ਨਵੀਂ ਦਿੱਲੀ: ਆਸਟ੍ਰੇਲੀਆ ਦੇ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਦਾ 4 ਮਾਰਚ ਨੂੰ 52 ਸਾਲ ਦੀ ਉਮਰ ‘ਚ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦੇ ਬਾਅਦ ਪੂਰੇ ਕ੍ਰਿਕਟ ਜਗਤ ਵਿੱਚ ਸੋਗ ਦੀ ਸਹਿਰ ਦੌੜ ਗਈ ਸੀ। ਉਥੇ ਹੀ ਇਸ ਦੌਰਾਨ ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ ਜਿਸ ‘ਚ ਉਨ੍ਹਾਂ ਨੇ ਸ਼ੇਨ ਵਾਰਨ ਦੀ ਬਜਾਏ ਮੁਥੱਈਆ ਮੁਰਲੀਧਰਨ ਨੂੰ ਸਰਵੋਤਮ ਸਪਿਨਰ ਕਿਹਾ ਸੀ। ਹਾਲਾਂਕਿ ਹੁਣ ਸੁਨੀਲ ਗਾਵਸਕਰ ਨੇ ਆਪਣੇ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ।
ਸੁਨੀਲ ਗਾਵਸਕਰ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਵਾਰਨ ਨੂੰ ਸਭ ਤੋਂ ਮਹਾਨ ਕਹਿਣ ਤੋਂ ਇਨਕਾਰ ਕਰਨ ‘ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਤੁਲਨਾ ਕਰਨ ਦਾ ਸਹੀ ਸਮਾਂ ਨਹੀਂ ਸੀ। ਗਾਵਸਕਰ ਨੇ ਆਪਣੇ ਬਿਆਨ ਦੀ ਆਲੋਚਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ”ਆਖਰਕਾਰ, ਇਹ ਸਵਾਲ ਨਹੀਂ ਪੁੱਛਿਆ ਜਾਣਾ ਚਾਹੀਦਾ ਸੀ ਅਤੇ ਮੈਨੂੰ ਇਸ ਦਾ ਜਵਾਬ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਇਹ ਕਿਸੇ ਵੀ ਤੁਲਨਾ ਜਾਂ ਮੁਲਾਂਕਣ ਲਈ ਸਹੀ ਸਮਾਂ ਨਹੀਂ ਸੀ। ਅਸੀਂ ਦੋ ਮਹਾਨ ਖਿਡਾਰੀ ਗੁਆ ਦਿੱਤੇ। ਰੌਡ ਮਾਰਸ਼ ਅਤੇ ਸ਼ੇਨ ਵਾਰਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”ਗਾਵਸਕਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਮਤਲਬ ਸਿਰਫ਼ ਇਮਾਨਦਾਰ ਰਾਏ ਦੇਣਾ ਸੀ। ਉਨ੍ਹਾਂ ਕਿਹਾ, ”TV ‘ਤੇ ਮੈਨੂੰ ਇੱਕ ਐਂਕਰ ਨੇ ਪੁੱਛਿਆ ਕਿ ਕੀ ਵਾਰਨ ਹੁਣ ਤਕ ਦੇ ਸਭ ਤੋਂ ਮਹਾਨ ਸਪਿਨਰ ਹਨ ਅਤੇ ਮੈਂ ਆਪਣੀ ਇਮਾਨਦਾਰ ਰਾਏ ਦੇ ਦਿੱਤੀ।”
ਦੱਸ ਦੇਈਏ ਕਿ ਗਵਾਸਕਰ ਕੋਲੋਂ ਪੁੱਛਿਆ ਗਿਆ ਸੀ ਕਿ ਕੀ ਉਹ ਵਾਰਨ ਨੂੰ ਹੁਣ ਤਕ ਦਾ ਸਭ ਤੋਂ ਮਹਾਨ ਸਪਿਨਰ ਮੰਨਦੇ ਹਨ? ਜਿਸ ‘ਤੇ ਗਾਵਸਕਰ ਨੇ ਕਿਹਾ ਸੀ ਕਿ ਉਹ ਭਾਰਤੀ ਸਪਿਨਰਾਂ ਅਤੇ ਸ਼੍ਰੀ ਲੰਕਾ ਦੇ ਮੁਥੱਈਆ ਮੁਰਲੀਧਰਨ ਨੂੰ ਵਾਰਨ ਤੋਂ ਉੱਪਰ ਰੱਖਣਗੇ। ਉਨ੍ਹਾਂ ਨੇ ਇੰਡੀਆ ਟੂਡੇ ਨੂੰ ਦੱਸਿਆ, ”ਮੈਂ ਅਜਿਹਾ ਨਹੀਂ ਕਹਾਂਗਾ।”ਗਾਵਸਕਰ ਨੇ ਕਿਹਾ, ”ਮੇਰੇ ਖ਼ਿਆਲ ‘ਚ, ਭਾਰਤੀ ਸਪਿਨਰ ਅਤੇ ਮੁਥੱਈਆ ਮੁਰਲੀਧਰਨ ਉਨ੍ਹਾਂ ਤੋਂ ਬਿਹਤਰ ਹਨ। ਇਸ ਦਾ ਕਾਰਨ ਇਹ ਹੈ ਕਿ ਭਾਰਤ ਖ਼ਿਲਾਫ਼ ਸ਼ੇਨ ਵਾਰਨ ਦਾ ਰਿਕਾਰਡ ਔਸਤ ਰਿਹਾ ਹੈ। ਉਨ੍ਹਾਂ ਨੇ ਭਾਰਤ ‘ਚ ਨਾਗਪੁਰ ‘ਚ ਸਿਰਫ਼ ਇੱਕ ਵਾਰ ਪੰਜ ਵਿਕਟਾਂ ਲਈਆਂ ਸਨ।”ਗਾਵਸਕਰ ਨੇ ਕਿਹਾ, ”ਭਾਰਤੀ ਬੱਲੇਬਾਜ਼ਾਂ ਖ਼ਿਲਾਫ਼ ਉਨ੍ਹਾਂ ਨੂੰ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਕਿਉਂਕਿ ਭਾਰਤੀ ਸਪਿਨ ਬਹੁਤ ਵਧੀਆ ਖੇਡਦੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਮਹਾਨ ਨਹੀਂ ਕਹਾਂਗਾ। ਮੁਥੱਈਆ ਮੁਰਲੀਧਰਨ ਭਾਰਤ ਖ਼ਿਲਾਫ਼ ਜ਼ਿਆਦਾ ਸਫ਼ਲ ਰਹੇ ਹਨ। ਮੈਂ ਉਨ੍ਹਾਂ ਨੂੰ ਵਾਰਨ ਤੋਂ ਉੱਪਰ ਰੱਖਾਂਗਾ।”