ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਪੱਕੇ ਤੌਰ ‘ਤੇ ਕੁਛ ਵੀ ਨਹੀਂ ਕਹਿ ਸਕਦੇ। ਅਤੇ ਇੱਕ ਚੀਜ਼ ਜਿਸ ਬਾਰੇ ਅਸੀਂ ਸਾਰੇ ਹੀ ਪੂਰੀ ਨਿਸ਼ਚਿਤਤਾ ਨਾਲ ਕੁਝ ਕਹਿ ਸਕਦੇ ਹਾਂ, ਉਹ ਇਹ ਹੈ ਕਿ ਅਨਿਸ਼ਚਿਤ ਹੋਣਾ ਤੁਹਾਨੂੰ ਫ਼ਬਦਾ ਨਹੀਂ! ਪਰ ਇਹ ਤੁਹਾਡੇ ਵਲੋਂ ਨਤੀਜੇ ਕੱਢਣ ਅਤੇ ਫ਼ੈਸਲੇ ਲੈਣ ਦੀ ਕਾਹਲ ਦਿਖਾਉਣ ਦਾ ਕਾਰਨ ਨਹੀਂ ਬਣਨਾ ਚਾਹੀਦਾ। ਸਹੀ ਅਨਿਸ਼ਚਿਤਤਾ ਗ਼ਲਤ ਸਪੱਸ਼ਟਤਾ ਨਾਲੋਂ ਹਮੇਸ਼ਾ ਬਿਹਤਰ ਹੁੰਦੀ ਹੈ। ਗ਼ਲਤਬਿਆਨੀ ਨਾਲੋਂ ਗ਼ਲਤਫ਼ਹਿਮੀ ਬਿਹਤਰ। ਦਰਵਾਜ਼ੇ ਪੂਰੀ ਤਰ੍ਹਾਂ ਭੇੜਨ ਨਾਲੋਂ ਲਲਚਾਊ ਸੰਭਾਵਨਾ ਕਾਇਮ ਰੱਖਣਾ ਬਿਹਤਰ! ਬੇਸ਼ੱਕ ਹਾਲ ਦੀ ਘੜੀ ਹੀ ਸਹੀ, ਤੁਸੀਂ ਇੱਕ ਬਹੁਤ ਹੀ ਸਾਕਾਰਾਤਮਕ ਭਾਵਨਾਤਮਕ ਪ੍ਰਕਿਰਿਆ ਰਾਹੀਂ ਗੁਜ਼ਰ ਰਹੇ ਹੋ। ਜੋ ਤੁਸੀਂ ਮਹਿਸੂਸ ਅਤੇ ਆਹਿਸਤਾ-ਆਹਿਸਤਾ ਸਿੱਖਣਾ ਸ਼ੁਰੂ ਕੀਤਾ ਹੈ, ਉਸ ਤੋਂ ਬਿਲਕੁਲ ਵੀ ਡਰੋ ਨਾ।

ਬਹੁਤੇ ਕਾਰਜ ਬਹੁਤੇ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੇ। ਉਹ ਔਖੇ ਕੇਵਲ ਤਾਂ ਹੀ ਲੱਗਦੇ ਨੇ ਜੇਕਰ ਅਸੀਂ ਉਨ੍ਹਾਂ ਨੂੰ ਪਹਿਲਾਂ ਕਦੇ ਕੀਤਾ ਨਾ ਹੋਵੇ। ਇਸੇ ਕਾਰਨ ਤਾਂ ਸਾਡਾ ਸੰਸਾਰ ਮਾਹਿਰਾਂ ਨਾਲ ਭਰਿਆ ਪਿਐ। ਉਹ ਲੋਕ ਉਨ੍ਹਾਂ ਕੰਮਾਂ ‘ਚ ਹੌਲੀ-ਹੌਲੀ ਬਿਹਤਰ ਹੁੰਦੇ ਜਾਂਦੇ ਨੇ ਜਿਹੜੇ ਸਾਨੂੰ ਕਰਨੇ ਨਹੀਂ ਆਉਂਦੇ। ਫ਼ਿਰ ਉਹ ਆਪਣੇ ਵਲੋਂ ਦਿੱਤੀ ਗਈ ਮਦਦ ਲਈ ਸਾਡੇ ਤੋਂ ਬਹੁਤ ਜ਼ਿਆਦਾ ਫ਼ੀਸ ਵਸੂਲ ਲੈਂਦੇ ਨੇ। ਇਸ ਸੰਸਾਰ ਦਾ ਕੋਈ ਵੀ ਮਾਹਿਰ, ਪਰ, ਇਸ ਵਕਤ ਇੱਕ ਖ਼ਾਸ ਸਥਿਤੀ ਬਾਰੇ ਓਨਾ ਨਹੀਂ ਜਾਣਦਾ ਜਿੰਨਾ ਤੁਸੀਂ ਜਾਣਦੇ ਹੋ। ਅਤੇ ਕੋਈ ਵੀ ਮਾਹਿਰ ਇੱਕ ਖ਼ਾਸ ਵਿਅਕਤੀ ਉੱਪਰ ਓਨੀ ਮੁਹਾਰਤ ਨਹੀਂ ਰੱਖਦਾ ਜਿੰਨੀ ਤੁਸੀਂ ਰੱਖਦੇ ਹੋ! ਸੋ ਖ਼ੁਦ ਨਾਲ ਸਲਾਹ ਕਰੋ, ਅਤੇ ਆਪਣੇ ਆਪ ਨੂੰ ਕੋਈ ਚੰਗਾ ਮਸ਼ਵਰਾ ਦਿਓ। ਤੁਹਾਨੂੰ ਉਹ ਸਭ ਕੁਝ ਪਹਿਲਾਂ ਤੋਂ ਹੀ ਪਤੈ ਜੋ ਪਤਾ ਹੋਣਾ ਚਾਹੀਦਾ ਸੀ!

ਤੁਸੀਂ ਸੱਚਮੁੱਚ ਕਿਸ ਸ਼ੈਅ ਦੀ ਭਾਲ ‘ਚ ਹੋ? ਕੀ ਤੁਸੀਂ ਵਾਕਈ ਇਹ ਤਵੱਕੋ ਕਰਦੇ ਹੋ ਕਿ ਉਹ ਤੁਹਾਨੂੰ ਕਦੇ ਲੱਭੇਗੀ? ਸਾਡੇ ‘ਚੋਂ ਕਈ, ਅਕਸਰ ਇਹ ਦੇਖਣ ‘ਚ ਆਇਐ, ਸਿਰਫ਼ ਲੱਭਣ ਦਾ ਤਜਰਬਾ ਹਾਸਿਲ ਕਰਨਾ ਚਾਹੁੰਦੇ ਨੇ। ਉਨ੍ਹਾਂ ਲਈ ਕਿਸੇ ਚੀਜ਼ ਨੂੰ ਢੂੰਡਣ ਦੀ ਕੋਸ਼ਿਸ਼ ਕਰਨਾ, ਉਸ ਸ਼ੈਅ ਨੂੰ ਲੱਭ ਲੈਣ ਨਾਲੋਂ ਵਧੇਰੇ ਸੰਤੁਸ਼ਟੀਜਨਕ ਹੁੰਦੈ। ਇਸੇ ਕਾਰਨ, ਕਈ ਵਾਰ, ਜਿਹੜੇ ਲੋਕ ਆਪਣੇ ਸਾਰੇ ਉੱਦਮਾਂ ‘ਚ ਸਫ਼ਲ ਹੋ ਚੁੱਕੇ ਹੁੰਦੇ ਹਨ, ਉਨ੍ਹਾਂ ਨਾਲੋਂ ਵਧੇਰੇ ਮਾਯੂਸ ਮਹਿਸੂਸ ਕਰਦੇ ਨੇ ਜਿਹੜੇ ਸਦਾ ਕੇਵਲ ਸਫ਼ਲਤਾ ਦੀ ਕਗਾਰ ‘ਤੇ ਖੜ੍ਹੇ ਰਹਿੰਦੇ ਹਨ। ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਕਿਸੇ ਮਸਲੇ ਨੂੰ ਹਲ ਕਰਨਾ ਚਾਹ ਰਹੇ ਹੋ। ਸਿਰਫ਼ ਇਸ ਗੱਲ ਦਾ ਧਿਆਨ ਰੱਖਿਆ ਜੇ ਕਿ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਿਤੇ ਉਸ ਨੂੰ ਸੱਚਮੁੱਚ ਹੱਲ ਕਰਨ ਨਾਲੋਂ ਵੱਧ ਸੁਆਦੀ ਨਾ ਲੱਗਣ ਲੱਗੇ!

ਤੁਸੀਂ ਕੋਈ ਚੀਜ਼ ਕਰਨੀ ਸ਼ੁਰੂ ਕਰ ਚੁੱਕੇ ਹੋ। ਸੱਚੀ, ਹੁਣ ਤੁਹਾਨੂੰ ਉਸ ਨੂੰ ਨੇਪਰੇ ਚਾੜ੍ਹਨਾ ਹੀ ਪੈਣੈ। ਪਰ ਕਿਸੇ ਨਾ ਕਿਸੇ ਕਾਰਨ ਤੁਹਾਡੀ ਸ਼ੁਰੁਆਤੀ ਪ੍ਰੇਰਨਾ ਤੁਹਾਡਾ ਸਾਥ ਛੱਡ ਚੁੱਕੀ ਲੱਗਦੀ ਹੈ। ਤੁਸੀਂ ਹੁਣ ਉਸ ਚੀਜ਼ ਬਾਰੇ ਓਨੇ ਵਿਸ਼ਵਾਸ ਨਾਲ ਕੁਝ ਨਹੀਂ ਕਹਿ ਸਕਦੇ ਜਿਸ ਬਾਰੇ ਤੁਸੀਂ ਕਦੇ ਬਹੁਤ ਜ਼ਿਆਦਾ ਨਿਸ਼ਚਿਤ ਸੀ। ਪਰ ਫ਼ਿਰ, ਤੁਹਾਨੂੰ ਖ਼ੁਦ ਨੂੰ ਇਹ ਪੁੱਛਣਾ ਪੈਣੈ ਕਿ ਕੀ ਤੁਸੀਂ ਆਪਣੀ ਅਨਿਸ਼ਚਿਤਤਾ ਬਾਰੇ ਪੂਰੀ ਤਰ੍ਹਾਂ ਨਿਸ਼ਚਿਤ ਹੋ। ਸ਼ਾਇਦ ਤੁਸੀਂ ਵੀ ਉਸੇ ਪ੍ਰਕਿਰਿਆ ਥਾਣੀਂ ਲੰਘ ਰਹੇ ਹੋ ਜਿਸ ‘ਚੋਂ ਗੁਜ਼ਰਣ ਦਾ ਤਜਰਬਾ ਲੋਕ ਓਦੋਂ ਹਾਸਿਲ ਕਰਦੇ ਨੇ ਜਦੋਂ ਉਹ ਆਪਣੀਆਂ ਸਭ ਤੋਂ ਸ਼ਕਤੀਸ਼ਾਲੀ ਭਾਵਨਾਤਮਕ ਵਚਨਬਧਤਾਵਾਂ ਦੇ ਨਾਲ ਸਿਆਣੇ ਅਤੇ ਪਰਿਪੱਕ ਹੁੰਦੇ ਜਾਂਦੇ ਨੇ। ਜੇ ਤੁਸੀਂ ਕੇਵਲ ਆਪਣੀ ਅਭਿਲਾਸ਼ਾ ਨੂੰ ਇੱਕ ਮਕਸਦ ‘ਚ ਬਦਲ ਰਹੇ ਹੋ ਤਾਂ, ਅੰਤ ਨੂੰ, ਇਹ ਤਬਦੀਲੀ ਤੁਹਾਡਾ ਭਲਾ ਹੀ ਕਰ ਸਕਦੀ ਹੈ।

ਆਖ਼ਿਰ ‘ਚ, ਸਾਰੇ ਮਨੁੱਖ ਸੰਭਾਵੀ ਤੌਰ ‘ਤੇ ਇੱਕ-ਦੂਜੇ ਦੇ ਮੁਆਫ਼ਿਕ ਹੀ ਹੁੰਦੇ ਨੇ। ਜੇਕਰ ਕੋਈ ਦੋ ਵਿਅਕਤੀ ਕੋਸ਼ਿਸ਼ ਕਰਨ ਲਈ ਤਿਆਰ ਹੋਣ ਤਾਂ ਕੱਟੜ ਤੋਂ ਕੱਟੜ ਵਿਰੋਧੀ ਵੀ ਕਿਸੇ ਸਾਂਝੀ ਸਹਿਮਤੀ ‘ਤੇ ਅੱਪੜ ਸਕਦੇ ਨੇ। ਇੱਥੋ ਤਕ ਕਿ ਉਹ ਇੱਕ-ਦੂਸਰੇ ਪ੍ਰਤੀ ਡੂੰਘਾ ਸਨਮਾਨ ਅਤੇ ਪਿਆਰ ਵੀ ਪੈਦਾ ਕਰ ਸਕਦੇ ਹਨ। ਇੰਨਾ ਕਹਿਣ ਦੇ ਬਾਵਜੂਦ, ਕੁਛ ਲੋਕਾਂ ਨਾਲ ਨਿਰਬਾਹ ਕਰਨਾ ਕੁਝ ਦੂਸਰੇ ਲੋਕਾਂ ਨਾਲ ਨਿਪਟਣ ਤੋਂ ਵਧੇਰੇ ਸੌਖਾ ਹੁੰਦੈ। ਇਹ ਕੇਵਲ ਰੋਮੈਂਟਿਕ ਰਿਸ਼ਤੇ ਹੀ ਨਹੀਂ ਜਿਹੜੇ ਖ਼ਾਸ ਤਵੱਜੋ ਦੇ ਅਧਿਕਾਰੀ ਹੁੰਦੇ ਹਨ। ਤੁਹਾਡੀਆਂ ਸਾਰੀਆਂ ਕਰੀਬੀ ਸ਼ਮੂਲੀਅਤਾਂ ਡੂੰਘੀਆਂ ਕੀਤੀਆਂ ਅਤੇ ਸੁਧਾਰੀਆਂ ਜਾ ਸਕਦੀਆਂ ਹਨ। ਸਿਰਫ਼ ਸੰਵੇਦਨਸ਼ੀਲ ਬਣੇ ਰਹਿਣਾ, ਧਿਆਨ ਨਾਲ ਸੁਣਨਾ ਅਤੇ ਸਾਵਧਾਨੀ ਨਾਲ ਬੋਲਣਾ ਜ਼ਰੂਰ ਚੇਤੇ ਰੱਖਿਓ।