ਨਾ ਤੁਸੀਂ ਇੱਕ ਵੱਡੀ ਮਸ਼ੀਨ ਦੇ ਕਿਸੇ ਚੱਕੇ ਦਾ ਇੱਕ ਛੋਟੇ ਜਿਹਾ ਧੁਰੇ ਹੋ, ਅਤੇ ਨਾ ਹੀ ਤੁਸੀਂ ਕਿਸੇ ਛੋਟੇ ਤਾਲਾਬ ਦੀ ਇੱਕ ਵੱਡੀ ਮੱਛੀ ਹੋ। ਸੱਚੀ, ਆਪਣਾ ਮਹੱਤਵ ਜਤਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਗੁੰਮਰਾਹਕੁੰਨ ਅਤੇ ਬੇਕਾਰ ਹੁੰਦੀਆਂ ਹਨ। ਅਸਲ ‘ਚ ਜੇ ਦੇਖਿਆ ਜਾਵੇ, ਤੁਸੀਂ ਖ਼ੁਦ ਹੀ ਇੱਕ ਤਾਲਾਬ ਹੋ। ਅਤੇ ਤੁਸੀਂ ਮਸ਼ੀਨ ਵੀ ਆਪ ਹੋ। ਜਾਂ, ਦੂਸਰੇ ਸ਼ਬਦਾਂ ‘ਚ, ਤੁਹਾਡੀ ਅਹਿਮੀਅਤ ਉਸ ਤੋਂ ਕਿਤੇ ਜ਼ਿਆਦਾ ਹੈ ਜਿੰਨਾ ਤੁਹਾਨੂੰ ਅਹਿਸਾਸ ਹੈ। ਇਹ ਤੁਹਾਡੇ ਵਲੋਂ ਗ਼ੁਸਤਾਖ਼ ਰਵੱਈਆ ਅਪਨਾਉਣ ਦਾ ਕਾਰਨ ਹਰਗਿਜ਼ ਨਹੀਂ ਬਣਨਾ ਚਾਹੀਦਾ। ਇਹ ਨਿਰਸੰਦੇਹ ਤੁਹਾਡੇ ਵਲੋਂ ਸਵੈ-ਵਿਸ਼ਵਾਸ ਨਾਲ ਵਿਹਾਰ ਕਰਨਾ ਸ਼ੁਰੂ ਕਰਨ ਦਾ ਇੱਕ ਕਾਰਨ ਹੋਣਾ ਚਾਹੀਦੈ। ਤੁਸੀਂ ਜੋ ਵੀ ਬਚਾ ਕੇ ਆਪਣੇ ਕੋਲ ਰੱਖਣਾ ਚਾਹੁੰਦੇ ਹੋ, ਉਸ ਨੂੰ ਤੁਸੀਂ ਕਿਸੇ ਹਾਲਤ ‘ਚ ਵੀ ਗੁਆ ਨਹੀਂ ਸਕਦੇ।

ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ, Don’t try to judge a book by its cover, ਭਾਵ ਕਦੇ ਵੀ ਕਿਸੇ ਕਿਤਾਬ ਦੀ ਜਿਲਦ ਨੂੰ ਦੇਖ ਕੇ ਉਸ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਕਿਸੇ ਕਿਤਾਬ ਦੀ ਜਿਲਦ ਦੇਖ ਕੇ ਉਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਤਾਂ ਛਾਪਕ ਉਨ੍ਹਾਂ ਜਿਲਦਾਂ ਲਈ ਤਸਵੀਰਾਂ ਅਤੇ ਟਾਈਟਲ ਸਿਰਜਣ ਲਈ ਮਾਹਿਰ ਆਰਟਿਸਟਾਂ ਨੂੰ ਕੰਮ ‘ਤੇ ਕਿਉਂ ਰੱਖਦੇ ਨੇ? ਅਤੇ, ਵੈਸੇ ਵੀ, ਕਿਤਾਬ ਦਾ ਮੁੱਲ ਪਾਉਣ ਲਈ ਫ਼ਿਰ ਤੁਸੀਂ ਹੋਰ ਕਿਸ ਚੀਜ਼ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ? ਉਸ ਨੂੰ ਕਿਸ ਤਰ੍ਹਾਂ ਦੇ ਕਾਗ਼ਜ਼ ‘ਤੇ ਛਾਪਿਆ ਗਿਆ ਹੈ, ਇਹ ਦੇਖ ਕੇ? ਇੰਟਰਨੈੱਟ ‘ਤੇ ਕਿਤਾਬਾਂ ਪੜ੍ਹਨ ਲਈ ਬਣਾਏ ਗਏ ਪਲੈਟਫ਼ੌਰਮ ਕਿੰਡਲ ‘ਤੇ ਉਸ ਨੂੰ ਡਾਊਨਲੋਡ ਕਰਨ ‘ਚ ਕਿੰਨਾ ਟਾਈਮ ਲੱਗਦੈ, ਇਹ ਨੋਟ ਕਰ ਕੇ? ਤੁਹਾਡੇ ਭਾਵਨਾਤਮਕ ਜੀਵਨ ‘ਚ ਕੋਈ ਸ਼ੈਅ ਬਿਲਕੁੱਲ ਸਿੱਧੀ ਅਤੇ ਸਪੱਸ਼ਟ ਹੈ। ਉਸ ਦੇ ਕੁਛ ਹੋਰ ਪਹਿਲੂ ਵੀ ਹਨ, ਬਿਲਕੁਲ ਹਨ। ਪਰ ਜੇ ਤੁਸੀਂ ਸ਼ੁਰੂਆਤ ਉਸ ਨੂੰ ਪਛਾਣਨ ਅਤੇ ਉਸ ਦਾ ਜਵਾਬ ਦੇਣ ਨਾਲ ਕਰੋ ਜੋ ਸਪੱਸ਼ਟ ਹੈ, ਜੋ ਛੁੱਪਿਆ ਹੋਇਐ ਜਾਂ ਵਧੇਰੇ ਪੇਚੀਦੈ, ਛੇਤੀ ਹੀ ਖ਼ੁਦ ਨੂੰ ਉਜਾਗਰ ਕਰ ਦੇਵੇਗਾ।

ਅਕਸਰ, ਜਦੋਂ ਅਸੀਂ ਕਿਸੇ ਬੋਤਲ ਜਾਂ ਮਰਤਬਾਨ ਨੂੰ ਖੋਲ੍ਹ ਨਹੀਂ ਸਕਦੇ, ਅਸੀਂ ਉਸ ਨੂੰ ਆਪਣੇ ਤੋਂ ਤਾਕਤਵਰ ਦੋਸਤ ਨੂੰ ਫ਼ੜਾ ਦਿੰਦੇ ਹਾਂ। ਉਹ ਉਸ ਨੂੰ ਮਰੋੜਾ ਦਿੰਦੇ ਅਤੇ ਕਹਿੰਦੇ ਹਨ, ਮਾਣ ਨਾਲ ਜਾਂ ਥੋੜ੍ਹਾ ਜਿਹਾ ਤਨਜ਼ੀਆ ਅੰਦਾਜ਼ ‘ਚ ਵੀ, ”ਆਹ ਫ਼ੜੋ।” ਫ਼ਿਰ, ਅਸੀਂ ਜਵਾਬ ਦਿੰਦੇ ਹਾਂ, ”ਵਾਹ ਬਈ, ਪਰ ਤੂੰ ਇਸ ਨੂੰ ਖੋਲ੍ਹਣ ‘ਚ ਕਾਮਯਾਬ ਤਾਂ ਹੋ ਗਿਆ ਕਿਉਂਕਿ ਮੈਂ ਪਹਿਲਾਂ ਹੀ ਜ਼ੋਰ ਲਗਾ ਕੇ ਉਸ ਦੇ ਢੱਕਣ ਨੂੰ ਢਿੱਲਾ ਕਰ ਚੁੱਕਾ ਸਾਂ।”ਪਰ ਤੁਹਾਡੇ ਕਥਨ ‘ਚ ਸੱਚਾਈ ਦਾ ਇੱਕ ਤੱਤ ਵੀ ਮੌਜੂਦ ਹੈ। ਅਸੀਂ ਹਮੇਸ਼ਾ ਬਿਲਕੁਲ ਸਹੀ ਢੰਗ ਨਾਲ ਇਹ ਨਹੀਂ ਦੱਸ ਸਕਦੇ ਕਿ ਸਾਡੇ ਐਕਸ਼ਨਾਂ ਦਾ ਸੱਚਮੁੱਚ ਕੀ ਪ੍ਰਭਾਵ ਪੈ ਰਿਹੈ। ਸ਼ਾਇਦ ਜਦੋਂ ਅਸੀਂ ਜੱਦੋਜਹਿਦ ਕਰਦੇ ਹਾਂ ਤਾਂ ਅਸੀਂ ਢੱਕਣਾਂ ਨੂੰ ਢਿੱਲਾ ਕਰ ਦਿੰਦੇ ਹਾਂ ਜਾਂ ਸ਼ਾਇਦ ਅਸੀਂ ਹਲਕੀ ਜਿੰਨੀ ਕੋਸ਼ਿਸ਼ ਕਰ ਕੇ ਕੇਵਲ ਮਦਦ ਲਈ ਗੁਹਾਰ ਲਗਾ ਰਹੇ ਹੁੰਦੇ ਹਾਂ। ਪਰ ਇਸ ਨਾਲ ਫ਼ਰਕ ਵੀ ਕੀ ਪੈਂਦੇ, ਜਿੰਨਾ ਚਿਰ ਅਸੀਂ ਪ੍ਰਗਤੀ ਹੁੰਦੀ ਹੋਈ ਦੇਖ ਰਹੇ ਹੋਈਏ? ਤੁਸੀਂ ਵੀ ਛੇਤੀ ਪ੍ਰਗਤੀ ਦੇਖੋਗੇ।

ਤੁਸੀਂ ਹਮੇਸ਼ਾ ਇਹ ਨਹੀਂ ਚਾਹੁੰਦੇ ਕਿ ਜੋ ਤੁਹਾਡੇ ਦਿਲ ‘ਚ ਲੁਕਿਆ ਹੋਇਐ ਸਾਰੀ ਦੁਨੀਆਂ ਉਸ ਨੂੰ ਜਾਣ ਲਵੇ। ਪਰ ਫ਼ਿਰ ਵੀ ਅਕਸਰ ਤੁਸੀਂ ਆਪਣਾ ਦਿਲ ਆਪਣੀ ਬਾਂਹ ‘ਤੇ ਬੰਨ੍ਹੀ ਫ਼ਿਰਦੇ ਘੁੰਮਦੇ ਹੋ। ਕੀ ਇਸ ਦਾ ਕਾਰਨ ਇਹ ਹੈ ਕਿ ਤੁਹਾਡੇ ਪਾਸ ਦੋ ਦਿਲ ਹਨ? ਬਿਲਕੁਲ ਵੀ ਨਹੀਂ। ਪਰ ਕਈ ਵਾਰ ਤੁਸੀਂ ਦੁਬਿਧਾ ‘ਚ ਹੁੰਦੇ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਤਰ੍ਹਾਂ ਮਹਿਸੂਸ ਕਰ ਰਹੇ ਹੋ, ਇੱਕ ਪਲ ਲਈ; ਪਰ ਫ਼ਿਰ ਦੂਸਰੇ ਹੀ ਪਲ ਤੁਸੀਂ ਕੁਛ ਹੋਰ ਤਰ੍ਹਾਂ ਮਹਿਸੂਸ ਕਰਨ ਲੱਗਦੇ ਹੋ। ਇਹ ਤੁਹਾਡੀ ਬੇਨਿਯਮਗੀ ਨਹੀਂ ਸਗੋਂ ਸਿਆਣਪ ਹੈ, ਦਾਨਾਈ ਹੈ। ਅਸੀਂ, ਆਖ਼ਿਰਕਾਰ, ਇੱਕ ਅਜਿਹੇ ਸੰਸਾਰ ‘ਚ ਵਿੱਚਰਦੇ ਹਾਂ ਜਿੱਥੇ ਕੁਛ ਵੀ ਬਹੁਤੇ ਲੰਬੇ ਅਰਸੇ ਤਕ ਇੱਕੋ ਜਿਹਾ ਨਹੀਂ ਰਹਿੰਦਾ। ਆਪਣੇ ਰਾਜ਼ ਬੇਸ਼ੱਕ ਗੁਪਤ ਰੱਖੋ, ਪਰ ਕਿਸੇ ਸੰਵੇਦਨਸ਼ੀਲ ਸਥਿਤੀ ਪ੍ਰਤੀ ਆਪਣੀਆਂ ਫ਼ੌਰੀ ਭਾਵਨਾਤਮਕ ਪ੍ਰਤੀਕਿਰਿਆਵਾਂ ਨੂੰ ਦਬਾਓ ਨਾ।

ਸਾਨੂੰ ਹਮੇਸ਼ਾ ਦੱਸਿਆ ਜਾਂਦੈ ਕਿ ਸਬਰ ਇੱਕ ਗੁਣ ਹੈ। ਪਰ ਉਹ ਅਜਿਹਾ ਕਿਉਂ ਕਹਿੰਦੇ ਨੇ? ਸ਼ਾਇਦ ਇਹ ਅਜਿਹੇ ਲੋਕਾਂ ਦਾ ਇੱਕ ਪਸੰਦੀਦਾ ਹਥਕੰਡਾ ਹੈ ਜਿਹੜੇ ਹਮੇਸ਼ਾ ਧੱਕਾ-ਮੁੱਕੀ ਕਰ ਕੇ ਹਰ ਕਤਾਰ ‘ਚ ਮੂਹਰੇ ਪਹੁੰਚਣਾ ਚਾਹੁੰਦੇ ਨੇ। ਉਨ੍ਹਾਂ ਨੂੰ ਪਤਾ ਹੁੰਦੈ ਕਿ ਉਹ ਅਜਿਹਾ ਕਰਨ ‘ਚ ਓਨਾ ਚਿਰ ਹੀ ਕਾਮਯਾਬ ਰਹਿਣਗੇ ਜਿੰਨਾ ਚਿਰ ਸਾਡੇ ‘ਚੋਂ ਬਹੁਤੇ ਲੋਕ ਇਸ ਗੱਲ ਨੂੰ ਸੱਭਿਅਕ ਤਰੀਕੇ ਨਾਲ ਪਰਵਾਨ ਕਰਦੇ ਰਹਿਣਗੇ। ਅਤੇ ਜੇਕਰ ਉਪਰੋਕਤ ਕਥਨ ਤੁਹਾਨੂੰ ਮੇਰੀ ਇੱਕ ਸਾਜ਼ਿਸੀ ਚਾਲ ਲੱਗਦੀ ਹੈ ਤਾਂ ਤੁਹਾਨੂੰ ਘੱਟੋਘੱਟ ਇਸ ਖ਼ਿਆਲ ਵੱਲ ਥੋੜ੍ਹੀ ਤਵੱਜੋ ਤਾਂ ਦੇ ਲੈਣੀ ਚਾਹੀਦੀ ਹੈ ਕਿ ਸਬਰ ਕੇਵਲ ਕੁਛ ਸਮਿਆਂ ‘ਚ ਅਤੇ ਕੁਝ ਸਥਿਤੀਆਂ ਅਧੀਨ ਹੀ ਇੱਕ ਗੁਣ ਹੋ ਸਕਦੈ। ਕੁਝ ਅਜਿਹੇ ਵੇਲੇ ਹੁੰਦੇ ਨੇ ਜਦੋਂ ਇੰਤਜ਼ਾਰ ਕਰਨਾ ਬਿਲਕੁਲ ਗ਼ਲਤ ਹੁੰਦੈ। ਇਸ ਵਕਤ ਕੁਛ ਅਜਿਹਾ ਹੈ ਜਿਸ ਬਾਰੇ ਤੁਹਾਨੂੰ ਫ਼ੌਰਨ ਕਾਰਜਸ਼ੀਲ ਹੋਣ ਦੀ ਲੋੜ ਹੈ!