ਭਾਰਤ ‘ਚ ਦਲਿਤ ਮਹਿਲਾਵਾਂ ਵਲੋਂ ਚਲਾਏ ਜਾਂਦੇ ਅਖ਼ਬਾਰ ‘ਤੇ ਆਧਾਰਿਤ ਇੱਕ ਦਸਤਾਵੇਜ਼ੀ ਫ਼ਿਲਮ ਰਾਈਟਿੰਗ ਵਿਦ ਫ਼ਾਇਰ 94ਵੇਂ ਔਸਕਰਜ਼ ਪੁਰਸਕਾਰਾਂ ਦੀ ਸਰਬੋਤਮ ਦਸਤਾਵੇਜ਼ੀ ਫ਼ੀਚਰ ਸ਼੍ਰੇਣੀ ‘ਚ ਨਾਮਜ਼ਦ ਤਾਂ ਹੋਈ ਪਰ ਪੁਰਸਕਾਰ ਨਾ ਹਾਸਿਲ ਨਾ ਕਰ ਸਕੀ। ਇਸ ਸ਼੍ਰੇਣੀ ‘ਚ ਸਰਬੋਤਮ ਦਸਤਾਵੇਜ਼ੀ ਫ਼ੀਚਰ ਸਮਰ ਔਫ਼ ਸੋਲਜ਼ ਨੂੰ ਐਲਾਨਿਆ ਗਿਆ ਹੈ। ਸਮਰ ਔਫ਼ ਸੋਲਜ਼ ਦਾ ਨਿਰਦੇਸ਼ਨ ਸੰਗੀਤਕ ਬੈਂਡ ਦਾ ਰੂਟਸ ਦੇ ਡਰੰਮ ਵਾਦਕ ਆਹਮੀਰ ਥੌਮਸਨ ਨੇ ਕੀਤਾ ਹੈ ਜੋ ਕੁਐੱਸਟ ਲੱਵ ਦੇ ਨਾਂ ਨਾਲ ਮਸ਼ਹੂਰ ਹੈ। ਜ਼ਿਕਰਯੋਗ ਹੈ ਕਿ ਰਾਈਟਿੰਗ ਵਿਦ ਫ਼ਾਇਰ ਦਾ ਨਿਰਦੇਸ਼ਨ ਰਿੰਟੂ ਥੌਮਸ ਅਤੇ ਸੁਸ਼ਮਿਤ ਘੋਸ਼ ਨੇ ਕੀਤਾ ਹੈ। ਔਸਕਰ ਪੁਰਸਕਾਰ ਦੀ ਦੌੜ ‘ਚ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇਹ ਦਸਤਾਵੇਜ਼ੀ ਦਲਿਤ ਮਹਿਲਾਵਾਂ ਵਲੋਂ ਚਲਾਏ ਜਾਂਦੇ ਭਾਰਤ ਦੇ ਇਕਲੌਤੇ ਅਖ਼ਬਾਰ ਖ਼ਬਰ ਲਹਿਰੀਆ ਦੀ ਕਹਾਣੀ ਬਿਆਨਦੀ ਹੈ, ਪਰ ਪੁਰਸਕਾਰ ਸਮਾਗਮ ਤੋਂ ਕੁੱਝ ਹੀ ਹਫ਼ਤੇ ਪਹਿਲਾਂ ਅਖ਼ਬਾਰ ਦੇ ਪ੍ਰਬੰਧਕਾਂ ਨੇ ਇੱਕ ਪੱਤਰ ਲਿਖ ਕੇ ਇਤਰਾਜ਼ ਜਤਾਇਆ ਸੀ ਕਿ ਇਹ ਦਸਤਾਵੇਜ਼ੀ ਉਨ੍ਹਾਂ ਦੀ ਕਹਾਣੀ ਨੂੰ ਸਹੀ ਢੰਗ ਨਾਲ ਬਿਆਨ ਨਹੀਂ ਕਰਦੀ।
ਲਤਾ ਅਤੇ ਦਿਲੀਪ ਕੁਮਾਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ
ਔਸਕਰ ਪੁਰਸਕਾਰ ਸਮਾਗਮ ‘ਚ ਪਿਛਲੇ ਸਮੇਂ ਦੌਰਾਨ ਵਿੱਛੜੇ ਕਲਾਕਾਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਮੌਕੇ ਕਰਵਾਏ ਗਏ ਇਨ ਮੈਮੋਰੀਅਮ ‘ਚ ਭਾਰਤ ਦੇ ਦੋ ਮਰਹੂਮ ਕਲਾਕਾਰਾਂ ਲਤਾ ਮੰਗੇਸ਼ਕਰ ਅਤੇ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਨਾ ਦਿੱਤੇ ਜਾਣ ਦਾ ਭਾਰਤੀ ਪ੍ਰਸ਼ੰਸਕਾਂ ਨੇ ਬੁਰਾ ਮਨਾਇਆ ਹੈ। 2022 ਦੇ ਔਸਕਰ ਪੁਰਸਕਾਰ ਸਮਾਗਮ ‘ਚ ਭਾਰਤੀ ਸਿਨੇਮਾ ਦੇ ਦੋ ਮਹਾਨ ਕਲਾਕਾਰਾਂ ਨੂੰ ਇੰਝ ਭੁਲਾਇਆ ਜਾਣਾ ਮੰਦਭਾਗਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇੱਕ ਮਹੀਨਾ ਪਹਿਲਾਂ ਹੀ ਬ੍ਰਿਟਿਸ਼ ਅਕੈਡਮੀ ਫ਼ਿਲਮ ਐਂਡ ਟੈਲੀਵਿਯਨ ਐਵਾਰਡ (ਬਾਫ਼ਟਾ) ਵਲੋਂ ਮਰਹੂਮ ਲਤਾ ਮੰਗੇਸ਼ਕਰ ਅਤੇ ਦਿਲੀਪ ਕੁਮਾਰ ਨੂੰ ਯਾਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 2021 ‘ਚ ਹੋਏ ਔਸਕਰ ਪੁਰਸਕਾਰ ਸਮਾਗਮ ‘ਚ ਸ਼ਰਧਾਂਜਲੀਆਂ ਦੇਣ ਮੌਕੇ ਭਾਰਤੀ ਅਦਾਕਾਰ ਇਰਫ਼ਾਨ ਖ਼ਾਨ ਅਤੇ ਔਸਕਰ ਐਵਾਰਡ ਜੇਤੂ ਡਿਜ਼ਾਈਨਰ ਭਾਨੂ ਅਥੱਈਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ। ਇਸ ਦੇ ਨਾਲ ਹੀ ਅਕੈਡਮੀ ਔਫ਼ ਮੋਸ਼ਨ ਪਿਕਚਰਜ਼ ਆਰਟ ਐਂਡ ਸਾਇੰਸਜ਼ (AMPAS) ਦੀ ਵੈੱਬਸਾਈਟ ‘ਤੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ।