ਮੇਰਾ ਡਾਇਰੀਨਾਮਾ
ਨਿੰਦਰ ਘੁਗਿਆਣਵੀ
91-94174-21700
ਭਗਵੰਤ ਮਾਨ ਦੇ ਕਿੰਨੇ ਚੰਗੇ ਭਾਗ ਨੇ ਕਿ ਉਹ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਸਾਰੇ ਜਾਣਦੇ ਨੇ ਕਿ ਉਹ ਆਪਣੇ ਖੇਤਰ ਦਾ ਮੰਨਿਆ ਹੋਇਆ ਚਰਚਿਤ ਕੌਮੇਡੀਅਨ ਹੈ। ਉਹ ਆਮ ਜਿਹੇ ਉਸ ਪੇਂਡੂ ਘਰ ਦਾ ਪੁੱਤ ਹੈ ਜਿਸ ਦੇ ਘਰ ‘ਚ ਪੈਦਾ ਹੋਕੇ ਵੱਡੇ ਵੱਡੇ ਘਰਾਂ ਤੱਕ ਪਹੁੰਚ ਕਰਨੀ ਬੜੀ ਔਖੀ ਹੈ ਅਤੇ ਇਹ ਰਾਹ ਰਸਤੇ ਤਲਾਸ਼ਣੇ ਸੌਖਾ ਕਾਰਜ ਨਹੀਂ ਸੀ। ਭਗਵੰਤ ਮਾਨ ਦੀ ਸੂਝ ਬੜੀ ਤਿੱਖੀ ਹੈ। ਉਹ ਚੇਤੰਨ ਹੈ, ਹਾਜ਼ਰ ਜੁਆਬ ਹੈ ਅਤੇ ਹੁਸ਼ਿਆਰ ਵੀ ਬਚਪਨ ਤੋਂ ਹੀ ਹੈ। ਮੇਰੇ ਨਾਲ ਉਹਦੀ ਵਾਕਫ਼ੀ ਸੰਨ 1997 ਦੇ ਲਗਭਗ ਦੀ ਹੈ ਜਦ ਉਹਦੀ ਕੌਮੇਡੀ ਕਲਾ ਦਾ ਜਾਦੂ ਦੂਰਦਰਸ਼ਨ ਕੇਂਦਰ ਜਲੰਧਰ ਰਾਹੀਂ ਅਤੇ ਉਸ ਦੀਆਂ ਕਾਮੇਡੀ ਕੈੱਸਟਾਂ ਰਾਹੀਂ ਲੋਕਾਂ ਦੇ ਸਿਰ ਚੜ ਚੜ ਕੇ ਬੋਲ ਰਿਹਾ ਸੀ। ਉਸ ਦੀ ਹਰ ਥਾਂ ਮੰਗ ਹੋ ਰਹੀ ਸੀ। ਦੇਸ਼ ਵਿਦੇਸ਼ ‘ਚ ਉਸ ਨੂੰ ਉਡੀਕਿਆ ਜਾ ਰਿਹਾ ਸੀ। ਉਹ ਜਿਥੇ ਵੀ ਜਾਂਦਾ, ਹਾਲਾਂ ਦੇ ਹਾਲ ਨੱਕੋ ਨੱਕ ਭਰ ਜਾਂਦੇ। ਉਹਨੇ ਪੰਜਾਬੀ ਕੌਮੇਡੀ ਨੂੰ ਆਪਣੀ ਮੌਲਿਕਤਾ ਨਾਲ ਨਵੀਨਤਾ ਦਿੱਤੀ ਸੀ ਉਸ ਦਾ ਮਿਆਰ ਵੀ ਉੱਚਾ ਚੁੱਕਿਆ। ਮੈਂ ਉਨਾਂ ਵੇਲਿਆਂ ‘ਚ ਉਸ ਨੂੰ ਇੱਕ ਚਿੱਠੀ ਲਿਖੀ ਸੀ, ਹੋ ਸਕਦਾ ਹੈ ਕਿ ਕਿਤੇ ਉਹਦੇ ਪੁਰਾਣੇ ਕਾਗਜਾਂ ‘ਚ ਸੰਭਾਲੀ ਪਈ ਹੋਵੇ ਉਹ ਚਿੱਠੀ, ਪਰ ਮੈਨੂੰ ਉਸ ਚਿੱਠੀ ‘ਚ ਲਿਖੇ ਕੁੱਝ ਕੁੱਝ ਵੇਰਵੇ ਹਾਲੇ ਵੀ ਚੇਤੇ ਨੇ। ਮੈਂ ਉਸ ਨੂੰ ਲਿਖਿਆ ਸੀ, ”ਬਾਈ ਭਗਵੰਤ ਜੀ, ਆਪ ਦੀ ਹਾਸ ਕਲਾ ਆਮ ਹਾਸ ਕਲਾ ਨਹੀਂ, ਇਸ ‘ਚ ਡੂੰਘਾ ਸਮਾਜਕ ਦਰਦ ਝਲਕਦਾ ਹੈ। ਸਾਡੇ ਸਮਾਜ ਦੀ ਚੀਸ ਵੀ ਉਭਰਦੀ ਹੈ। ਸਿਰਫ਼ ਹਾਸਾ ਹੀ ਨਹੀਂ ਉਪਜਦਾ ਸਗੋਂ ਤਿੱਖੇ ਵਿਅੰਗ ਦੀ ਚੋਭ ਨਾਲ ਸਮਾਜ ਦੇ ਉਲਝੇ ਤਾਣੇ ਬਾਣੇ ਅਤੇ ਪ੍ਰਬੰਧ ਦੇ ਫ਼ਿਕਰ ਅਤੇ ਗ਼ਮ ਵੀ ਨਾਲ ਨਾਲ ਲੈ ਕੇ ਤੁਰਦੀ ਹੈ ਆਪ ਦੀ ਹਾਸ ਕਲਾ। ਚੋਟ ਤੇ ਟਕੋਰ ਕਰਨ ‘ਚ ਆਪ ਦਾ ਕੋਈ ਸਾਨੀ ਨਹੀਂ। ਇਹ ਨਿਰੋਲ ਮੌਲਿਕ ਹੈ। ਆਪ ਦੀ ਹਾਸ ਕਲਾ ਨੂੰ ਨੀਝ ਤੇ ਸੂਝ ਨਾਲ ਨਿਰਖ ਪਰਖ ਕੇ ਇਸ ਬਾਬਤ ਵਿਸਥਾਰ ਨਾਲ ਲਿਖਣਾ ਬਣਦਾ ਹੈ।”
ਇਹ ਉਸ ਨੂੰ ਚਿੱਠੀ ‘ਚ ਬਿਲਕੁਲ ਠੀਕ ਲਿਖਿਆ ਸੀ ਮੈਂ, ਪਰ ਭਗਵੰਤ ਮਾਨ ਦੀ ਵਿਅੰਗ ਕਲਾ ਬਾਰੇ ਕਿਸੇ ਲਿਖਾਰੀ ਨੇ ਖੁੱਲ ਕੇ ਲਿਖਿਆ ਹੀ ਨਹੀਂ ਜਦੋਂ ਕਿ ਉਸ ਦੀ ਹਾਸ-ਕਲਾ ਸਬੰਧੀ ਵਿਦਿਆਰਥੀ ਵਧੀਆ ਖੋਜ ਕਾਰਜ ਵੀ ਕਰ ਸਕਦੇ ਸਨ। ਇਹ ਅਣਛੋਹਿਆ ਵਿਸ਼ਾ ਸੀ। ਮੈਨੂੰ ਯਾਦ ਹੈ ਕਿ ਅਜ ਤੋਂ 21 ਸਾਲ ਪਹਿਲਾਂ ਮੈਂ ਜਦ ਸਾਰੇ ਮਸ਼ਹੂਰ ਹੋਏ ਮਾਨਾਂ ਬਾਰੇ ਇੱਕ ਕਿਤਾਬ ਮਾਨ ਪੰਜਾਬ ਦੇ ਲਿਖੀ ਸੀ ਤਾਂ ਉਸ ‘ਚ ਭਗਵੰਤ ਮਾਨ ਬਾਰੇ 18 ਪੰਨਿਆਂ ਦਾ ਇੱਕ ਲੰਬਾ ਸ਼ਬਦ ਚਿੱਤਰ ਲਿਖਿਆ ਸੀ ਅਤੇ ਉਸ ਦਾ ਸਿਰਲੇਖ ਸੀ ਹਾਸ ਕਲਾ ਦਾ ਬਾਦਸ਼ਾਹ। ਉਸੇ ਸ਼ਬਦ ਚਿੱਤਰ ‘ਚ ਦਰਜ ਸ਼ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਭਗਵੰਤ ਮਾਨ ਬਾਰੇ ਕੀਤੀ ਖ਼ੂਬਸੂਰਤ ਟਿਪਣੀ ਦਰਜ ਹੈ। ਉਨ੍ਹਾਂ ਕਿਹਾ ਸੀ ਕਿ ਭਗਵੰਤ ਮਾਨ ਦੇ ਪਾੜ ਖੁੱਲੇ ਹੋਏ ਐ, ਬੋੜਾ ਖੂਹ ਹੈ ਏਹ ਸਾਡਾ ਮੁੰਡਾ, ਬੋੜੇ ਖੂਹ ‘ਚ ਪਾੜ ਲੱਗ ਦਾਂਦੇ ਨੇ ਅਤੇ ਉਹ ਸੁਕਦਾ ਨਹੀਂ, ਕੁੱਝ ਕਲਾਕਾਰ ਐਸੇ ਹੁੰਦੇ ਨੇ ਜਿਹੜੇ ਤੇਲ ਦੇ ਪੈਟਰੋਲ ਪੰਪ ਹੁੰਦੇ ਨੇ … ਜਿੰਨਾ ਤੇਲ ਪਾਓ, ਓਨੇ ਈ ਕੱਢਿਆ ਜਾ ਸਕਦਾ ਐ, ਪਰ ਸਾਡਾ ਭਗਵੰਤ ਮਾਨ ਤਾਂ ਤੇਲ ਦਾ ਖੂਹ ਐ। ਇਹਦੇ ਚੋਂ ਜਿੰਨਾ ਤੇਲ ਕੱਢੋਗੇ, ਓਨਾ ਹੀ ਵਧੀਆ ਤੇਲ ਆਈ ਜਾਊਗਾ।”ਪਾਰਸ ਜੀ ਨੇ ਇਹ ਬੜਾ ਦਰੁਸਤ ਆਖਿਆ ਸੀ। ਇਥੇ ਇਹ ਜਿਕਰ ਕਰਨਾ ਵੀ ਬਣਦਾ ਹੈ ਕਿ ਭਗਵੰਤ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਸਾਇੰਸ ਮਾਸਟਰ ਸਨ, ਅਤੇ ਉਹਨਾਂ ਉਘੇ ਤਰਕਸ਼ੀਲ ਮੇਘ ਰਾਜ ਮਿੱਤਰ ਦੀਆਂ ਲਿਖੀਆਂ ਕਿਤਾਬਾਂ ਭਗਵੰਤ ਨੂੰ ਪੜ੍ਹਨ ਲਈ ਦਿੰਦੇ ਰਹਿਣਾ, ਇਉਂ ਉਹਦੀ ਰੁਚੀ ਸਾਇੰਸ ਵਿਗਿਆਨ ਅਤੇ ਤਰਕਸ਼ੀਲਤਾ ਵੱਲ ਵਧਦੀ ਰਹੀ।
ਲੋਕਾਂ ਦੀਆਂ ਆਸਾਂ
ਸੱਤ ਸਾਲ ਭਗਵੰਤ ਮਾਨ ਨੇ ਪੰਜਾਬ ਦੇ ਅਹਿਮ ਮੁੱਦੇ ਪਾਰਲੀਮੈਂਟ ‘ਚ ਉਠਾਏ, ਅਤੇ ਹੁਣ ਵੀ ਕੁੱਝ ਦਿਨਾਂ ‘ਚ ਹੀ ਪੰਜਾਬ ਦੇ ਹਿਤਾਂ ਖ਼ਾਤਿਰ ਵਧਿਆ ਫ਼ੈਸਲੇ ਕੀਤੇ ਜਾ ਰਹੇ ਹਨ। ਇਹ ਸੱਚ ਹੈ ਕਿ ਉਸਾਰੂ ਸੋਚ ਦੇ ਮਾਲਕ ਭਗਵੰਤ ਮਾਨ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਲੋਕਾਂ ਨੇ ਦਿਲੋਂ ਚਾਅ ਕੀਤਾ ਹੈ, ਅਤੇ ਦੇਸ਼ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਨੇ ਜੀਓ ਆਇਆਂ ਆਖਿਆ ਹੈ। ਇੱਕ ਨਵਾਂ ਸਿਆਸੀ ਇਤਿਹਾਸ ਲਿਖ ਦਿੱਤਾ ਗਿਆ ਹੈ ਪੰਜਾਬ ਵਾਸਤੇ। ਸਿਆਸੀ ਰੁੱਖਾਂ ਦੇ ਪੁਰਾਣੇ ਪੱਤੇ ਝੜ ਗਏ ਨੇ ਤੇ ਨਵਿਆਂ ਪੱਤਿਆਂ ਦੀ ਰੁੱਤ ਆ ਗਈ ਹੈ। ਇਹ ਰੰਗੀਨ ਰੁੱਤ ਪੰਜਾਬ ਦੇ ਲੋਕਾਂ ਦੀਆਂ ਆਸਾਂ ਅਤੇ ਉਮੰਗਾਂ ਭਰੀ ਹੈ ਅਤੇ ਸਾਨੂੰ ਵੀ ਪੂਰਨ ਆਸ ਤੇ ਵਿਸ਼ਵਾਸ ਹੈ ਕਿ ਸਾਡਾ ਪਿਆਰਾ ਅਤੇ ਪੁਰਾਣਾ ਮਿੱਤਰ ਭਗਵੰਤ ਮਾਨ ਲੋਕਾਂ ਦੀਆਂ ਆਸਾਂ ‘ਤੇ ਜ਼ਰੂਰ ਖਰਾ ਉਤਰੇਗਾ। ਰੱਬ ਖੈਰ ਕਰੇ!