ਤੁਸੀਂ ਇਸ ਵਕਤ ਕਿੱਥੇ ਹੋਣਾ ਪਸੰਦ ਕਰੋਗੇ? ਜੇ ਉਹ ਕੋਈ ਅਜਿਹੀ ਜਗ੍ਹਾ ਹੈ ਜਿਹੜੀ ਉਸ ਨਾਲੋਂ ਵਾਕਈ ਵੱਖਰੀ ਹੈ ਜਿੱਥੇ ਤੁਸੀਂ ਇਸ ਵਕਤ ਹੋ ਤਾਂ ਫ਼ਿਰ ਜੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ? ਤੁਸੀਂ ਸਮਝੌਤਾ ਕਿਉਂ ਕਰ ਰਹੇ ਹੋ? ਜਾਂ ਕੀ ਤੁਸੀਂ ਖ਼ੁਦ ਨੂੰ ਸਿਰਫ਼ ਇਹ ਦੱਸ ਹੀ ਰਹੇ ਕਿ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਸੇ ਦੂਸਰੇ ਸਥਾਨ ‘ਤੇ ਹੁੰਦੇ ਜਦੋਂ ਕਿ, ਗੁਪਤ ਤੌਰ ‘ਤੇ, ਤੁਸੀਂ ਆਪਣੀ ਹਾਲੀਆ ਸਥਿਤੀ ਤੋਂ ਕਾਫ਼ੀ ਸੰਤੁਸ਼ਟ ਹੋ? ਤੁਹਾਡੇ ਕੋਲ ਸੱਚਮੁੱਚ ਹੈਰਾਨੀਜਨਕ, ਪ੍ਰਭਾਵਸ਼ਾਲੀ ਅਤੇ ਚਿਰ-ਸਥਾਈ ਤਬਦੀਲੀਆਂ ਲਿਆਉਣੀਆਂ ਸ਼ੁਰੂ ਕਰਨ ਦੀ ਤਾਕਤ ਮੌਜੂਦ ਹੈ। ਪਰ ਉਨ੍ਹਾਂ ਨੂੰ ਅਸਲ ‘ਚ ਵਾਪਰਣ ਦੇਣ ਲਈ, ਤੁਹਾਨੂੰ ਖ਼ੁਦ ‘ਤੇ ਵਿਸ਼ਵਾਸ ਰੱਖਣ ਅਤੇ ਖ਼ੁਦ ਨਾਲ ਸੱਚਾ ਬਣਨ ਦੀ ਲੋੜ ਹੈ।

ਅਸੀਂ ਸਾਰੇ ਅੱਖਾਂ ਖੋਲ੍ਹਣ ਵਾਲੇ ਤਜਰਬੇ ਹੰਢਾਉਣਾ ਪਸੰਦ ਨਹੀਂ ਕਰਦੇ। ਸਾਡੇ ‘ਚੋਂ ਕਈਆਂ ਨੂੰ, ਸੱਚਮੁੱਚ, ਉਹ ਅਣਸੁਖਾਵੇਂ ਲੱਗਦੇ ਨੇ। ਆਪਣੀਆਂ ਅੱਖਾਂ ਘੁੱਟ ਕੇ ਮੀਟਣ ਨਾਲ, ਅਸੀਂ ਜੋ ਚਾਹੀਏ ਦੇਖ ਸਕਦੇ ਹਾਂ! ਇੱਥੋਂ ਤਕ ਕਿ ਜਦੋਂ ਉਹ ਅੱਧੀਆਂ ਖੁੱਲ੍ਹੀਆਂ ਵੀ ਹੁੰਦੀਆਂ ਨੇ, ਅਸੀਂ ਆਪਣੀਆਂ ਉਮੀਦਾਂ ਨੂੰ ਹਕੀਕਤ ਤੋਂ ਉੱਪਰ ਰੱਖ ਸਕਦੇ ਹਾਂ। ਇਹ ਸਭ, ਪਰ, ਓਦੋਂ ਬਿਲਕੁਲ ਸੰਭਵ ਨਹੀਂ ਹੁੰਦਾ ਜਦੋਂ ਜ਼ਿੰਦਗੀ ਸਾਨੂੰ ਅਸਲੀਅਤ ਨੂੰ ਪਛਾਨਣ ਲਈ ਮਜਬੂਰ ਕਰ ਰਹੀ ਹੋਵੇ। ਇਸ ਵਕਤ ਦੀਆਂ ਸਾਰੀਆਂ ਮੁਸ਼ਕਿਲਾਂ, ਧਾਰਣਾ ਨੂੰ ਦਰੁਸਤ ਸਮਝ ਨਾਲ ਤਬਦੀਲ ਕਰਨ ਦੀ ਲੋੜ ‘ਚੋਂ ਉਪਜ ਰਹੀਆਂ ਹਨ। ਜਿੰਨੀ ਛੇਤੀ ਤੁਸੀਂ ਇਹ ਕਾਰਜ ਸ਼ੁਰੂ ਕਰ ਦੇਵੋਗੇ, ਤੁਸੀਂ ਓਨੇ ਹੀ ਜ਼ਿਆਦਾ ਸੁਖੀ ਰਹੋਗੇ। ਬਿਨਾਂ ਵਜ੍ਹਾ ਅੱਧ-ਕਲਪਿਤ ਸਮੱਸਿਆਵਾਂ ਬਾਰੇ ਚਿੰਤਾ ਕਰਦੇ ਰਹੇ ਹੋ ਤੁਸੀਂ!

ਅਸੀਂ ਸਾਰੇ ਤਬਦੀਲੀ ਚਾਹੁੰਦੇ ਹਾਂ, ਪਰ ਤਜਰਬਾ ਸਾਨੂੰ ਸਿਖਾਉਂਦੈ ਕਿ ਸਾਨੂੰ ਉਸ ਨੂੰ ਲੱਭਣ ਦੀ ਲੋੜ ਨਹੀਂ। ਉਹ ਖ਼ੁਦ-ਬ-ਖ਼ੁਦ ਸਾਡੇ ਤਕ ਪਹੁੰਚਣ ਦਾ ਰਾਹ ਭਾਲ ਲਵੇਗੀ। ਸਥਿਰਤਾ ਹੀ ਕੇਵਲ ਉਹ ਤਜਰਬਾ ਹੈ ਜਿਸ ਨੂੰ ਹਾਸਿਲ ਕਰਨ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਪਲ ਅਸੀਂ ਪੂਰਵ-ਅਨੁਮਾਨਿਤ ਜ਼ਿੰਦਗੀ ਜੀਣ ਦੀ ਆਪਣੀ ਇੱਛਾ ਨੂੰ ਤਿਆਗ ਦਿੰਦੇ ਹਾਂ, ਅਫ਼ਰਾਤਫ਼ਰੀ ਸਾਡੇ ਜੀਵਨ ‘ਚ ਇੰਝ ਦਾਖ਼ਲ ਹੁੰਦੀ ਹੈ ਜਿਵੇਂ ਕਿਸੇ ਡੈਮ ਵਿਚਲੀ ਦਰਾਰ ਰਾਹੀਂ ਦਰਿਆ ਦਾ ਪਾਣੀ ਵੜਦੈ। ਤੁਹਾਨੂੰ ਇੰਝ ਜਾਪ ਰਿਹੈ ਜਿਵੇਂ ਤੁਸੀਂ ਕਿਸੇ ਪਰਲੋ ਖ਼ਿਲਾਫ਼ ਸੰਘਰਸ਼ ਕਰ ਰਹੇ ਹੋ – ਪਰ, ਦਰਅਸਲ, ਬਿਨਾ ਇਸ ਡਰ ਦੇ ਕਿ ਸਭ ਕੁਝ ਸਦਾ ਲਈ ਬਦਲ ਜਾਵੇਗਾ, ਤੁਸੀਂ ਆਰਾਮ ਨਾਲ ਖ਼ੁਦ ਨੂੰ ਹਾਲਾਤ ਦੇ ਅਨੁਕੂਲ ਢਾਲ ਸਕਦੇ ਹੋ। ਜੇਕਰ ਤੁਹਾਨੂੰ ਤਬਦੀਲੀ ਬਹੁਤ ਜ਼ਿਆਦਾ ਗ਼ਲਤ ਜਾਪੇ ਤਾਂ ਤੁਸੀਂ ਮੁੜ ਉਹੀ ਕਰਨਾ ਸ਼ੁਰੂ ਕਰ ਸਕਦੇ ਹੋ ਜੋ ਤੁਸੀਂ ਪਹਿਲਾਂ ਕਰ ਰਹੇ ਸੀ।

ਖ਼ੁਸ਼ੀ ਅਤੇ ਉਦਾਸੀ ਦਰਮਿਆਨ ਚੋਣ ਮਿਲੇ ਤਾਂ ਪਹਿਲਾਂ ਵਰਣਨ ਕੀਤੀ ਸ਼ੈਅ ਨੂੰ ਕੌਣ ਪਸੰਦ ਨਹੀਂ ਕਰੇਗਾ? ਅਸਲ ‘ਚ, ਤੁਸੀਂ ਹੈਰਾਨ ਹੋਵੋਗੇ। ਇਹ ਦੁਨੀਆਂ ਬਹੁਤ ਪੁੱਠ-ਮੱਤੀ ਹੈ। ਇਥੇ ਕੁਝ ਲੋਕ ਮਹਿਸੂਸ ਕਰਦੇ ਨੇ ਕਿ ਉਹ ਸੱਚਮੁੱਚ ਓਦੋਂ ਹੀ ਖ਼ੁਸ਼ ਹੋ ਸਕਦੇ ਹਨ ਜਦੋਂ ਉਹ ਉਦਾਸ ਮਹਿਸੂਸ ਕਰ ਰਹੇ ਹੋਣ। ਕੁਝ ਹੋਰਾਂ ਨੂੰ ਤਾਂ ਇੰਝ ਜਾਪਦੈ ਕਿ ਖ਼ੁਸ਼ੀ ਦੇਣ ਵਾਲੇ ਉਨ੍ਹਾਂ ਦੇ ਸਾਰੇ ਸ੍ਰੋਤ ਹੀ ਅੰਤ ‘ਚ ਉਨ੍ਹਾਂ ਦੇ ਦੁਖਾਂ ਦਾ ਕਾਰਨ ਬਣ ਜਾਣਗੇ। ਸੋ ਉਹ ਸੋਚਦੇ ਹਨ ਕਿ ਜੇ ਸ਼ੁਰੂ ‘ਚ ਹੀ ਉਹ ਕੋਈ ਨਾਕਾਰਾਤਮਕ ਚੋਣ ਕਰ ਲੈਣ ਤਾਂ ਘੱਟੋਘੱਟ ਨਿਰਾਸ਼ਾ ਤੋਂ ਤਾਂ ਖ਼ੁਦ ਨੂੰ ਬਚਾ ਸਕਣਗੇ। ਖ਼ੈਰ, ਮੈਂ ਤਾਂ ਇਸ ਗੱਲ ਦਾ ਜ਼ਿਕਰ ਕੇਵਲ ਇੱਕ ਉਦਾਹਰਣ ਦੇ ਤੌਰ ‘ਤੇ ਕੀਤੈ, ਨਾ ਕਿ ਤੁਹਾਨੂੰ ਕੋਈ ਸੁਝਾਅ ਦਿੱਤੈ। ਤੁਹਾਡੇ ਸਾਹਮਣੇ ਚੋਣ ਬਹੁਤ ਸਪੱਸ਼ਟ ਹੈ। ਉਸ ਨੂੰ ਐਵੇਂ ਉਲਝਾਓ ਨਾ।

ਸਿਆਸਦਾਨ। ਵਿਕ੍ਰੇਤਾ। ਧਰਮ ਪ੍ਰਚਾਰਕ। ਜੇ ਇਹ ਲੋਕ ਸਫ਼ਲ ਹੋਣਾ ਚਾਹੁੰਦੇ ਹਨ ਤਾਂ ਇਨ੍ਹਾਂ ‘ਚੋਂ ਕੋਈ ਵੀ ਚਿੜਚਿੜੇ ਸੁਭਾਅ ਵਾਲਾ ਨਹੀਂ ਹੋ ਸਕਦਾ। ਦੂਸਰਿਆਂ ਨੂੰ ਕਾਇਲ ਕਰਨ ਦੀ ਉਨ੍ਹਾਂ ਦੀ ਕਾਬਲੀਅਤ, ਉਨ੍ਹਾਂ ਦੀ ਦਿਆਨਤਦਾਰੀ ਅਤੇ ਗਰਮਜੋਸ਼ੀ ‘ਤੇ ਹੀ ਤਾਂ ਨਿਰਭਰ ਕਰਦੀ ਹੈ। ਜੋ ਉਹ ਸੁਣਨਾ ਚਾਹੁੰਦੇ ਹਨ, ਲੋਕਾਂ ਤੋਂ ਓਹੀ ਗੱਲਾਂ ਕਹਿਲਵਾ ਕੇ ਉਹ ਕਦੇ ਵੀ ਕਿਸੇ ਨੂੰ ਆਪਣੀ ਸੋਚ ਦੇ ਪੱਖ ‘ਚ ਪ੍ਰੇਰਿਤ ਨਹੀਂ ਕਰ ਸਕਦੇ। ਜੋ ਕੁਝ ਵੀ ਉਹ ਕਹਿੰਦੇ ਹਨ, ਉਹ ਸੱਚਮੁੱਚ ਉਸ ਵਿੱਚ ਯਕੀਨ ਕਰਦੇ ਨੇ। ਦਰਅਸਲ ਇੱਥੇ ਹੀ ਉਹ ਆਪਣੀ ਸਭ ਤੋਂ ਵੱਡੀ ਗ਼ਲਤੀ ਕਰਦੇ ਨੇ। ਉਹ ਆਪਣੇ ਮਹਾਨ ਖ਼ਿਆਲ ‘ਚ ਕੁਝ ਵੀ ਗ਼ਲਤ ਦੇਖ ਹੀ ਨਹੀਂ ਸਕਦੇ। ਪਰ ਆਪਣੀ ਜ਼ਿੰਦਗੀ ਵਿਚਲੇ ਭਾਵਨਾਤਮਕ ਵਿਵਾਦ ਨੂੰ ਹੱਲ ਕਰਨ ਲਈ ਤੁਹਾਨੂੰ ਨਾ ਤਾਂ ਇੱਕ ਪ੍ਰੇਰਕ ਸ਼ਕਤੀ ਬਣਨ ਦੀ ਲੋੜ ਹੈ ਅਤੇ ਨਾ ਹੀ ਸ਼ਕਤੀਸ਼ਾਲੀ ਬਣਨ ਦੀ। ਤੁਹਾਨੂੰ ਕੇਵਲ ਯਥਾਰਥਵਾਦੀ ਬਣਨ ਦੀ ਸਿਆਣਪ ਲੋੜੀਂਦੀ ਹੈ।