ਮੋਹਾਲੀ: ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੇ ਜ਼ਬਰਦਸਤ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤ ਨੂੰ ਸ਼੍ਰੀ ਲੰਕਾ ਖ਼ਿਲਾਫ਼ ਇੱਥੇ ਪਹਿਲੇ ਟੈੱਸਟ ਮੈਚ ‘ਚ ਤਿੰਨ ਦਿਨਾਂ ਦੇ ਅੰਦਰ ਇੱਕ ਪਾਰੀ ਤੇ 222 ਦੌੜਾਂ ਦੀ ਵੱਡੀ ਜਿੱਤ ਦਰਜ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਇਹ ਟੈੱਸਟ ਕ੍ਰਿਕਟ ‘ਚ ਉਸ ਦੀ ਪੰਜਵੀਂ ਸਭ ਤੋਂ ਵੱਡੀ ਜਿੱਤ ਹੈ। 2018 ‘ਚ ਭਾਰਤ ਨੇ ਵੈੱਸਟ ਇੰਡੀਜ਼ ਨੂੰ ਪਾਰੀ ਅਤੇ 222 ਦੌੜਾਂ ਨਾਲ ਹਰਾਇਆ ਸੀ ਜਿਹੜੀ ਇਤਿਹਾਸ ‘ਚ ਇਸ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਪੰਜ ਸਭ ਤੋਂ ਵੱਡੀਆਂ ਜਿੱਤਾਂ ‘ਚੋਂ ਤਿੰਨ ਜਿੱਤਾਂ ਤਾਂ ਪਿਛਲੇ ਪੰਜ ਸਾਲਾਂ ‘ਚ ਆਈਆਂ ਹਨ।
ਜਡੇਜਾ ਇੱਕ ਟੈੱਸਟ ਮੈਚ ‘ਚ 150 ਦੌੜਾਂ ਬਣਾਉਣ ਅਤੇ ਫ਼ਿਰ 9 ਵਿਕਟਾਂ ਲੈਣ ਵਾਲਾ ਵਿਸ਼ਵ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ 2014 ‘ਚ ਜ਼ਿੰਬਾਬਵੇ ਵਿਰੁੱਧ ਸ਼ਾਕਿਬ ਅਲ ਹਸਨ ਨੇ 124 ਦੌੜਾਂ ਦੇ ਕੇ 10 ਵਿਕਟਾਂ ਲਈਆਂ ਸਨ ਅਤੇ ਮੈਚ ‘ਚ ਕੁੱਲ 143 ਦੌੜਾਂ (137 ਅਤੇ 6) ਬਣਾਈਆਂ ਸਨ। ਇਹ ਸਤਵਾਂ ਮੌਕਾ ਸੀ ਜਦੋਂ ਕਿਸੇ ਖਿਡਾਰੀ ਨੇ ਟੈੱਸਟ ਮੈਚ ‘ਚ ਸੈਂਕੜਾ ਲਾਇਆ ਅਤੇ ਘੱਟ ਤੋਂ ਘੱਟ 9 ਵਿਕਟਾਂ ਲਈਆਂ। ਜਡੇਜਾ ਅਜਿਹਾ ਕਰਨ ਵਾਲਾ ਦੂਜਾ ਭਾਰਤੀ ਬਣ ਗਿਆ ਹੈ। ਇਸ ਤੋਂ ਪਹਿਲਾਂ 2011 ਇਤਿਹਾਸਕ ਟਾਈਡ ਟੈੱਸਟ ਮੈਚ ‘ਚ ਵੈੱਸਟ ਇੰਡੀਜ਼ ਖ਼ਿਲਾਫ਼ ਜਡੇਜਾ ਦੇ ਸਪਿਨ ਜੋੜੀਦਾਰ ਆਰ.ਅਸ਼ਵਿਨ ਨੇ 103 ਦੌੜਾਂ ਦੀ ਪਾਰੀ ਖੇਡੀ ਅਤੇ ਮੈਚ ‘ਚ 9 ਵਿਕਟਾਂ ਆਪਣੇ ਨਾਂ ਕੀਤੀਆਂ ਸਨ।
ਮੋਹਾਲੀ ‘ਚ ਖੇਡੇ ਗਏ ਚਾਰ ਟੈੱਸਟ ਮੈਚਾਂ ‘ਚੋਂ ਤਿੰਨ ਵਾਰ ਜਡੇਜਾ ਨੇ ਪਲੇਅਰ ਔਫ਼ ਦਾ ਮੈਚ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਉਹ 2013 ‘ਚ ਇਸ ਮੈਦਾਨ ‘ਤੇ ਖੇਡੇ ਗਏ ਆਪਣੇ ਪਹਿਲੇ ਟੈੱਸਟ ਮੈਚ ‘ਚ ਇਹ ਐਵਾਰਡ ਜਿੱਤਣ ‘ਚ ਸਫ਼ਲ ਰਿਹਾ ਸੀ ਹਾਲਾਂਕਿ ਉਸ ਤੋਂ ਬਾਅਦ ਅਗਲੇ ਤਿੰਨ ਟੈੱਸਟ ਮੈਚਾਂ ‘ਚ ਵੀ ਉਸ ਨੇ ਇਹ ਕਮਾਲ ਕੀਤਾ। ਦੱਖਣੀ ਅਫ਼ਰੀਕਾ ਵਿਰੁੱਧ 2015 ‘ਚ, ਇੰਗਲੈਂਡ ਵਿਰੁੱਧ 2016 ‘ਚ ਅਤੇ ਸ਼੍ਰੀ ਲੰਕਾ ਵਿਰੁੱਧ ਹੁਣ 2022 ‘ਚ। ਸਚਿਨ ਤੇਂਦੁਲਕਰ ਚਾਰ ਵਾਰ ਜਦਕਿ ਅਨਿਲ ਕੁੰਬਲੇ ਦਿੱਲੀ ‘ਚ ਤਿੰਨ ਵਾਰ ਪਲੇਅਰ ਔਫ਼ ਦਾ ਮੈਚ ਰਹੇ ਸਨ।
ਜਡੇਜਾ ਕਿਸੇ ਇੱਕ ਮੈਦਾਨ ‘ਤੇ ਲਗਾਤਾਰ ਤਿੰਨ ਐਵਾਰਡ ਜਿੱਤਣ ਵਾਲਾ ਸਿਰਫ਼ ਛੇਵਾਂ ਖਿਡਾਰੀ ਹੈ। 67.08 ਦਾ ਫ਼ਰਕ ਹੈ ਮੋਹਾਲੀ ‘ਚ ਖੇਡੇ ਗੇਏ ਟੈੱਸਟ ਮੈਚਾਂ ‘ਚ ਜਡੇਜਾ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਔਸਤ ਵਿਚਾਲੇ। ਇੱਥੇ ਚਾਰ ਮੈਚਾਂ ‘ਚ ਉਸ ਨੇ 81.75 ਦੀ ਔਸਤ ਨਾਲ 372 ਦੌੜਾਂ ਬਣਾਈਆਂ ਅਤੇ 14.66 ਦੀ ਔਸਤ ਨਾਲ 27 ਵਿਕਟਾਂ ਲਈਆਂ ਹਨ। ਕਿਸੇ ਇੱਕ ਮੈਦਾਨ ‘ਤੇ 300 ਦੌੜਾਂ ਬਣਾਉਣ ਅਤੇ 20 ਵਿਕਟਾਂ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ ‘ਚ ਸਿਰਫ਼ ਮਹਾਨ ਗੈਰੀ ਸੋਬਰਜ਼ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਔਸਤ ‘ਚ ਇਸ ਤੋਂ ਜ਼ਿਆਦਾ ਫ਼ਰਕ ਹੈ। ਸੋਬਰਜ਼ ਨੇ ਸਬੀਨਾ ਪਾਰਕ ‘ਚ 104.15 ਦੀ ਸ਼ਾਨਦਾਰ ਔਸਤ ਨਾਲ ਦੌੜਾਂ ਬਣਾਈਆਂ ਅਤੇ 32.55 ਦੀ ਔਸਤ ਨਾਲ ਗੇਂਦ ਦੇ ਨਾਲ ਸ਼ਿਕਾਰ ਕੀਤੇ ਹਨ।