ਬੀਤੇ ਦਿਨੀਂ ਹੋਏ ਔਸਕਰਜ਼ ਐਵਾਰਡ ਸਮਾਗਮ ‘ਚ ਫ਼ਿਲਮ ਕੋਡਾ ਨੂੰ ਸਰਬੋਤਮ ਫ਼ਿਲਮ ਜਦਕਿ ਵਿਲ ਸਮਿੱਥ ਨੂੰ ਫ਼ਿਲਮ ਕਿੰਗ ਰਿਚਰਡ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਇਸੇ ਸਮਾਗਮ ਦੌਰਾਨ ਆਪਣੀ ਪਤਨੀ ਬਾਰੇ ਸਟੇਜ ਤੋਂ ਮਜ਼ਾਕ ਕੀਤੇ ਜਾਣ ਤੋਂ ਖ਼ਫ਼ਾ ਹੋਏ ਵਿਲ ਸਮਿੱਥ ਨੇ ਅਦਾਕਾਰ ਕ੍ਰਿਸ ਰੌਕ ਦੇ ਥੱਪੜ ਮਾਰ ਦਿੱਤਾ।
ਡੈਨੀ ਵੀਲਨਿਊਵ ਦੀ ਫ਼ਿਲਮ ਡੂਨ ਨੇ ਤਕਨੀਕੀ ਸ਼੍ਰੇਣੀਆਂ ‘ਚ ਛੇ ਐਵਾਰਡ ਜਿੱਤੇ। ਇਸੇ ਤਰ੍ਹਾਂ ਫ਼ਿਲਮ ਕੋਡਾ ਨੂੰ ਸਰਬੋਤਮ ਫ਼ਿਲਮ ਸਮੇਤ ਤਿੰਨ ਅਕੈਡਮੀ ਐਵਾਰਡ ਮਿਲੇ। ਇਨ੍ਹਾਂ ‘ਚੋਂ ਅਡੈਪਟਿਡ ਸਕਰੀਨਪਲੇਅ ਲਈ ਨਿਰਦੇਸ਼ਕ ਸਿਆਨ ਹੈਡਰ ਅਤੇ ਸਹਾਇਕ ਅਦਾਕਾਰ ਲਈ ਟ੍ਰੌਏ ਕੋਟਸੁਰ ਨੂੰ ਐਵਾਰਡ ਮਿਲਿਆ। ਜੇਨ ਕੈਂਪੀਅਨ ਨੇ ਦਾ ਪਾਵਰ ਔਫ਼ ਦਾ ਡੌਗ ਲਈ ਸਰਬੋਤਮ ਨਿਰਦੇਸ਼ਕ ਦਾ ਐਵਾਰਡ ਜਿੱਤਿਆ। ਉਹ ਪਹਿਲੀ ਮਹਿਲਾ ਹੈ ਜਿਸ ਨੂੰ ਕਿਸੇ ਸ਼੍ਰੇਣੀ ‘ਚ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ। ਇਸੇ ਤਰ੍ਹਾਂ ਉਹ ਇਸ ਸ਼੍ਰੇਣੀ ‘ਚ ਐਵਾਰਡ ਜਿੱਤਣ ਵਾਲੀ ਤੀਸਰੀ ਮਹਿਲਾ ਬਣ ਗਈ। ਇਸ ਤੋਂ ਪਹਿਲਾਂ ਪਿਛਲੇ ਸਾਲ ਨੋਮੈਡਲੈਂਡ ਲਈ ਕਲੋਏ ਜ਼ਾਓ ਅਤੇ 2010 ‘ਚ ਹਰਟ ਲੌਕਰ ਲਈ ਕੈਥਰੀਨ ਬਿਗੇਲੋ ਨੇ ਇਹ ਐਵਾਰਡ ਜਿੱਤਿਆ ਸੀ। ਇਸ ਤੋਂ ਇਲਾਵਾ ਜਾਪਾਨੀ ਡਰਾਮਾ ਡਰਾਈਵ ਮਾਈ ਕਾਰ ਨੂੰ ਸਰਬੋਤਮ ਅੰਤਰਰਾਸ਼ਟਰੀ ਫ਼ਿਲਮ, ਬੇਲਫ਼ਾਸਟ ਲਈ ਕੇਨੈਥ ਨੂੰ ਮੂਲ ਸਕਰੀਨਪਲੇਅ ਲਈ ਐਵਾਰਡ ਮਿਲਿਆ। ਜੈਸਿਕਾ ਚੈਸਟੇਨ ਨੇ ਦਾ ਆਈਜ਼ ਔਫ਼ ਟੈਮੀ ਫ਼ੇਅ ਲਈ ਸਰਬੋਤਮ ਅਦਾਕਾਰਾ ਦਾ ਐਵਾਰਡ ਜਿੱਤਿਆ ਅਤੇ ਸਰਬੋਤਮ ਅਦਾਕਾਰ ਦਾ ਖਿਤਾਬ ਕਿੰਗ ਰਿਚਰਡ ਲਈ ਵਿਲ ਸਮਿੱਥ ਨੂੰ ਦਿੱਤਾ ਗਿਆ।
ਇਸ ਐਵਾਰਡ ਬਾਰੇ ਐਲਾਨ ਹੋਣ ਤੋਂ ਕੁੱਝ ਦੇਰ ਪਹਿਲਾਂ ਪ੍ਰੋਗਰਾਮ ਨੇ ਉਸ ਵੇਲੇ ਨਾਟਕੀ ਮੌੜ ਲਿਆ ਜਦੋਂ ਵਿਲ ਸਮਿੱਥ ਨੇ ਸਟੇਜ ‘ਤੇ ਬੇਤੁਕਾ ਮਜ਼ਾਕ ਕਰਨ ਕਰ ਕੇ ਅਦਾਕਾਰ/ ਕੌਮੇਡੀਅਨ ਕ੍ਰਿਸ ਰੌਕ ਦੇ ਚਪੇੜ ਮਾਰ ਦਿੱਤੀ। ਉਸ ਮਗਰੋਂ ਜਦੋਂ ਸਮਿੱਥ ਸਰਬੋਤਮ ਅਦਾਕਾਰ ਦਾ ਐਵਾਰਡ ਲੈਣ ਸਟੇਜ ‘ਤੇ ਗਿਆ ਤਾਂ ਉਸ ਨੇ ਅਕੈਡਮੀ ਅਤੇ ਸਹਿ-ਕਲਾਕਾਰਾਂ ਕੋਲੋਂ ਤਾਂ ਮੁਆਫ਼ੀ ਮੰਗੀ, ਪਰ ਰੌਕ ਬਾਰੇ ਕੁੱਝ ਨਹੀਂ ਕਿਹਾ। ਲੌਸ ਐਂਜਲਸ ਪੁਲੀਸ ਡਿਪਾਰਟਮੈਂਟ (LAPD) ਨੇ ਦੱਸਿਆ ਕਿ ਰੌਕ ਨੇ ਇਸ ਬਾਰੇ ਕੇਸ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਸਟੇਜ ਤੋਂ ਕੁੱਝ ਕਲਾਕਾਰਾਂ ਨੇ ਯੂਕਰੇਨ ਸੰਕਟ ਬਾਰੇ ਵੀ ਗੱਲ ਕੀਤੀ।
ਇਸ ਘਟਨਾ ਤੋਂ ਅਗਲੇ ਦਿਨ ਅਦਾਕਾਰ ਵਿਲ ਸਮਿੱਥ ਨੇ ਕ੍ਰਿਸ ਰੌਕ ਤੋਂ ਵੀ ਬਿਨਾ ਸ਼ਰਤ ਅਤੇ ਅਦਬ ਸਹਿਤ ਮੁਆਫ਼ੀ ਮੰਗ ਲਈ ਅਤੇ ਭੁੱਲ ਚੁੱਕ ਬਖ਼ਸਾਉਣ ਦੀ ਬੇਨਤੀ ਵੀ ਕੀਤੀ।