ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀ ਲੰਕਾ ਖ਼ਿਲਾਫ਼ ਦੋ ਮੈਚਾਂ ਦੀ ਟੈੱਸਟ ਸੀਰੀਜ਼ ਨੂੰ ਸ਼ਾਨਦਾਰ ਢੰਗ ਨਾਲ ਖੇਡ ਕੇ ਜਿੱਤ ਲਿਆ ਸੀ। ਟੀਮ ਇੰਡੀਆ ਨੇ ਦੋਵਾਂ ਮੁਕਾਬਲਿਆਂ ਨੂੰ ਸਿਰਫ਼ ਤਿੰਨ ਦਿਨਾਂ ‘ਚ ਜਿੱਤ ਕੇ ਸ਼੍ਰੀ ਲੰਕਾ ਨੂੰ ਕਲੀਨ ਸਵੀਪ ਕਰ ਦਿੱਤਾ। ਇਸ ਸੀਰੀਜ਼ ਦੌਰਾਨ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਉਸ ਨੂੰ ਪਲੇਅਰ ਔਫ਼ ਦਾ ਸੀਰੀਜ਼ ਚੁਣਿਆ ਗਿਆ। ਪਹਿਲੇ ਮੈਚ ‘ਚ ਉਸ ਨੇ 97 ਗੇਂਦਾਂ ‘ਚ 96 ਦੌੜਾਂ ਬਣਾਈਆਂ ਸਨ ਜਦੋਂ ਕਿ ਦੂਜੇ ਮੈਚ ‘ਚ ਉਸ ਨੇ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ।
ਮੈਨ ਔਫ਼ ਦਾ ਸੀਰੀਜ਼ ਚੁਣੇ ਗਏ ਰਿਸ਼ਭ ਪੰਤ ਬਾਰੇ ਰੋਹਿਤ ਸ਼ਰਮਾ ਨੇ ਕਿਹਾ, ”ਅਸੀਂ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਬੱਲੇਬਾਜ਼ੀ ਕਰਦਾ ਹੈ ਅਤੇ ਇੱਕ ਟੀਮ ਦੇ ਰੂਪ ‘ਚ ਅਸੀਂ ਉਸ ਨੂੰ ਆਪਣੀ ਕੁਦਰਤੀ ਖੇਡ ਖੇਡਣ ਦੀ ਆਜ਼ਾਦੀ ਦੇਣੀ ਚਾਹੁੰਦੇ ਹਾਂ, ਪਰ ਉਸ ਨੂੰ ਕਿਹਾ ਗਿਆ ਹੈ ਕਿ ਮੈਚ ਦੀ ਸਥਿਤੀ ਅਤੇ ਪਿੱਚ ਨੂੰ ਵੀ ਧਿਆਨ ‘ਚ ਰੱਖਿਆ ਕਰੇ। ਉਹ ਬਿਹਤਰ ਹੁੰਦਾ ਜਾ ਰਿਹਾ ਹੈ।”
ਪੰਤ ਨੇ ਮੋਹਾਲੀ ‘ਚ ਖੇਡੇ ਗਏ ਪਹਿਲੇ ਟੈੱਸਟ ਮੈਚ ਦੀ ਪਹਿਲੀ ਪਾਰੀ ‘ਚ ਸ਼੍ਰੀ ਲੰਕਾ ਖ਼ਿਲਾਫ਼ 97 ਗੇਂਦਾਂ ‘ਚ 96 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ। ਉੱਥੇ ਹੀ ਬੈਂਗਲੁਰੂ ‘ਚ ਉਸ ਨੇ ਸਿਰਫ਼ 31 ਗੇਂਦਾਂ ‘ਚ 50 ਦੌੜਾਂ ਦੀ ਪਾਰੀ ਖੇਡ ਕੇ ਰਿਕਾਰਡ ਬਣਾਇਆ। ਟੈੱਸਟ ‘ਚ 28 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਲਈ ਟੈੱਸਟ ਕ੍ਰਿਕਟ ‘ਚ ਅਜਿਹਾ ਕਰਨ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ।