ਹਰ ਵਾਰ ਜਦੋਂ ਅਸੀਂ ਸੋਚਦੇ ਹਾਂ ਕਿ ਅਤੀਤ ਨੂੰ ਅਸੀਂ ਆਪਣੇ ਪਿੱਛੇ ਛੱਡ ਚੁੱਕੇ ਹਾਂ, ਉਹ ਦੱਬੇ ਪੈਰੀਂ, ਰੇਂਗਦਾ ਹੋਇਆ ਸਾਡੇ ਤਕ ਪਹੁੰਚ ਜਾਂਦੈ, ਸਾਡੇ ਮੋਢਾ ਥਪਥਪਾਉਂਦੈ ਅਤੇ ਕਹਿੰਦੈ, ਡਰਾਉਣੇ ਅੰਦਾਜ਼ ‘ਚ, ”ਪਛਾਣਦੈਂ ਮੈਨੂੰ? ”ਅਸੀਂ ਆਪਣੇ ਗੁਜ਼ਰੇ ਹੋਏ ਕੱਲ੍ਹ ਨਾਲ ਹਮੇਸ਼ਾ ਸਬੰਧ ਬਣਾਈ ਰੱਖਦੇ ਹਾਂ, ਇਸ ਉਮੀਦ ‘ਚ ਕਿ ਉਸ ਨਾਲ ਸਾਡੇ ਰਿਸ਼ਤੇ ਸਾਨੂੰ ਮੁਕਤੀ ਦਿਵਾਉਣਗੇ ਅਤੇ ਸਾਡਾ ਆਉਣ ਵਾਲਾ ਕੱਲ੍ਹ ਸੌਖਾਲਾ ਬਣਾਉਣਗੇ। ਕਿਸੇ ਨਾ ਕਿਸੇ ਤਰ੍ਹਾਂ, ਪਰ, ਉਸ ਨਾਲ ਸਾਡੀ ਗੱਲਬਾਤ ਟੁੱਟ ਜਾਂਦੀ ਹੈ ਜਾਂ ਅਣਕਿਆਸੇ ਮਸਲੇ ਉੱਭਰ ਆਉਂਦੇ ਹਨ। ਫ਼ਿਰ ਅਚਾਨਕ, ਅਸੀਂ ਉਸੇ ਪੁਰਾਣੀ ਸਥਿਤੀ ‘ਚ ਵਾਪਿਸ ਪਹੁੰਚ ਜਾਂਦੇ ਹਾਂ ਜਿਸ ‘ਚੋਂ ਬਾਹਰ ਨਿਕਲਣ ਲਈ ਅਸੀਂ ਬਹੁਤ ਕਾਹਲੇ ਸਾਂ। ਬਦਲਦੇ ਹਾਲਾਤ ਛੇਤੀ ਇਸ ਸਭ ‘ਚੋਂ ਨਿਕਲਣ ‘ਚ ਤੁਹਾਡੀ ਮਦਦ ਕਰਨਗੇ। ਤੁਹਾਨੂੰ ਫ਼ੁੱਲ ਸਪੀਡ ਫ਼ੜਨ ‘ਚ ਹਾਲੇ ਥੋੜ੍ਹਾ ਵਕਤ ਲੱਗੇਗਾ, ਪਰ ਇੱਕ ਵਾਰ ਜਦੋਂ ਤੁਸੀਂ ਆਪਣੀ ਪੂਰੀ ਰਫ਼ਤਾਰ ਫ਼ੜ ਲਈ, ਤੁਸੀਂ ਅਰੁੱਕ ਹੋ ਜਾਵੋਗੇ।

ਸਭ ਕੁਝ ਠੀਕ ਹੋ ਜਾਵੇਗਾ, ਜਾਂ ਘੱਟੋ-ਘੱਟ ਜੇ ਤੁਸੀਂ ਬਹੁਤ ਜ਼ਿਆਦਾ ਬੋਝ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਜ਼ਰੂਰ ਹੋ ਜਾਵੇਗਾ। ਲੋੜੋਂ ਵੱਧ ਜ਼ਿੰਮੇਵਾਰੀ ਕਬੂਲਣ ਦੀ ਤੁਹਾਡੀ ਪ੍ਰਵਿਰਤੀ ਦੇ ਮੱਦੇਨਜ਼ਰ ਇਹ ਕਹਿਣਾ ਪਵੇਗਾ ਕਿ ਸਭ ਕੁਝ ਠੀਕ ਕਰਨ ਲਈ ਤੁਹਾਨੂੰ ਖ਼ੁਦ ਨੂੰ ਸਵੈ-ਅਨੁਸ਼ਾਸਿਤ ਕਰਨਾ ਪਵੇਗਾ। ਤੁਸੀਂ ਚੀਜ਼ਾਂ ਦੇ ਵਾਪਰਣ ਦਾ ਇੰਤਜ਼ਾਰ ਕਰ ਰਹੇ ਹੋ। ਪਰ ਕੁਝ ਚੀਜ਼ਾਂ ਓਦੋਂ ਤਕ ਵਾਪਰਦੀਆਂ ਹੀ ਨਹੀਂ ਜਦੋਂ ਤਕ ਤੁਸੀਂ ਇੰਤਜ਼ਾਰ ਨਾ ਕਰੋ। ਪੌਦਿਆਂ ਨੂੰ, ਉਦਾਹਰਣ ਦੇ ਤੌਰ ‘ਤੇ, ਅਸੀਂ ਗਰੀਨਹਾਊਸ ‘ਚ ਰੱਖ ਕੇ ਗਰਮੀ ਤਾਂ ਦੇ ਸਕਦੇ ਹਾਂ, ਪਰ ਇਸ ਗੱਲ ਦੀ ਫ਼ਿਰ ਵੀ ਇੱਕ ਸਮਾਂ-ਸੀਮਾ ਹੈ ਕਿ ਉਹ ਕਿੰਨੀ ਛੇਤੀ ਵੱਡੇ ਹੋਣਗੇ। ਕੁਦਰਤੀ ਤੌਰ ‘ਤੇ ਕੋਈ ਸ਼ੈਅ ਵਿਕਸ ਰਹੀ ਹੈ, ਉਹ ਵੀ ਜਿੰਨੀਂ ਤੇਜ਼ੀ ਨਾਲ ਹੋ ਸਕੇ। ਨਾ ਤਾਂ ਉਸ ਨੂੰ ਕਾਹਲ ਪਾਉਣ ਦੀ ਕੋਸ਼ਿਸ਼ ਕਰੋ, ਨਾ ਹੀ ਪਰੇਸ਼ਾਨ ਹੋ ਕੇ ਹੌਸਲਾ ਹਾਰੋ। ਸਬਰ ਦਾ ਫ਼ੱਲ ਅਵੱਸ਼ ਮਿੱਠਾ ਹੋਵੇਗਾ।

ਜਿਹੜੇ ਸਮਾਰਟਫ਼ੋਨ ਅਸੀਂ ਆਪਣੀਆਂ ਜੇਬ੍ਹਾਂ ‘ਚ ਪਾਈ ਘੁੰਮਦੇ ਹਾਂ, ਉਹ ਉਨ੍ਹਾਂ ਭਾਰੀ ਭਰਕਮ ਮਸ਼ੀਨਾਂ ਨਾਲੋਂ ਵੀ ਵੱਧ ਤਾਕਤਵਰ ਕੰਪਿਊਟਰ ਹਨ ਜਿਨ੍ਹਾਂ ਨੂੰ ਸੰਭਾਲਣ ਲਈ, ਅੱਜ ਤੋਂ 30 ਵਰ੍ਹੇ ਪਹਿਲਾਂ, ਪੂਰੇ-ਪੂਰੇ ਕਮਰਿਆਂ ਦੀ ਜਗ੍ਹਾ ਖੱਪ ਜਾਂਦੀ ਸੀ ਅਤੇ ਚਲਾਉਣ ਲਈ ਟੈਕਨੀਸ਼ਨਾਂ ਦੀਆਂ ਟੀਮਾਂ ਦੀ ਲੋੜ ਪੈਂਦੀ ਸੀ। ਅੱਜਕੱਲ੍ਹ ਉਨ੍ਹਾਂ ਵਿਸ਼ਾਲ ਮਸ਼ੀਨਾਂ ਵਿਚਲੀ ਸਾਰੀ ਟੈਕਨੌਲੋਜੀ ਸਾਡੀਆਂ ਉਂਗਲਾਂ ਦੇ ਪੋਟਿਆਂ ‘ਤੇ ਮੌਜੂਦ ਹੈ। ਅਸੀਂ ਉਨ੍ਹਾਂ ਨਾਲ ਹੈਰਾਨੀਜਨਕ ਕਾਰਨਾਮੇ ਕਰ ਸਕਦੇ ਹਾਂ। ਫ਼ਿਰ ਵੀ ਕਿੰਨਾ ਕੁਝ ਸਾਡੀ ਪਹੁੰਚ ਤੋਂ ਬਾਹਰ ਰਹਿੰਦੈ – ਨਿਰਾਸ਼ਾਜਨਕ ਹੱਦ ਤਕ ਨਾਮੁਮਕਿਨ। ਤੁਸੀਂ ਆਪਣੀ ਜ਼ਿੰਦਗੀ ਦੇ ਇੱਕ ਖ਼ਾਸ ਖੇਤਰ ‘ਚ ਇੱਕ ਵੱਡਾ ਫ਼ਰਕ ਪਾ ਸਕਦੇ ਹੋ। ਅਤੇ ਕਿਸੇ ਦੂਸਰੇ ਖੇਤਰ ‘ਚ, ਇੰਝ ਜਾਪਦੈ ਜਿਵੇਂ ਤੁਸੀਂ ਚਾਹ ਕਿ ਵੀ ਕੁਝ ਨਹੀਂ ਕਰ ਸਕਦੇ। ਦਰਅਸਲ, ਤੁਹਾਡੇ ਅੰਦਰ ਇੱਕ ਛੁਪੀ ਹੋਈ ਖ਼ੂਬੀ ਹੈ, ਜਿਸ ਨੂੰ ਛੇਤੀ ਹੀ ਤੁਸੀਂ ਪਛਾਣ ਲਵੋਗੇ।

ਮੌਜੂਦਾ ਮਸਲਾ ਅਜਿਹਾ ਹੈ ਜਿਸ ਨਾਲ ਨਜਿੱਠਣ ਦੀ ਤੁਹਾਨੂੰ ਲੋੜ ਨਹੀਂ, ਇੱਕ ਅਜਿਹਾ ਮਸਲਾ ਜਿਹੜਾ ਬਿਲਕੁਲ ਨਾਜਾਇਜ਼ ਹੈ, ਜਿਹੜਾ, ਤੁਹਾਡੇ ਸਭ ਡਰਾਂ ਦੇ ਬਾਵਜੂਦ, ਤੁਸੀਂ ਆਪਣੀ ਬੇਵਕੂਫ਼ੀ ਨਾਲ ਉਤਪਨ ਨਹੀਂ ਕੀਤਾ। ਉਸ ਨੂੰ ਸਿਰਜਣ ‘ਚ ਤੁਹਾਡਾ ਹੱਥ ਰਿਹਾ ਹੋ ਸਕਦੈ, ਪਰ ਜਿੰਨਾ ਕੁ ਤੁਹਾਨੂੰ ਪਤੈ, ਉਸ ਹਿਸਾਬ ਨਾਲ ਤੁਸੀਂ ਕੇਵਲ ਸਿਆਣਪ ਤੋਂ ਹੀ ਕੰਮ ਲਿਆ ਹੈ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਨੂੰ ਦੋਸ਼ ਨਾ ਦਿਓ, ਖ਼ਾਸ ਕਰ ਕੇ ਓਦੋਂ ਜਦੋਂ ਕੇਵਲ ਇੱਕ ਹੀ ਚੀਜ਼ ਹੈ ਜਿਹੜੀ ਅਜਿਹੀ ਪੇਚੀਦਾ ਸਥਿਤੀ ਨੂੰ ਰਚਨਾਤਮਕਤਾ ਨਾਲ ਮੋੜਾ ਦੇ ਸਕਦੀ ਹੈ: ਕਿਸੇ ਅਜਿਹੇ ਅਕਲਮੰਦ ਵਿਅਕਤੀ ਵਲੋਂ ਸੂਝਵਾਨ, ਨਿਰਪੱਖ ਕਾਰਵਾਈ ਜਿਸ ਕੋਲ ਚੀਜ਼ਾਂ ਨੂੰ ਸਹੀ ਕਰਨ ਦੀ ਸ਼ਕਤੀ ਹੋਵੇ। ਅਤੇ ਉਹ ਸ਼ਕਤੀਸ਼ਾਲੀ ਵਿਅਕਤੀ … ਤੁਸੀਂ ਹੋ।

”ਜਿਹੜਾ ਬੰਦਾ ਹਰ ਵੇਲੇ ਕਿਸੇ ਨੇਕ ਕਾਰਜ ਲਈ ਖ਼ੁਦ ਦੀ ਭਲਾਈ ਨੂੰ ਖ਼ਤਰੇ ‘ਚ ਪਾਉਣ, ਆਪਣੇ ਸ਼ਰੀਰ ਨੂੰ ਖ਼ਤਰੇ ‘ਚ ਪਾਉਣ, ਆਪਣੀ ਜਾਨ ਨੂੰ ਖ਼ਤਰੇ ‘ਚ ਪਾਉਣ ਦੇ ਖ਼ਤਰੇ ਉਠਾਉਣ ਲਈ ਤਿਆਰ ਨਹੀਂ, ਉਹ ਕੁਝ ਵੀ ਕਰਨ ਦੇ ਯੋਗ ਨਹੀਂ, ”ਅਜਿਹਾ ਕਹਿਣਾ ਸੀ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਥੀਓਡੋਰ ਰੂਜ਼ਵੈੱਲਟ ਦਾ। ਸਾਨੂੰ ਸਾਰਿਆਂ ਨੂੰ ਖ਼ਤਰੇ ਉਠਾਉਣੇ ਪੈਂਦੇ ਹਨ … ਅੱਜ ਨਹੀਂ ਤਾਂ ਕੱਲ੍ਹ। ਸਾਡਾ ਕਿਰਦਾਰ ਭਾਵੇਂ ਜਿੰਨਾ ਮਰਜ਼ੀ ਚੌਕਸ ਕਿਉਂ ਨਾ ਹੋਵੇ, ਅਸੀਂ ਖ਼ੁਦ ਨੂੰ ਨਿਰਸੰਦੇਹ ਅਜਿਹੀਆਂ ਸਥਿਤੀਆਂ ‘ਚ ਫ਼ਸਾ ਲੈਂਦੇ ਹਾਂ ਜਿਨ੍ਹਾਂ ਨੂੰ ਸਿਆਣੇ ਕਦਮਾਂ ਨਾਲ ਅਸੀਂ ਹੱਲ ਨਹੀਂ ਕਰ ਸਕਦੇ। ਜੇਕਰ ਤੁਸੀਂ ਜੀਵੰਤ ਅਤੇ ਦਿਲਚਸਪ ਬਣੇ ਰਹਿਣਾ ਚਾਹੁੰਦੇ ਹੋ ਤਾਂ ਅਣਜਾਣ ਖੇਤਰਾਂ ‘ਚ ਕੁਝ ਕੁ ਕਦਮ ਪੁੱਟਣੇ ਜ਼ਰੂਰੀ ਹੋ ਜਾਂਦੇ ਹਨ। ਪਰ ਉਸ ਦਿਸ਼ਾ ‘ਚ ਲੰਬੀਆਂ, ਲਾਪਰਵਾਹ ਛਾਲਾਂ ਮਾਰਨ ਤੋਂ ਗ਼ੁਰੇਜ਼ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਉਸ ਤੋਂ ਵੱਧ ਸੂਝਵਾਨ ਅਟਕਲਾਂ ਲਗਾਉਣ ਲਈ ਕਿਹਾ ਜਾ ਰਿਹੈ ਜਿੰਨੀਆਂ ਤੁਸੀਂ ਕਰਨਾ ਪਸੰਦ ਕਰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਅੱਗੇ ਵਧਣ ਲਈ ਇਸ ਤੋਂ ਕਿਤੇ ਵੱਧ ਜਾਣਕਾਰੀ ਹੁੰਦੀ। ਪਰ ਜੋ ਤੁਸੀਂ ਸ਼ੁਰੂ ਕੀਤੈ ਉਸ ਨੂੰ ਮੁਕੰਮਲ ਕਰਨ ਲਈ ਤੁਹਾਨੂੰ ਕਾਫ਼ੀ ਕੁਝ ਪਤੈ।