ਡਾਇਰੀ
ਨਿੰਦਰ ਘੁਗਿਆਣਵੀ
ਭਗਵੰਤ ਮਾਨ ਨਾਲ ਮੇਰੀ ਕੀ ਸਾਂਝ ਹੈ? ਕਦੋਂ ਦੀ ਹੈ? ਕਿੰਨੀ ਹੈ?
1997 ਦਾ ਵਰ੍ਹਾ ਸੀ। ਇੱਕ ਦਿਨ, ਮੈਂ ਜਲੰਧਰ ਰੇਡੀਓ ‘ਤੇ ਗਾਉਣ ਗਿਆ ਹੋਇਆ ਸਾਂ। ਸਾਡੇ ਘਰ ਲੈਂਡ ਲਾਈਨ ਫ਼ੋਨ ਵੀ ਨਹੀਂ ਸੀ ਲੱਗਿਆ ਓਦੋਂ। ਬਸ, ਚਿੱਠੀ ਪੱਤਰ ਰਾਹੀਂ ਹੀ ਸਭ ਪਾਸੇ ਰਾਬਤੇ ਹੁੰਦੇ ਸਨ। ਮੈਂ ਦੇਰ ਰਾਤੀਂ ਘਰੇ ਆਇਆ ਤਾਂ ਮੇਰਾ ਤਾਇਆ ਰਾਮ ਦੱਸਣ ਲੱਗਿਆ, ”ਅੱਜ ਦੁਪਹਿਰ ਵੇਲੇ ਜੱਸੋਵਾਲੀਆ ਆਇਆ ਸੀ, ਨਾਲ ਜੀਤ ਗੋਲੇਵਾਲੀਆ ਅਤੇ ਭਗਵੰਤ ਮਾਨ ਵੀ ਸਨ। ਓਹੀ ਮਾਨ ਜਿਹੜਾ TV ‘ਤੇ ਸਕਿੱਟਾਂ ‘ਚ ਆਉਂਦਾ ਹੁੰਦਾ ਐ। ਗੋਲੇਵਾਲੀਆ ਕਾਰ ‘ਚੋਂ ਉਤਰਿਆ ਤੇ ਤੇਰਾ ਉਹਨੇ ਪੁੱਛਿਆ … ਮੈਂ ਕਿਹਾ ਕਿ ਨਿੰਦਰ ਤਾਂ ਅੱਜ ਰੇਡੀਓ ‘ਤੇ ਗਾਉਣ ਗਿਆ ਵੈ ਜਲੰਧਰ ਨੂੰ। ਗੋਲੇਵਾਲੀਆ ਕਹਿੰਦਾ ਕਿ ਜਦ ਉਹ ਆਊਗਾ ਤਾਂ ਦੱਸ ਦਿਓ ਕਿ ਭਗਵੰਤ ਮਾਨ ਤੇ ਜੱਸੋਵਾਲ ਸਾਹਬ ਉਹਨੂੰ ਲੈਣ ਆਏ ਸਨ।”
ਤਾਏ ਰਾਮ ਨੇ ਕਾਰ ‘ਚ ਬੈਠੇ ਜੱਸੋਵਾਲ ਅਤੇ ਭਗਵੰਤ ਮਾਨ ਪਛਾਣ ਲਏ ਸਨ। ਤਾਇਆ ਜਲੰਧਰ ਵਿੱਚ TV ਦਾ ਕੋਈ ਪ੍ਰੋਗਰਾਮ ਵੇਖਣੋਂ ਨਹੀਂ ਸੀ ਛਡਦਾ, ਸਾਰੇ ਪ੍ਰੋਗਰਾਮ ਵੇਂਹਦਾ ਸੀ ਖ਼ਾਸ ਕਰਕੇ ਮੇਰਾ ਪਿੰਡ ਮੇਰੇ ਖੇਤ। ਮੇਰੇ ਘਰ ਨਾ ਮਿਲਣ ਕਰ ਕੇ, ਮੈਂ ਜੱਸੋਵਾਲ ਜੀ ਨੂੰ ਪੀਲੇ ਰੰਗਾ ਪੋਸਟ ਕਾਰਡ ਲਿਖਕੇ ਮਾਫ਼ੀ ਮੰਗੀ। ਭਗਵੰਤ ਮਾਨ ਦਾ ਮੇਰੇ ਕੋਲ ਸਿਰਨਾਵਾਂ ਹੀ ਨਹੀਂ ਸੀ, ਪਰ ਮੈਨੂੰ ਖ਼ੁਸ਼ੀ ਸੀ ਕਿ ਜੱਸੋਵਾਲ ਮੈਨੂੰ ਲੱਭਣ ਆਇਆ ਅਤੇ ਨਾਲ ਉਹਦੇ ਭਗਵੰਤ ਮਾਨ ਵੀ ਸੀ।
****
ਸੰਨ 1999 ਆ ਗਿਆ। ਮੈਂ ਇੱਕ ਪੁਸਤਕ ਲਿਖ ਰਿਹਾ ਸਾਂ ਪੰਜਾਬ ਦੇ ਵੱਖ ਵੱਖ ਖੇਤਰਾਂ ‘ਚ ਮਸ਼ਹੂਰ ਹੋਏ ਮਾਨਾਂ ਬਾਰੇ। ਬਾਬੂ ਸਿੰਘ ਮਾਨ ਮਰਾੜਾਂ ਵਾਲਾ ਆਖਣ ਲੱਗਾ ਕਿ ਭਗਵੰਤ ਨੂੰ ਵੀ ਮਿਲ ਆ, ਮੈਂ ਫ਼ੋਨ ਕਰਦਾਂ ਉਹਨੂੰ ਤੇਰੇ ਬਾਰੇ। ਮਾਨ ਸਾਹਿਬ ਨੇ ਘਰ ਵਾਲੇ ਫ਼ੋਨ ਤੋਂ ਫ਼ੋਨ ਮਿਲਾਇਆ, ਨਹੀਂ ਮਿਲਿਆ। ਮੈਂ ਆਥਣੇ ਮਰਾੜਾਂ ਤੋਂ ਘੁਗਿਆਣੇ ਮੁੜ ਆਇਆ। ਕਿਤਾਬ ‘ਚ ਭਗਵੰਤ ਮਾਨ ਬਾਰੇ ਲਿਖਣਾ ਤਾਂ ਬਣਦਾ ਹੀ ਸੀ। ਉਹਦਾ ਪਟਿਆਲੇ ਵਾਲਾ ਐਡਰੈੱਸ ਲੱਭਿਆ। ਸ਼ਾਇਦ ਅਫ਼ਸਰ ਕਲੋਨੀ ਸੀ, ਅਤੇ ਇਹ ਓਦੋਂ ਹਾਲੇ ਨਵੀਂ ਨਵੀਂ ਹੀ ਵੱਸੀ ਸੀ। ਮੈਂ ਚਿੱਠੀ ਲਿਖੀ ਕਿ ਭਗਵੰਤ ‘ਬਾਈ ਜੀ, ਮੈਂ ਆਪ ਦੀ ਇੰਟਰਵਿਊ ਕਰਨੀ ਆਂ ਕਿਤਾਬ ਵਾਸਤੇ। ‘ ਮੈਨੂੰ ਕੋਈ ਜੁਆਬ ਨਾ ਆਇਆ। ਲੈਂਡ ਲਾਈਨ, ਫ਼ੋਨ ਜੋ ਬਾਬੂ ਸਿੰਘ ਮਾਨ ਨੇ ਲਿਖਵਾਇਆ ਸੀ, ਉਹ ਮਿਲਾਇਆ ਤਾਂ ਭਗਵੰਤ ਦੇ ਪਿਤਾ ਜੀ ਨੇ ਉਠਾਇਆ। ਉਹ ਪੁੱਛਦੇ, ”ਕੌਣ ਬੋਲਦੈ? ”ਮੈਂ ਆਪਣਾ ਨਾਂ ਦੱਸਿਆ ਤਾਂ ਉਹ ਬੋਲੇ, ”ਹੱਛਾ ਹੱਛਾ, ਨਿੰਦਰ ਸਿੰਆਂ, ਮੈਂ ਤੇਰੇ ਲੇਖ ਪੰਜਾਬੀ ਟ੍ਰਿਬਿਊਨ ‘ਚ ਪੜਦਾ ਹੁੰਨਾਂ, ਤੂੰ ਐਂ ਕਰੀਂ ਸ਼ੇਰਾ, ਰਾਤ ਨੂੰ ਫ਼ੋਨ ਕਰੀਂ ਜਦ ਨੂੰ ਭਗਵੰਤ ਘਰੇ ਈ ਹੋਊ ਤੇ ਤੇਰੇ ਨਾਲ ਗੱਲ ਵੀ ਹੋਜੂ, ਅੱਜ ਭਵਾਨੀਗੜ੍ਹ ਵੰਨੀ ਗਿਆ ਐ, ਕੋਈ ਬਾਹਰੋਂ ਪ੍ਰਮੋਟਰ ਆਇਆ ਸੀ, ਉਹਨੂੰ ਮਿਲਣਾ ਸੀ ਉਹਨੇ।”
ਇੱਕ ਦਿਨ ਫ਼ਿਰ ਫ਼ੋਨ ਲਾਇਆ। ਭਗਵੰਤ ਮਾਨ ਨਹੀਂ ਮਿਲਿਆ। ਉਹ ਦਿੱਲੀ ਗਿਆ ਹੋਇਆ ਸੀ ਤੇ ਭਗਵੰਤ ਦੇ ਪਿਤਾ ਜੀ ਆਖਣ ਲੱਗੇ, ”ਨਿੰਦਰ ਯਾਰ, ਤੂੰ ਆਵਦਾ ਨੰਬਰ ਲਿਖਵਾ, ਮੈਂ ਤੇਰੀ ਗੱਲ ਕਰਵਾਊਂ ਭਗਵੰਤ ਨਾਲ।”ਮੈਂ ਨੰਬਰ ਲਿਖਵਾਂਦਿਆਂ ਆਖਿਆ, ”ਅੰਕਲ ਜੀ, ਮੈਂ ਜਲੰਧਰ ਰਾਜੂ ਠਾਕੁਰ ਦੇ PCO ਤੋਂ ਬੋਲਦਾਂ ਅਤੇ ਆਥਣੇ ਦੋ ਘੰਟੇ ਏਥੇ ਈ ਬਹਿੰਨਾਂ, ਜਦ ਤੁਸੀਂ ਗਲ ਕਰਵਾਓਗੇ, ਜੇ ਮੈਂ ਨਾ ਹੋਇਆ ਫ਼ੇਰ? ”ਉਹ ਹੱਸੇ ਅਤੇ ਬੋਲੇ, ”ਫ਼ੇਰ ਸਮਝੀਂ ਫ਼ਾਇਰ ਫ਼ੋਕਾ ਗਿਆ। ਸੋ ਮੈਂ ਮਾਸਟਰ ਮਹਿੰਦਰ ਸਿੰਘ ਦਾ ਕਾਇਲ ਹੋ ਗਿਆ। ਅਤੇ ਆਖ਼ਿਰ ਇੱਕ ਦਿਨ ਪਟਿਆਲੇ ਅਫ਼ਸਰ ਕਲੋਨੀ ਭਗਵੰਤ ਮਾਨ ਦੇ ਘਰ ਜਾ ਪੁੱਜਾ ਮੈਂ। ਧੁੰਦਲਾ ਜਿਹ ਚੇਤਾ ਹੈ, ਮੇਰੇ ਕੋਲ ਕੈਮਰਾ ਵੀ ਨਹੀਂ ਸੀ। ਫ਼ੋਨ ਤਾਂ ਕਿਥੋਂ ਹੋਣਾ ਸੀ? ਬਸ, ਪੈਨ ਤੇ ਕਾਪੀ ਸਨ। ਭਗਵੰਤ ਨੇ ਗੱਲਾਂ ਸੁਣਾਈਆਂ ਅਤੇ ਮੈਂ ਨੋਟ ਕਰੀ ਗਿਆ। ਦੁਪਹਿਰ ਹੋ ਗਈ ਸੀ, ਉਹ ਆਖਣ ਲੱਗਾ ਕਿ ਦੋ-ਦੋ ਫ਼ੁਲਕੇ ਖਾਨੇ ਆਂ ਆਪਾਂ। ਅਸਾਂ ਅੰਨ ਪਾਣੀ ਵੀ ਛਕਿਆ। ਉਹਨੇ ਆਖਿਆ, ”ਨਿੰਦਰ, ਜਦ ਇਹ ਕਿਤਾਬ ਛਪ ਜਾਏ ਤਾਂ ਇਹਦੀਆਂ ਤੀਹ ਕਾਪੀਆਂ ਮੇਰੇ ਐਡਰੈੱਸ ‘ਤੇ ਭੇਜ ਦੇਣੀਆਂ, ਪਤੰਦਰਾ, ਤੂੰ ਐਡਾ ਕੰਮ ਕੀਤਾ ਐ ਯਾਰ, ਸਾਰੇ ਮਾਨ ਖੇਰੂੰ ਖੇਰੂੰ ਹੋਏ ਪਏ ਐ ਤੇ ਤੂੰ ਇੱਕ ਕਿਤਾਬ ‘ਚ ਕੱਠੇ ਕਰਤੇ। ਏਹ ਤਾਂ ਰੱਬ ਦੇ ਕਹੇ ‘ਤੇ ਵੀ ਨਹੀਂ ਕੱਠੇ ਹੁੰਦੇ, ਸਾਬਾਸ਼ ਐ ਛੋਟੇ ਵੀਰ ਤੈਨੂੰ।”
****
ਉਹ ਕਿਤਾਬ ਵਿਸ਼ਵ ਭਾਰਤੀ ਪਰਕਾਸ਼ਨ ਵਾਲੇ ਮੇਘ ਰਾਜ ਮਿੱਤਰ ਨੇ 2001 ‘ਚ ਛਾਪੀ। ਭਗਵੰਤ ਮਾਨ ਬਾਰੇ ਉਸ ਕਿਤਾਬ ਇੱਕ ਲੰਬਾ ਲੇਖ ਲਿਖਿਆ ਅਤੇ ਉਹਦਾ ਸਿਰਲੇਖ ਰਖਿਆ ਸੀ, ਹਾਸ ਕਲਾ ਦਾ ਬਾਦਸ਼ਾਹ। ਮੇਘ ਰਾਜ ਜੀ ਨੇ ਕਿਤਾਬਾਂ ਭਗਵੰਤ ਮਾਨ ਦੇ ਪਟਿਆਲੇ ਵਾਲੇ ਘਰ ਭੇਜ ਦਿੱਤੀਆਂ। ਮੇਘ ਰਾਜ ਮਿਤਰ ਦੀਆਂ ਤਰਕਸ਼ੀਲਤਾ ਬਾਰੇ ਲਿਖੀਆਂ ਕਿਤਾਬਾਂ ਮਾਸਟਰ ਮਹਿੰਦਰ ਸਿੰਘ ਇਸ ਕਰ ਕੇ ਪੜਦੇ ਹੁੰਦੇ ਸਨ ਕਿਉਂਕਿ ਉਹ ਆਪ ਇੱਕ ਸਾਇੰਸ ਮਾਸਟਰ ਸਨ। ਉਨਾਂ ਨੇ ਭਗਵੰਤ ਨੂੰ ਵੀ ਸਾਇੰਸ ਦੀਆਂ ਅਤੇ ਤਰਕਸ਼ੀਲਤਾ ਦੀਆਂ ਕਿਤਾਬਾਂ ਨਾਲ ਜੋੜ ਦਿਤਾ ਹੋਇਆ ਸੀ। ਬਾਬੂ ਸਿੰਘ ਮਾਨ ਦੀ ਭਤੀਜੀ ਦਾ ਵਿਆਹ ਸੀ। ਮਰਾੜਾਂ ਨੇੜੇ ਸਾਧਾਂ ਵਾਲੇ ਇੱਕ ਵੱਡਾ ਪ੍ਰੋਗਰਾਮ ਹੋਇਆ। ਹਰਭਜਨ ਮਾਨ, ਬੱਬੂ ਮਾਨ, ਗੁਰਸੇਵਕ ਮਾਨ ਅਤੇ ਭਗਵੰਤ ਮਾਨ ਵੀ ਆਏ ਹੋਏ ਸਨ। ਮੈਂ ਸਟੇਜ ਸੈਕਟਰੀ ਸੀ। ਭਗਵੰਤ ਬੜੇ ਮੋਹ ਤਿਹੁ ਨਾਲ ਮਿਲਿਆ।
(ਬਾਕੀ ਅਗਲੇ ਹਫ਼ਤੇ)
91-94174-21700