ਕੀ ਤੁਸੀਂ ਕਦੇ ਇਸ ਗੱਲ ਨੂੰ ਵਿਚਾਰਿਐ ਕਿ ਬਾਰਿਸ਼ ਤੋਂ ਬਾਅਦ ਸੂਰਜ ਕਿਓਂ ਚੜ੍ਹਦੈ? ਦਿਨ ਦੇ ਉਜਾਲੇ ਤੋਂ ਬਾਅਦ ਅਨ੍ਹੇਰਾ ਕਿਓਂ ਪੱਸਰਦੈ? ਕੁਝ ਹੱਦ ਤਕ ਤਾਂ ਇਸ ਲਈ ਕਿਉਂਕਿ ਇਹ ਬ੍ਰਹਿਮੰਡ ਸਾਨੂੰ ਆਪਣੇ ਨਿਤ ਬਦਲਦੇ ਸੁਭਾਅ ਬਾਰੇ ਚੇਤੇ ਕਰਵਾਉਣਾ ਚਾਹੁੰਦੈ। ਪਹਿਲਾਂ ਚੀਜ਼ਾਂ ਇੱਕ ਤਰ੍ਹਾਂ ਹੁੰਦੀਆਂ ਹਨ, ਫ਼ਿਰ ਉਹ ਆਪਣਾ ਬਿਲਕੁਲ ਵੱਖਰਾ ਪਾਸਾ ਦਿਖਾਉਂਦੀਆਂ ਹਨ। ਇਹੀ ਤਾਂ ਜੀਵਨ ਹੈ। ਸੋ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਵੀ ਹਾਲਾਤ ਬਦਲਣੇ ਕਿਓਂ ਨਹੀਂ ਚਾਹੀਦੇ? ਰੱਬ ਜਾਣਦੈ ਕਿ ਉਹ ਬਹੁਤ ਲੰਬੇ ਅਰਸੇ ਤੋਂ ਬਹੁਤ ਹੀ ਮੁਸ਼ਕਿਲ ਬਣੇ ਹੋਏ ਹਨ। ਕੀ ਤੁਸੀਂ ਖ਼ੁਸ਼ ਹੁੰਦੇ ਜੇ ਤੁਸੀਂ ਇਹ ਦੇਖ ਸਕਦੇ ਕਿ ਤਬਦੀਲੀ ਕਿਓਂ ਆਉਣ ਵਾਲੀ ਹੈ? ਪਰ ਜਦੋਂ ਅਸੀਂ ਚਾਹੁੰਦੇ ਹਾਂ, ਸਾਨੂੰ ਹਮੇਸ਼ਾ ਸਪੱਸ਼ਟੀਕਰਨ ਨਹੀਂ ਮਿਲਦੇ। ਅਤੇ ਸਾਨੂੰ ਉਹ ਹਮੇਸ਼ਾ ਚਾਹੀਦੇ ਵੀ ਨਹੀਂ ਹੁੰਦੇ!

ਇੱਕ ਪੁਰਾਣੀ ਕਹਾਵਤ ਹੈ, ”ਤੁਸੀਂ ਹਮੇਸ਼ਾ ਉਨ੍ਹਾਂ ਨੂੰ ਦੁਖੀ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।”ਹਮੇਸ਼ਾ? ਨਹੀਂ, ਨਿਰਸੰਦੇਹ ਨਹੀਂ, ਹਮੇਸ਼ਾ ਨਹੀਂ। ਕਈ ਵਾਰ ਤੁਸੀਂ ਅਜਿਹਾ ਨਹੀਂ ਕਰਦੇ ਬਲਕਿ ਕਈ ਵਾਰ ਉਹ ਤੁਹਾਨੂੰ ਦੁੱਖ ਦੇ ਜਾਂਦੇ ਨੇ! ਭਾਵਨਾਤਮਕ ਤੌਰ ‘ਤੇ ਕਿਸੇ ਦੇ, ਕਿਸੇ ਦੇ ਵੀ, ਨੇੜੇ ਹੋਣ ਦਾ ਅਰਥ ਹੈ ਕਮਜ਼ੋਰ ਹੋਣਾ। ਕਿਉਂਕਿ ਸਾਡੇ ‘ਚੋਂ ਕੋਈ ਵੀ ਮਹਾਤਮਾ ਨਹੀਂ, ਸਾਡੇ ‘ਚੋਂ ਕੋਈ ਵੀ ਅਣਜਾਣੇ ‘ਚ ਆਪਣੇ ਪਿਆਰਿਆਂ ਨੂੰ ਨਾਰਾਜ਼ ਕਰਨੋਂ ਬੱਚ ਨਹੀਂ ਸਕਦਾ। ਘਰੇਲੂ ਅਤੇ ਪਰਿਵਾਰਕ ਮੁਹਾਜ਼ ‘ਤੇ ਵਾਪਰ ਰਹੇ ਨਾਟਕ ਤੁਹਾਡੀ ਕਿਸੇ ਭਾਵਨਾਤਮਕ ਸ਼ਮੂਲੀਅਤ ਦੇ ਸੰਵੇਦਨਸ਼ੀਲ ਖੇਤਰ ‘ਚ ਤਨਾਅ ਅਤੇ ਦਬਾਅ ਪੈਦਾ ਕਰ ਰਹੇ ਹਨ। ਪਰ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ, ਤੁਹਾਨੂੰ ਜਲਦ ਹੀ ਇਹ ਅਹਿਸਾਸ ਹੋਣ ਵਾਲੈ ਕਿ ਕੋਈ ਖ਼ਾਸ ਵਚਨਬੱਧਤਾ ਸੱਚਮੁੱਚ ਕਿੰਨੀ ਤਾਕਤਵਰ ਹੈ।

ਤੁਸੀਂ ਖ਼ੁਦ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ? ਤੁਸੀਂ ਆਪਣੇ ਆਪ ‘ਚ ਕਿੰਨਾ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਖ਼ੁਦ ਨੂੰ ਕੇਵਲ ਓਹੀ ਦੱਸ ਰਹੇ ਹੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ? ਮੈਂ ਤੁਹਾਨੂੰ ਇਹ ਸਭ ਕੁਝ ਇਸ ਲਈ ਪੁੱਛ ਰਿਹਾਂ ਕਿਉਂਕਿ ਜ਼ਿੰਦਗੀ ਬਹੁਤ ਜ਼ਿਆਦਾ ਆਸਾਨ ਹੋ ਜਾਵੇਗੀ ਜੇ ਤੁਸੀਂ ਆਪਣੀਆਂ ਯੋਜਨਾਵਾਂ, ਵਿਚਾਰਾਂ ਅਤੇ ਰੀਝਾਂ ਨਾਲ ਵਧੇਰੇ ਸਹਿਜ ਮਹਿਸੂਸ ਕਰਨਾ ਸ਼ੁਰ ਕਰ ਦਿਓ। ਜੇਕਰ ਤੁਸੀਂ ਖ਼ੁਦ ਨੂੰ ਉਹ ਕਾਰਜ ਕਰਨ ਲਈ ਬਹਿਲਾ ਰਹੇ ਹੋ ਜਿਸ ਨੂੰ ਕਰਨ ‘ਚ ਤੁਹਾਡੀ ਸੱਚਮੁੱਚ ਕੋਈ ਦਿਲਚਸਪੀ ਨਹੀਂ, ਘਾਲਾਮਾਲਾ ਹੋਣਾ ਤਾਂ ਲਾਜ਼ਮੀ ਹੈ। ਜੇ ਤੁਸੀਂ ਕਿਸੇ ਰਸਤੇ ‘ਤੇ ਸਿਰਫ਼ ਇਸ ਲਈ ਚੱਲ ਰਹੇ ਹੋ ਕਿਉਂਕਿ ਤੁਹਾਨੂੰ ਲੱਗਦੈ ਕਿ ਤੁਹਾਨੂੰ ਅਜਿਹਾ ਕਰਨਾ ਚਾਹੀਦੈ, ਸ਼ਾਇਦ ਤੁਹਾਨੂੰ ਉਹ ਨਤੀਜੇ ਨਾ ਮਿਲਣ ਜਿਹੜੇ ਤੁਹਾਨੂੰ ਮਿਲਨੇ ਚਾਹੀਦੇ ਹਨ।

ਕਲਪਨਾ ਕਰੋ ਇੱਕ ਕਾਰ ਦੇ ਕੇਵਲ ਦੋ ਹੀ ਗੇਅਰ ਹਨ। ਪਹਿਲਾ ਅਤੇ ਚੌਥਾ। ਤੁਸੀਂ ਜਾਂ ਤਾਂ ਬਹੁਤ ਤੇਜ਼ ਰਫ਼ਤਾਰ ‘ਤੇ ਗੱਡੀ ਦੌੜਾ ਸਕਦੇ ਹੋ ਜਾਂ ਫ਼ਿਰ ਢਿਕਚੂੰ-ਢਿਕਚੂੰ ਕਰ ਸਕਦੇ ਹੋ। ਵਿਚਕਾਰਲਾ ਕੋਈ ਰਸਤਾ ਨਹੀਂ। ਇੰਝ ਤਾਂ ਕਿਤੇ ਵੀ ਪਹੁੰਚਣਾ ਸੌਖਾ ਨਹੀਂ ਹੋਵੇਗਾ। ਕਈ ਲੋਕਾਂ ਨੂੰ ਜਦੋਂ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦੈ ਤਾਂ ਉਹ ਤੇਜ਼ ਰਫ਼ਤਾਰ ਵਾਲਾ ਵਿਕਲਪ ਤਾਂ ਉੱਕਾ ਹੀ ਵਿਸਾਰ ਬੈਠਦੇ ਨੇ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਲੋੜੀਂਦਾ ਕੰਟਰੋਲ ਹੈ। ਹਾਲ ਹੀ ‘ਚ, ਤੁਸੀਂ ਵੀ ਆਪਣੇ ਕਿਸੇ ਲਾਗਲੇ ਰਿਸ਼ਤੇ ਦੇ ਇੰਜਨ ਦੀ ਖ਼ਸਤਾ ਹਾਲਤ ਦੇਖ ਕੇ ਅਸਹਿਜ ਮਹਿਸੂਸ ਕਰਨ ਲੱਗੇ ਹੋ। ਤੁਹਾਨੂੰ ਲਗਾਤਾਰ ਇਹ ਅਹਿਸਾਸ ਹੋ ਰਿਹੈ ਕਿ ਉਸ ਵਿਚਲੀਆਂ ਅਸੁਵਿਧਾਵਾਂ ਉਸ ਦੇ ਫ਼ਾਇਦਿਆਂ ਤੋਂ ਕਿਤੇ ਵੱਧ ਹਨ। ਪਰ ਡੂੰਘੇਰੀ ਅਤੇ ਕਿਤੇ ਵੱਧ ਸਿਰਜਣਾਤਮਕ ਸਦਭਾਵਨਾ ਪ੍ਰਾਪਤ ਕਰਨ ਦਾ ਇੱਕ ਰਾਹ ਹਾਲੇ ਵੀ ਮੌਜੂਦ ਹੈ।

ਕੀ ਕਦੇ ਤੁਹਾਡੀ ਇਕਾਗਰਤਾ ਭੰਗ ਹੋਈ ਹੈ? ਮੈਂ ਇਹ ਇਸ ਲਈ ਪੁੱਛ ਰਿਹਾਂ ਕਿਉਂਕਿ ਕਿਸੇ ਸੰਵੇਦਨਸ਼ੀਲ ਸਥਿਤੀ ‘ਚ ਹਲਕਾ ਜਿਹਾ ਵਿਘਨ ਵੀ ਬਹੁਤ ਵੱਡਾ ਫ਼ਰਕ ਪਾ ਜਾਂਦੈ। ਉਦਾਹਰਣ ਦੇ ਤੌਰ ‘ਤੇ, ਜਦੋਂ ਅਸੀਂ ਕਿਸੇ ਵਿਅਕਤੀ ਨੂੰ ਕਿਸੇ ਗ਼ਲਤ ਨਾਮ ਨਾਲ ਪੁਕਾਰ ਬੈਠੀਏ ਜਾਂ ਕੋਈ ਅਜਿਹਾ ਲਤੀਫ਼ਾ ਸੁਣਾ ਦੇਈਏ ਜਿਸ ਵਿੱਚ, ਸਾਡੀ ਮਨਸ਼ਾ ਦੇ ਉਲਟ, ਕਿਸੇ ਨੂੰ ਠੇਸ ਪਹੁੰਚਾਉਣ ਵਾਲੇ ਤੀਰ ਲੁਕੇ ਹੋਏ ਹੋਣ। ਅਜਿਹੀਆਂ ਸਾਰੀਆਂ ਗ਼ਲਤੀਆਂ ਉਨ੍ਹਾਂ ਪਲਾਂ ਨੂੰ ਜਨਮ ਦਿੰਦੀਆਂ ਹਨ ਜਦੋਂ ਅਸੀਂ ਕੇਵਲ ਇਹੀ ਇੱਛਾ ਕਰ ਸਕਦੇ ਹਾਂ ਕਿ ਕਾਸ਼ ਸਾਡੇ ਪੈਰਾਂ ਹੇਠਲੀ ਧਰਤੀ ਹੁਣੇ ਹੀ ਪਾਟ ਜਾਂਦੀ ਅਤੇ ਸਾਨੂੰ ਆਪਣੇ ‘ਚ ਸਮੋ ਲੈਂਦੀ। ਮੈਂ ਇਹ ਸੁਝਾਅ ਨਹੀਂ ਦੇ ਰਿਹਾ ਕਿ ਤੁਹਾਡੇ ਵਲੋਂ ਕੋਈ ਅਜਿਹਾ ਗੰਭੀਰ ਗ਼ਲਤ ਕਦਮ ਚੁੱਕੇ ਜਾਣ ਦਾ ਵੱਡਾ ਖ਼ਤਰਾ ਬਣਿਆ ਹੋਇਐ ਸਗੋਂ ਮੈਂ ਤਾਂ ਇਹ ਸੋਚਦਾਂ ਕਿ ਕਿਤੇ ਤੁਹਾਡੇ ਸੰਸਾਰ ਵਿਚਲਾ ਕੋਈ ਹੋਰ ਵਿਅਕਤੀ ਹਾਲ ਹੀ ‘ਚ ਥੋੜ੍ਹਾ ਜਿਹਾ ਅਸਾਵਧਾਨ ਤਾਂ ਨਹੀਂ ਰਿਹਾ। ਮੁਆਫ਼ ਕਰਨ ਦੇ ਮਾਮਲੇ ‘ਚ ਥੋੜ੍ਹੀ ਫ਼ਰਾਖ਼ਦਿਲੀ ਤੋਂ ਕੰਮ ਲਿਆ ਜੇ।