ਮੈਲਬਰਨ: ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਹੁਣ ਕੌਮੈਂਟੇਟਰ ਇਐਨ ਚੈਪਲ ਦਾ ਮੰਨਣਾ ਹੈ ਕਿ ਟੈੱਸਟ ਕ੍ਰਿਕਟ ਗੰਭੀਰ ਰੂਪ ਨਾਲ ਚੁਣੌਤੀਪੂਰਨ ਫ਼ੌਰਮੈਟ ਹੈ ਅਤੇ ਇਸ ਖੇਡ ਨੂੰ ਖ਼ੁਸ਼ਹਾਲ ਬਣਾਉਣ ਲਈ ਗੰਭੀਰ ਸਲਾਹ-ਮਸ਼ਵਰੇ ਦੀ ਲੋੜ ਹੈ। ਪੰਜ ਦਿਨਾਂ ਦੇ ਟੈੱਸਟ ਲਈ ਪਹਿਲੀ ਪਾਰੀ ‘ਚ ਵਿਸ਼ਾਲ ਸਕੋਰ, ਖ਼ਰਾਬ ਵਿਕਟ ਜਾਂ ਫ਼ਿਰ ਹੱਦ ਤੋਂ ਜ਼ਿਆਦਾ ਇਕਪਾਸੜ ਮੈਚ ਆਦਰਸ਼ਕ ਨਹੀਂ ਹਨ। ਪਾਕਿਸਤਾਨ ਅਤੇ ਆਸਟਰੇਲੀਆ ‘ਚ ਖੇਡੇ ਗਏ ਪਹਿਲੇ ਟੈੱਸਟ ਲਈ ਰਾਵਲਪਿੰਡੀ ਦੀ ਪਿੱਚ ਨੂੰ ਸਾਬਕਾ ਕਪਤਾਨ ਸਟੀਵਨ ਸਮਿਥ ਨੇ ਨਿਰਜੀਵ ਅਤੇ ਖ਼ਰਾਬ ਦੱਸਿਆ ਸੀ।
ਚੈਪਲ ਨੇ ਕਿਹਾ, ”ਟੈੱਸਟ ਕ੍ਰਿਕਟ ਸਿਰਫ਼ ਇੱਕ ਅੰਕੜਾ ਅਭਿਆਸ ਨਹੀਂ, ਅਤੇ ਸਾਰੇ ਮੈਚਾਂ ‘ਚ ਬੱਲੇ ਅਤੇ ਗੇਂਦ ਦਰਮਿਆਨ ਚੰਗੇ ਮੁਕਾਬਲੇ ਹੋਣੇ ਚਾਹੀਦੇ ਹਨ। ਅਜਿਹੇ ਵਿੱਚ ਕ੍ਰਿਕਟ ਜਗਤ ਦੇ ਅਨੁਸ਼ਾਸਕਾਂ ਦਾ ਮੁੱਖ ਕਾਰਜ ਇਹ ਪੱਕਾ ਕਰਨਾ ਹੈ ਕਿ ਇਸ ਖੇਡ ਦੇ ਕਾਨੂੰਨ/ਨਿਯਮ ਇਸ ਮੁਕਾਬਲੇ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ।”
ਉਨ੍ਹਾਂ ਕਿਹਾ, ”ਲੰਬੀਆਂ ਖੇਡਾਂ ‘ਚ ਪ੍ਰਤੀਭਾਗੀਆਂ ਨੂੰ ਪਹਿਲੀ ਗੇਂਦ ਨਾਲ ਜਿੱਤ ਹਾਸਿਲ ਕਰਨ ਦੀ ਡੂੰਘੀ ਚਾਹ ਦੀ ਲੋੜ ਹੁੰਦੀ ਹੈ। ਜੇਕਰ ਇੱਕ ਟੀਮ ਨੂੰ ਅੰਤ ਵੇਲੇ ਪਤਾ ਚੱਲਦਾ ਹੈ ਕਿ ਉਹ ਜਿੱਤ ਹਾਸਿਲ ਨਹੀਂ ਕਰ ਸਕਦੀ ਤਾਂ ਉਸ ਵਲੋਂ ਡਰਾਅ ਲਈ ਖੇਡ ਨੂੰ ਅੱਗੇ ਵਧਾਉਣਾ ਮੰਨਣਯੋਗ ਹੈ। ਪਿਛਲੇ ਕੁੱਝ ਸਾਲਾਂ ‘ਚ ਡਰਾਅ ਹੋਏ ਕੁੱਝ ਰੋਮਾਂਚਕ ਟੈੱਸਟਾਂ ਦੇ ਨਤੀਜੇ ਵਜੋਂ ਅੰਤਿਮ ਕੁੱਝ ਓਵਰਾਂ ‘ਚ ਘਮਾਸਾਨ ਅਤੇ ਰੋਮਾਂਚਕਾਰੀ ਸੰਘਰਸ਼ ਹੋਇਆ ਹੈ।”