ਗਾਇਕ ਹਾਰਡੀ ਸੰਧੂ ਨੇ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਨਵੇਂ ਗੀਤ ਕੁੜੀਆਂ ਲਾਹੌਰ ਦੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਗੀਤ ‘ਚ ਅਦਾਕਾਰਾ ਆਇਸ਼ਾ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ। ਹਾਰਡੀ ਸੰਧੂ ਨੇ ਆਖਿਆ, ਗੀਤ ਕੁੜੀਆਂ ਲਾਹੌਰ ਦੀਆਂ ਮੇਰੇ ਲਈ ਬਹੁਤ ਖ਼ਾਸ ਹੈ ਕਿਉਂਕਿ ਇਹ ਗੀਤ ਮੇਰੀ ਕਲਾਕਾਰੀ ਲਈ ਢੁੱਕਵਾਂ ਅਤੇ ਮੈਨੂੰ ਮੇਰੀਆਂ ਜੜ੍ਹਾਂ ਨਾਲ ਜੋੜਦਾ ਹੈ। ਇਹ ਗੀਤ ਜਾਨੀ ਨੇ ਲਿਖਿਆ ਅਤੇ ਬੀ.ਪਰਾਕ ਨੇ ਗੀਤ ਦੀ ਇੱਕ ਧੁਨ ਤਿਆਰ ਕੀਤੀ ਹੈ ਜੋ ਮੈਨੂੰ ਬਹੁਤ ਪਿਆਰੀ ਲੱਗੀ। ਅਰਵਿੰਦਰ ਖਹਿਰਾ ਨੇ ਬਹੁਤ ਸ਼ਾਨਦਾਰ ਵੀਡੀਓ ਤਿਆਰ ਕੀਤਾ ਹੈ ਜੋ ਗੀਤ ਨਾਲ ਨਿਆਂ ਕਰਦਾ ਹੈ।”ਜ਼ਿਕਰਯੋਗ ਹੈ ਕਿ ਹਾਰਡੀ ਸੰਧੂ ਨੇ ਅਦਾਕਾਰੀ ਦੀ ਸ਼ੁਰੂਆਤ ਯਾਰਾਂ ਦਾ ਕੈਚਅੱਪ ਤੋਂ ਕੀਤੀ ਸੀ ਅਤੇ ਉਸ ਦੇ ਗੀਤ ਸੋਚ ਨੂੰ ਫ਼ਿਲਮ ਏਅਰਲਿਫ਼ਟ ਲਈ ਮੁੜ ਤਿਆਰ ਕੀਤਾ ਗਿਆ। ਹਾਰਡੀ ਸੰਧੂ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਲੋਕ ਉਸ ਦੇ ਗੀਤ ਨੂੰ ਪਸੰਦ ਕਰਨਗੇ। ਇਸ ਦੌਰਾਨ ਗਾਇਕ ਨੇ ਆਖਿਆ, ”ਜਦੋਂ ਅਸੀਂ ਪਹਿਲੀ ਵਾਰ ਇਸ ਗੀਤ ਦੀ ਰੂਪ-ਰੇਖਾ ਤਿਆਰ ਕੀਤੀ ਸੀ ਤਾਂ ਮੈਨੂੰ ਓਦੋਂ ਤੋਂ ਹੀ ਇਸ ‘ਤੇ ਕੰਮ ਕਰਨਾ ਪਸੰਦ ਆ ਗਿਆ ਸੀ। ਮੈਂ ਆਪਣੀ ਟੀਮ ਦਾ ਕੁੜੀਆਂ ਲਾਹੌਰ ਦੀਆਂ ਲਈ ਧੰਨਵਾਦ ਕਰਨਾ ਚਾਹਾਂਗਾ ਅਤੇ ਮੈਨੂੰ ਉਮੀਦ ਹੈ ਕਿ ਪ੍ਰਸ਼ੰਸਕ ਗੀਤ ਨੂੰ ਪਿਆਰ ਕਰਨਗੇ।”