ਮੈਂ ਗ਼ਲਤੀਆਂ ਕੀਤੀਆਂ ਪਰ ਹੁਣ ਬਿਹਤਰ ਹੋ ਰਿਹਾਂ – ਪੰਤ
ਬੈਂਗਲੁਰੂ: ਸ਼੍ਰੀ ਲੰਕਾ ਖ਼ਿਲਾਫ਼ ਭਾਰਤ ਦੀ 2-0 ਦੀ ਜਿੱਤ ‘ਚ ਪਲੇਅਰ ਔਫ਼ ਦਾ ਸੀਰੀਜ਼ ਬਣੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਮੈਚ ਤੋਂ ਬਾਅਦ ਕਿਹਾ ਕਿ ਉਸ ਨੂੰ ਵਿਕਟਕੀਪਿੰਗ ਅਤੇ ਬੱਲੇਬਾਜ਼ੀ ਦੋਹਾਂ ‘ਚ ਮਜ਼ਾ ਆਉਂਦਾਹੈ। ਪੰਤ ਨੇ ਕਿਹਾ, ”ਮੈਂ ਪਹਿਲਾਂ ਕੁੱਝ ਗ਼ਲਤੀਆਂ ਕੀਤੀਆਂ ਸਨ, ਪਰ ਮੈਂ ਹੁਣ ਬਿਹਤਰ ਹੋ ਰਿਹਾਂ। ਵਿਕਟ ਬੱਲੇਬਾਜ਼ੀ ਲਈ ਮੁਸ਼ਕਲ ਸੀ ਇਸ ਲਈ ਮੈਂ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।”
ਪੰਤ ਨੇ ਅੱਗੇ ਕਿਹਾ, ”ਟੀਮ ਪ੍ਰਬੰਧਨ ਜੋ ਵੀ ਚਾਹੇਗੀ, ਮੈਂ ਉਸ ਸਥਾਨ ‘ਤੇ ਬੱਲੇਬਾਜ਼ੀ ਕਰਾਂਗਾ। ਆਤਮਵਿਸ਼ਵਾਸ ਬਹੁਤ ਅਹਿਮ ਹੈ। ਮੈਂ ਪਹਿਲਾਂ ਇਹ ਸੋਚਦਾ ਸੀ ਕਿ ਗੇਂਦ ਮੈਥੋ ਖੁੰਝ ਜਾਵੇਗੀ। ਹੁਣ ਮੈਂ ਆਤਮਵਿਸ਼ਵਾਸ ਨਾਲ ਭਰਿਆ ਹਾਂ ਤੇ ਉਹ ਮੈਦਾਨ ‘ਤੇ ਸਾਫ਼ ਦਿਸਦਾ ਹੈ। ਮੈਂ ਅੱਗੇ ਵੀ ਟੀਮ ਦੇ ਪ੍ਰਦਰਸ਼ਨ ‘ਚ ਯੋਗਦਾਨ ਦੇਣ ਦੀ ਕੋਸ਼ਿਸ਼ ਕਰਾਂਗਾ।
ਜ਼ਿਕਰਯੋਗ ਹੈ ਕਿ ਸ਼੍ਰੀ ਲੰਕਾ ਖ਼ਿਲਾਫ਼ ਦੂਜੀ ਪਾਰੀ ‘ਚ ਰਿਸ਼ਭ ਪੰਤ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਲਾਇਆ। ਪੰਤ ਸਿਰਫ਼ 28 ਗੇਂਦਾਂ ‘ਤੇ ਅਰਧ ਸੈਂਕੜਾ ਲਾ ਦਿੱਤਾ। ਇਹ ਭਾਰਤ ਲਈ ਟੈੱਸਟ ਕ੍ਰਿਕਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਪੰਤ ਤੋਂ 40 ਸਾਲ ਪਹਿਲਾਂ ਭਾਰਤ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਕਪਿਲ ਦੇਵ ਦੇ ਨਾਂ ਸੀ।