ਧਰਮਸ਼ਾਲਾ: ਭਾਰਤ ਦੇ ਹਰਫ਼ਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੇ ਸ਼੍ਰੀ ਲੰਕਾ ਖ਼ਿਲਾਫ਼ ਤੀਜੇ ਅਤੇ ਆਖ਼ਰੀ T-20 ਮੈਚ ‘ਚ ਗੇਂਦਬਾਜ਼ੀ ਨਹੀਂ ਕੀਤੀ। ਟੀਮ ‘ਚ ਮੌਜੂਦ ਦੂਸਰੇ ਸਪਿਨਰਾਂ, ਰਵੀ ਬਿਸ਼ਨੋਈ ਅਤੇ ਕੁਲਦੀਪ ਯਾਦਵ, ਨੇ ਚਾਰ-ਚਾਰ ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ, ਪਰ ਜਡੇਜਾ ਨੇ ਇੱਕ ਓਵਰ ਵੀ ਨਹੀਂ ਕੀਤਾ। ਹੁਣ ਜਡੇਜਾ ਨੇ ਦੱਸਿਆ ਕਿ ਆਖ਼ਰੀ ਮੈਚ ‘ਚ ਉਸ ਨੇ ਗੇਂਦਬਾਜ਼ੀ ਕਿਉਂ ਨਹੀਂ ਕੀਤੀ।
ਜਡੇਜਾ ਨੇ ਕਿਹਾ, ”ਸਾਡੀ ਯੋਜਨਾ ਸੀ ਕਿ ਦੋਵੇਂ ਕਲਾਈ ਦੇ ਸਪਿਨਰਜ਼ ਰਵੀ ਬਿਸ਼ਨੋਈ ਅਤੇ ਕੁਲਦੀਪ ਯਾਦਵ ਨੂੰ ਮੈਚ ਦਾ ਅਭਿਆਸ ਹੋ ਸਕੇ। ਇਸ ਲਈ ਹੀ ਮੈਂ ਆਖ਼ਰੀ T-20 ਮੈਚ ‘ਚ ਗੇਂਦਬਾਜ਼ੀ ਨਹੀਂ ਕੀਤੀ। ਮੈਂ NCA ‘ਚ ਸਖ਼ਤ ਮਿਹਨਤ ਕੀਤੀ ਹੈ। ਉੱਥੋਂ ਦੇ ਟ੍ਰੇਨਰ ਕਾਫ਼ੀ ਮਦਦਗਾਰ ਸਨ। ਉਹ ਮੇਰੀ T-20 ਅਤੇ ਆਗਾਮੀ ਟੈੱਸਟ ਸੀਰੀਜ਼ ਲਈ ਤਿਆਰੀ ਸੀ।”
ਜ਼ਿਕਰਯੋਗ ਹੈ ਕਿ ਜਡੇਜਾ ਸੱਟ ਦੇ ਬਾਅਦ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਕਰ ਰਿਹੈ। ਸ਼੍ਰੀ ਲੰਕਾ ਖ਼ਿਲਾਫ਼ T-20 ਸੀਰੀਜ਼ ‘ਚ ਜਡੇਜਾ ਨੇ ਗੇਂਦ ਦੇ ਨਾਲ ਹੀ ਨਹੀਂ ਸਗੋਂ ਬੱਲੇ ਨਾਲ ਵੀ ਅਹਿਮ ਯੋਗਦਾਨ ਦਿੱਤਾ ਹੈ। ਉਸ ਸੀਰੀਜ਼ ‘ਚ ਕਪਤਾਨ ਰੋਹਿਤ ਸ਼ਰਮਾ ਨੇ ਜਡੇਜਾ ਨੂੰ ਉਸ ਦੇ ਅਸਲੀ 7ਵੇਂ ਨੰਬਰ ਦੀ ਬਜਾਏ ਉੱਪਰਲੇ ਕ੍ਰਮ ‘ਤੇ ਬੱਲੇਬਾਜ਼ੀ ਕਰਨ ਲਈ ਭੇਜਿਆ ਸੀ। ਜਡੇਜਾ ਨੇ ਵੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਹਮਲਾਵਰ ਪਾਰੀਆਂ ਖੇਡ ਟੀਮ ਨੂੰ ਜਿੱਤ ਦਿਵਾਈ।