂ ਵੀ ਤੁਸੀਂ ਆਪਣੀ ਅਗੱਲੀ ਵੱਡੀ ਖੋਜ ਕਰੋਗੇ, ਨਵੀਂ ਲੱਭੀ ਜਾਣਕਾਰੀ ਨੂੰ ਜਜ਼ਬ ਕਰਨ ਦੇ ਮਾਮਲੇ ‘ਚ ਤੁਸੀਂ ਬਹੁਤੀ ਹੀਣਤਾ ਮਹਿਸੂਸ ਨਹੀਂ ਕਰੋਗੇ। ਜਿੰਨਾ ਜਾਣਨ ਦੀ ਲੋੜ ਹੈ, ਉਸ ‘ਚੋਂ ਬਹੁਤਾ ਕੁੱਝ ਤੁਹਾਨੂੰ ਪਤਾ ਹੀ ਹੈ। ਅਤੇ ਬਕਾਇਆ ਬਾਰੇ ਤੁਹਾਨੂੰ ਛੇਤੀ ਹੀ ਜਾਣਕਾਰੀ ਹਾਸਿਲ ਹੋ ਜਾਏਗੀ।
ਤਬਦੀਲੀ ਅਟਲ ਹੈ, ਪਰ ਤੁਸੀਂ ਹਰ ਸ਼ੈਅ ਨੂੰ ਪਲ ‘ਚ ਹੀ ਬਦਲ ਨਹੀਂ ਸਕਦੇ। ਤੁਹਾਨੂੰ ਕੁੱਝ ਪ੍ਰਕਿਰਿਆਵਾਂ ਨੂੰ ਮੁਕੰਮਲ ਹੋਣ ਲਈ ਲੋੜੀਂਦਾ ਵਕਤ ਦੇਣਾ ਪੈਂਦੈ। ਇਸ ਦੌਰਾਨ, ਉਨ੍ਹਾਂ ਨੂੰ ਰਫ਼ਤਾਰ ਪ੍ਰਦਾਨ ਕਰਨ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਕਰੋ, ਪਰ ਜੇ ਤੁਸੀਂ ਬਹੁਤ ਜ਼ਿਆਦਾ ਧੱਕਾ ਕਰਨ ਜਾਂ ਕਿਸੇ ਕਾਹਲੇ ਫ਼ੇਰਬਦਲ ਦੀ ਕੋਸ਼ਿਸ਼ ਕੀਤੀ, ਤੁਸੀਂ ਖ਼ੁਦ ਦੇ ਹੀ ਹਿਤਾਂ ਖ਼ਿਲਾਫ਼ ਭੁਗਤ ਰਹੇ ਹੋਵੋਗੇ। ਤੁਹਾਡੀ ਨਿੱਜੀ ਜ਼ਿੰਦਗੀ ਦੇ ਕੁੱਝ ਪਹਿਲੂ ਤਬਦੀਲੀ ਲਈ ਸ਼ਾਇਦ ਉਸ ਤੋਂ ਵੱਧ ਸਮਾਂ ਲੈ ਰਹੇ ਹਨ ਜਿੰਨਾ ਤੁਹਾਨੂੰ ਆਮਤੌਰ ‘ਤੇ ਪਸੰਦ ਆਉਂਦੈ। ਅਤੇ ਕੁੱਝ ਹੋਰ ਅਜਿਹੀਆਂ ਸੰਭਾਵਨਾਵਾਂ ਨਾਲ ਭਰਪੂਰ ਜਾਪਦੇ ਨੇ ਜਿਹੜੀਆਂ ਕਿਸੇ ਨਾ ਕਿਸੇ ਕਾਰਨ, ਕਦੇ ਪੂਰੀਆਂ ਹੀ ਨਹੀਂ ਹੁੰਦੀਆਂ। ਅਡੋਲ ਰਹੋ। ਸਾਂਤ ਰਹੋ। ਹੌਲੀ-ਹੌਲੀ, ਤਸੀਂ ਨਿਸ਼ਾਨਾ ਸੇਧਣ ਲਈ ਸਰਬੋਤਮ ਟੀਚਾ ਲੱਭ ਲਵੋਗੇ ਅਤੇ ਉਸ ਵੱਲ ਵਧਣ ਲਈ ਲੋੜੀਂਦੀ ਸਹੀ ਰਫ਼ਤਾਰ ਵੀ।
ਤੁਸੀਂ ਕਿਸੇ ਅਜਿਹੀ ਚੀਜ਼ ਨੂੰ ਬਦਲਿਆ ਹੈ ਜਿਹੜੀ ਬਹੁਤ ਲੰਬੇ ਅਰਸੇ ਤੋਂ ਗ਼ਲਤ ਬਣੀ ਹੋਈ ਸੀ। ਤੁਸੀਂ ਉਸ ਨੂੰ ਗ਼ਲਤ ਇਸ ਲਈ ਰਹਿਣ ਦਿੱਤਾ ਕਿਉਂਕਿ ਤੁਹਾਨੂੰ ਉਸ ਨੂੰ ਠੀਕ ਕਰਨ ਦਾ ਕੋਈ ਸੌਖਾ ਰਾਹ ਦਿਖ ਹੀ ਨਹੀਂ ਸੀ ਰਿਹਾ। ਤੁਸੀਂ ਐਕਸ਼ਨ ਪਹਿਲਾਂ ਹੀ ਲੈ ਚੁੱਕੇ ਹੋ, ਪਰ ਹੁਣ ਤੁਸੀਂ ਆਪਣੇ ਕਦਮ ਦੀ ਸਿਆਣਪ ‘ਤੇ ਸ਼ੰਕਾ ਕਰ ਰਹੇ ਹੋ। ਵਾਪਿਸ ਪਰਤਣ ਦੇ ਸਾਰੇ ਰਾਹ ਬੰਦ ਹੋਣ ਦੀ ਚਿੰਤਾ ਕਰਨ ਦਾ ਵੇਲਾ, ਪਰ, ਓਦੋਂ ਆਵੇਗਾ ਜਦੋਂ ਤੁਸੀਂ ਡਿਪਾਰਚਰ ਗੇਟ ਰਾਹੀਂ ਗੁਜ਼ਰੋਗੇ। ਜੇ ਕੋਈ ਰੋਮਾਂਚਕ ਕਾਰਜ ਸ਼ੁਰੂ ਕਰ ਹੀ ਲਿਐ ਤਾਂ ਤੁਹਾਨੂੰ ਉਸ ਨੂੰ ਤੋੜ ਚੜ੍ਹਾਉਣਾ ਪੈਣੈ। ਤੁਹਾਡੀ ਭਾਵਾਨਾਤਮਕ ਯਾਤਰਾ ਤੁਹਾਨੂੰ ਉਸ ਤਜਰਬੇ ‘ਚੋਂ ਲੰਘਾਵੇਗੀ ਜਿਸ ਬਾਰੇ ਤੁਸੀਂ ਪ੍ਰਸੰਨ ਹੋਵੇਗੇ ਕਿ ਤੁਸੀਂ ਖ਼ੁਦ ਨੂੰ ਉਹ ਹਾਸਿਲ ਕਰਨ ਦਾ ਮੌਕਾ ਦਿੱਤਾ। ਡਰਨ ਵਾਲੀ ਕੋਈ ਵੀ ਗੱਲ ਨਹੀਂ – ਬਸ਼ਰਤੇ ਤੁਸੀਂ ਨਿਸ਼ਚਿੰਤ ਰਹੋ।