(ਡਾਇਰੀ)
ਨਿੰਦਰ ਘੁਗਿਆਣਵੀ
91-94174-21700 (Keep the number as is)

ਫ਼ੋਟੋ ਵਿਚਲੀ ਝੱਜਰ ਮੇਰੇ ਪਿਤਾ ਜੀ ਆਪਣੀ ਹੱਟੀ ‘ਚ ਰੱਖਦੇ ਹੁੰਦੇ ਸਨ। ਇਹ ਝੱਜਰ ਉਨਾਂ ਨੇ ਸਾਡੇ ਪਿੰਡ ਦੇ ਕੁਮਹਾਰਾਂ ਤੋਂ ਦਸਾਂ ਰੁਪੱਈਆਂ ‘ਚ ਖ਼ਰੀਦੀ ਸੀ, ਅਤੇ ਮੈਂ ਓਦੋਂ ਉਨਾਂ ਦੇ ਕੋਲ ਈ ਬੈਠਾਂ ਸਾਂ ਹੱਟੀ ‘ਤੇ। ਸਵੇਰੇ ਹੱਟੀ ਨੇੜਿਓਂ ਟੂਟੀ ਤੋਂ ਪਾਣੀ ਭਰ ਲੈਂਦੇ ਅਤੇ ਆਥਣ ਤੀਕ ਘੁੱਟਾਂ-ਬਾਟੀ ਪੀਂਦੇ ਰਹਿੰਦੇ। ਜਦ ਮੈਂ ਹੱਟੀ ਉਤੇ ਬਹਿੰਦਾ ਤਾਂ ਏਸੇ ਝੱਜਰ ‘ਚੋਂ ਠੰਢਾ ਠਾਰ ਸ਼ੀਤਲ ਪਾਣੀ ਪੀਂਦਾ। ਬੋਰੀ ਦਾ ਟੋਟਾ ਗਿੱਲਾ ਕਰ ਕੇ ਇਹਦੇ ਦੁਆਲੇ ਵਲ ਲੈਂਦੇ।
***
2012 ਦੀਆਂ ਗਰਮੀਆਂ ਸਨ! ਪਿਤਾ ਜੀ ਸੰਸਾਰ ਤੋਂ ਸਦਾ ਲਈ ਚਾਲੇ ਪਾ ਚੁੱਕੇ ਸਨ। ਹੱਟੀ ਨੂੰ ਤਾਲਾ ਵੱਜ ਗਿਆ ਸੀ। ਭੋਗ ਵਗੈਰਾ ਦੀਆਂ ਰਸਮਾਂ ਤੋਂ ਕੁੱਝ ਦਿਨ ਬਾਅਦ ਮੈਂ ਅਤੇ ਮੇਰਾ ਭਰਾ, ਪਿਤਾ ਵਾਲਾ ਰੇਹੜਾ ਬੌਲਦ ਜੋੜ ਕੇ ਹੱਟੀ ਨੂੰ ਗਏ। ਮੈਂ ਮਹਿਸੂਸ ਕੀਤਾ ਕਿ ਪਿਤਾ ਬਿਨਾਂ ਰੇਹੜੇ ਦੇ ਬੌਲਦ ਵੀ ਬੜੇ ਉਦਾਸ ਹੋ ਗਏ ਹਨ। ਉਸੇ ਰੇਹੜੇ ‘ਤੇ ਬਾਪੂ ਸਵੇਰੇ ਸਵੇਰੇ ਖੇਤੋਂ ਪੱਠੇ ਲੈ ਆਉਂਦਾ ਅਤੇ ਫ਼ਿਰ ਹੱਟੀ ‘ਤੇ ਆ ਜਾਂਦਾ।
ਹੱਟੀ ਦਾ ਬੂਹਾ ਮੈਂ ਹੀ ਖੋਲ੍ਹਿਆ। ਹੱਟੀ ਇੰਝ ਖਾਣ ਨੂੰ ਪਈ ਜਿਵੇਂ ਬੇਹੱਦ ਉਦਾਸ ਸੀ ਉਹ। ਹੱਟੀ ਦਾ ਮਾਲਕ ਜੁ ਚਲਿਆ ਗਿਆ ਸੀ। ਲੱਕੜ ਦਾ ਗੱਲਾ (ਸੰਦੂਕੜੀ) ਵੇਖ ਮੇਰਾ ਮਨ ਭਰ ਆਇਆ ਅਤੇ ਉਹਦੇ ਨਾਲ ਕਰ ਕੇ ਹੀ ਪਾਣੀ ਵਾਲੀ ਝੱਜਰ ਪਈ ਸੀ। ਮੈਂ ਘੁੱਟ ਕੇ ਆਪਣੇ ਕਾਲਜੇ ਨਾਲ ਲਾ ਲਈ। ਪਿਤਾ ਦੀ ਤੱਕੜੀ ਟੇਢੀ ਹੋਈ ਪਈ ਸੀ ਅਤੇ ਜਿਹੜੇ ਵੱਟੇ ਵੱਡੀਆਂ ਨੂੰ ਸਵੇਰੇ ਸਵੇਰੇ ਧੋ ਕੇ ਧੂਫ਼ ਦਿੱਤੀ ਜਾਂਦੀ, ਉਹ ਗਰਦੇ ਨਾਲ ਭਰੇ ਪਏ ਸਨ। ਹੋਰ ਜ਼ਰੂਰੀ ਸਮਾਨ, ਪੀਪੇ, ਪੀਪੀਆਂ, ਲਿਫ਼ਾਫ਼ੇ, ਡੱਬੇ, ਡੱਬੀਆਂ, ਅਚਾਰ ਵਾਲਾ ਮਰਤਬਾਨ, ਦਾਣਿਆਂ ਦਾ ਗੱਟਾ, ਵਾਧੂ-ਘਾਟੂ ਬੋਰੀਆਂ, ਬੁਲਬਲਿਆਂ ਅਤੇ ਕਿਸਮਤ-ਪੁੜੀਆਂ ਦੇ ਲਿਫ਼ਾਫ਼ੇ ਆਦਿ ਨਿੱਕ ਸੁੱਕ ਨੂੰ ਸਮੇਟਣ ਲਈ ਖੋਲ੍ਹ ਖੋਲ੍ਹ ਕੇ ਦੇਖਣ ਲੱਗਿਆ। ਸੋਇਆਬੀਨ ਦੀਆਂ ਵੜੀਆਂ ਵਾਲੀ ਪੀਪੀ ਖੋਲੀ, ਸੁੱਸਰੀ ਪੈ ਚੁੱਕੀ ਸੀ ਅਤੇ ਇਹੋ ਹਾਲ ਵੇਸਣ ਵਾਲੀ ਪੀਪੀ ਦਾ ਸੀ। ਇਹ ਸਭ ਕੁੱਝ ਦੇਖ ਕੇ ਮੈਂ ਇੱਕ ਪਲ ਸੋਚਣ ਲੱਗਿਆ ਕਿ ਵੇਸਣ ਅਤੇ ਵੜੀਆਂ ਨੂੰ ਕਾਹਨੂੰ, ਏਹ ਸੁੱਸਰੀ ਤਾਂ ਸਾਡੇ ਘਰ ਦੀ ਰੋਟੀ ਨੂੰ ਪੈ ਗਈ ਹੈ। ਬਾਬਲ ਦੀ ਛਾਂ ਉੱਠ ਗਈ ਹੈ। ਮਿੱਠੀਆਂ ਪਕੌੜੀਆਂ ਵਾਲੇ ਲਿਫ਼ਾਫ਼ੇ ਚੂਹਿਆਂ ਨੇ ਟੁੱਕ ਲਏ ਸਨ। ਅਸੀਂ ਸਮਾਨ ਰੇਹੜੇ ‘ਤੇ ਲੱਦਣ ਲੱਗੇ ਤਾਂ ਪਿਤਾ ਦੇ ਨਾਲ ਦੀ ਹੱਟੀ ਵਾਲਾ ਤਾਇਆ ਸੰਤਾ ਕੋਲ ਆ ਖੜਿਆ ਅਤੇ ਉਹਦਾ ਵੀ ਮਨ ਭਰ ਆਇਆ। ਕਹਿੰਦਾ, ”ਜਦੋਂ ਦਾ ਥੋਡਾ ਪਿਓ ਤੁਰ ਗਿਐ, ਮੇਰੇ ਗੁਆਂਢ ਸੁੰਨ ਪੈਗੀ ਐ, ਮੇਰੇ ਬੇਲੀ ਦੀ ਹੱਟੀ ਬੰਦ ਹੋਗੀ, ਮੇਰਾ ਜੀਅ ਨੀ ਲੱਗਦਾ ‘ਕੱਲੇ ਦਾ।”
ਅਸੀਂ ਦੋਵੇਂ ਭਰਾ ਅੱਖਾਂ ਭਰੀ ਤਾਏ ਕੋਲੇ ਖੜ੍ਹੇ ਰਹੇ। ਆਖਿਰ, ਮੈਂ ਸਾਰੇ ਸਮਾਨ ਦੇ ਨਾਲ ਝੱਜਰ ਵੀ ਰੇਹੜੇ ‘ਤੇ ਰੱਖ ਲਈ। ਜਦ ਘਰੇ ਆਣ ਕੇ ਸਮਾਨ ਲਾਹ ਰਹੇ ਸਾਂ ਤਾਂ ਮਾਂ ਗੱਲੇ ਵੱਲ ਵੇਖ-ਵੇਖ ਰੋਈ ਜਾਵੇ ਅਤੇ ਆਖਣ ਲੱਗੀ, ”ਏਹੋ ਕਮਾਈ ਸੀ, ਬੂਹਾ ਵੱਜ ਗਿਆ ਆਪਣਾ ਕੀ ਬਣੂ? ”ਗੱਲਾ ਘਰੇ ਆ ਗਿਆ ਐ। ਕਰ ਕਰਾ ਕੇ ਮਾਹੌਲ ਸੈੱਟ ਕੀਤਾ। ਮਾਂ ਨੇ ਝੱਜਰ ਧੋ ਕੇ ਅਤੇ ਭਰ ਕੇ ਆਪਣੇ ਵਾਸਤੇ ਰੱਖ ਲਈ।
***
2018 ਦਾ ਮਾਰਚ ਮਹੀਨਾ। ਚੰਡੀਗੜ੍ਹ ਪੋਸਟਿੰਗ ਹੋਈ। ਇੱਕ ਬੈਗ ‘ਚ ਸਮਾਨ ਪਾਇਆ ਅਤੇ ਆਪਣੇ ਨਾਲ ਝੱਜਰ ਵੀ ਚੁੱਕ ਲਈ। ਮਾਂ ਬੋਲੀ, ”ਵੇ ਸੰਭਾਲ ਕੇ ਰੱਖੀਂ ਆਵਦੇ ਪਿਓ ਦੀ ਨਿਸ਼ਾਨੀ ਨੂੰ।”ਮੈਂ ਮਸਾਂ ਹੀ ਆਖ ਸਕਿਆ, ”ਚੰਗਾ ਬੀਬੀ।”ਪਿਤਾ ਦੀ ਝੱਜਰ ਚੰਡੀਗੜ੍ਹ ਆ ਪੁੱਜੀ। ਸਵੇਰੇ ਹੀ ਪਾਣੀ ਭਰ ਲਿਆ ਕਰਾਂ ਠੰਢਮ ਠੰਢਾ! ਫ਼ਰਿੱਜ ਦੀ ਕੀ ਲੋੜ? ਵੱਖਰਾ ਸਕੂਨ ਇਹ ਵੀ ਕਿ ਮੇਰੇ ਪਿਤਾ ਦੀ ਝੱਜਰ ਦਾ ਪਾਣੀ ਹੈ। ਇੱਕ ਦਿਨ ਮਾਂ ਨੇ ਸੁਭਾਵਕ ਈ ਪੁੱਛ ਲਿਆ, ”ਵੇ ਤੇਰੇ ਡੈਡੀ ਵਾਲੀ ਝੱਜਰ ਹੈਗੀ ਐ? ਸੰਭਾਲ ਕੇ ਰੱਖੀਂ ਉਹਨੂੰ ਪੁੱਤ।”
ਚਾਰ ਸਾਲ ਚੰਡੀਗੜ ਬਿਤਾ ਕੇ ਹੁਣ ਝੱਜਰ ਪਿੰਡ ਪਰਤ ਜਾਵੇਗੀ।
ਜੀਂਦੀ ਰਹੇ ਮੇਰੇ ਪਿਤਾ ਦੀ ਝੱਜਰ!